ਖੁਦ ਨੂੰ ਅੱਗ ਲਾਉਣ ''ਤੇ ਉਤਾਰੂ ਹੋਇਆ ਸੰੰਡੇ ਬਾਜ਼ਾਰ ਦਾ ਦੁਕਾਨਦਾਰ

Monday, May 27, 2019 - 11:48 AM (IST)

ਖੁਦ ਨੂੰ ਅੱਗ ਲਾਉਣ ''ਤੇ ਉਤਾਰੂ ਹੋਇਆ ਸੰੰਡੇ ਬਾਜ਼ਾਰ ਦਾ ਦੁਕਾਨਦਾਰ

ਜਲੰਧਰ (ਖੁਰਾਣਾ)— ਨਗਰ ਨਿਗਮ ਪ੍ਰਸ਼ਾਸਨ ਜੋਤੀ ਚੌਕ, ਰੈਣਕ ਬਾਜ਼ਾਰ ਅਤੇ ਆਸ-ਪਾਸ ਦੇ ਖੇਤਰਾਂ 'ਚ ਲੱਗਦੇ ਸੰਡੇ ਬਾਜ਼ਾਰ ਨੂੰ ਬੰਦ ਕਰਵਾਉਣ 'ਚ ਅਸਫਲ ਰਿਹਾ ਸੀ, ਜਿਸ ਤੋਂ ਬਾਅਦ ਨਿਗਮ ਨੇ ਤੈਅ ਕੀਤਾ ਸੀ ਕਿ ਬਾਜ਼ਾਰਾਂ 'ਚ ਲੱਗਣ ਵਾਲੇ ਸੰਡੇ ਬਾਜ਼ਾਰ ਦੇ ਹਰ ਦੁਕਾਨਦਾਰ ਤੋਂ 1500 ਰੁਪਏ ਦੀ ਪਰਚੀ ਕਟਵਾਈ ਜਾਵੇਗੀ। ਹੁਣ ਤਹਿਬਾਜ਼ਾਰੀ ਸਟਾਫ 'ਤੇ ਮਨਮਾਨੇ ਢੰਗ ਨਾਲ ਪਰਚੀਆਂ ਕੱਟਣ ਦਾ ਦੋਸ਼ ਲਾਉਂਦੇ ਹੋਏ ਸੰਡੇ ਬਾਜ਼ਾਰ ਦੇ ਇਕ ਦੁਕਾਨਦਾਰ ਨੇ ਬਹੁਤ ਹੰਗਾਮਾ ਕੀਤਾ ਅਤੇ ਖੁਦ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ।
ਦੁਕਾਨਦਾਰ ਸੁਰਿੰਦਰ ਕੁਮਾਰ ਛਿੰਦਾ ਨੇ ਦੱਸਿਆ ਕਿ ਅਜੇ ਉਸ ਨੇ 'ਬੋਹਣੀ' ਵੀ ਨਹੀਂ ਕੀਤੀ ਸੀ ਕਿ ਨਿਗਮ ਅਧਿਕਾਰੀ ਪਰਚੀ ਕੱਟਣ ਆ ਗਏ। ਇਸ ਤੋਂ ਪਹਿਲਾਂ ਨਾਲ ਲੱਗਦੀ ਦੁਕਾਨ ਤੋਂ ਉਨ੍ਹਾਂ ਨੇ ਸਿਰਫ 200 ਜਾਂ 300 ਰੁਪਏ ਲੈ ਕੇ ਆਪਣੀ ਜੇਬ 'ਚ ਪਾ ਲਏ ਤੇ ਉਸ ਤੋਂ 1500 ਦੀ ਪਰਚੀ ਕਟਵਾਉਣ ਦੀ ਮੰਗ ਕਰਨ ਲੱਗੇ। ਜਦੋਂ ਉਸ ਨੇ ਬਾਅਦ 'ਚ ਪਰਚੀ ਕਟਵਾਉਣ ਲਈ ਕਿਹਾ ਤਾਂ ਨਿਗਮ ਅਧਿਕਾਰੀਆਂ ਨੇ ਉਸ ਦਾ ਸਾਮਾਨ ਪਲਟ ਦਿੱਤਾ, ਜਿਸ ਤੋਂ ਬਾਅਦ ਹੰਗਾਮਾ ਵਧ ਗਿਆ। ਬਾਕੀ ਦੁਕਾਨਦਾਰਾਂ ਨੇ ਵੀ ਨਿਗਮ ਅਧਿਕਾਰੀਆਂ ਦੇ ਰਵੱਈਏ ਦਾ ਵਿਰੋਧ ਕੀਤਾ। ਮਾਮਲਾ ਵਿਗੜਦਾ ਦੇਖ ਕੇ ਕਾਂਗਰਸੀ ਨੇਤਾ ਕਰਣ ਪਾਠਕ ਤੇ ਭਾਜਪਾ ਨੇਤਾ ਵਰਿੰਦਰ ਸ਼ਰਮਾ ਗੁੱਡੂ ਮੌਕੇ 'ਤੇ ਪਹੁੰਚੇ। ਸੰਡੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਪਰਚੀ ਕੱਟਣ ਵਾਲੇ ਨਿਗਮ ਦੇ ਅਧਿਕਾਰੀ ਕਈਆਂ ਨੂੰ ਇੰਝ ਹੀ ਛੱਡ ਦਿੰਦੇ ਹਨ, ਕਈਆਂ ਤੋਂ ਬਿਨਾਂ ਪਰਚੀ ਕਟਵਾ ਕੇ ਪੈਸੇ ਲੈ ਜਾਂਦੇ ਹਨ ਤੇ ਕਈਆਂ ਦਾ ਸਾਮਾਨ ਵੀ ਲੈ ਜਾਂਦੇ ਹਨ। ਇਸ ਕਾਰਨ ਬਾਜ਼ਾਰ 'ਚ ਕਾਫੀ ਸਮੇਂ ਤਕ ਹੰਗਾਮਾ ਚੱਲਦਾ ਰਿਹਾ ।
ਮੇਅਰ ਸਾਹਮਣੇ ਰੱਖਿਆ ਜਾਵੇਗਾ ਮਾਮਲਾ : ਪਾਠਕ
ਇਸੇ ਵਿਚਕਾਰ ਕਾਂਗਰਸੀ ਕੌਂਸਲਰ ਰਾਧਿਕਾ ਪਾਠਕ ਨੇ ਕਿਹਾ ਕਿ ਸਾਰਾ ਮਾਮਲਾ ਮੇਅਰ ਜਗਦੀਸ਼ ਰਾਜਾ ਦੇ ਧਿਆਨ 'ਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਤਹਿਬਾਜ਼ਾਰੀ ਸਟਾਫ ਵੱਲੋਂ ਬਾਜ਼ਾਰਾਂ ਤੇ ਸੰਡੇ ਬਾਜ਼ਾਰ ਦੇ ਦੁਕਾਨਦਾਰਾਂ ਤੋਂ ਨਿੱਜੀ ਤੌਰ 'ਤੇ ਵਸੂਲੀ ਕਰਨ ਦੀਆਂ ਸ਼ਿਕਾਇਤਾ ਮਿਲ ਰਹੀਆਂ ਹਨ, ਜਦਕਿ ਇਕ-ਇਕ ਪੈਸਾ ਨਿਗਮ ਦੇ ਖਾਤੇ 'ਚ ਜਮ੍ਹਾ ਹੋਣਾ ਚਾਹੀਦਾ ਹੈ।


author

shivani attri

Content Editor

Related News