ਸੁਖਬੀਰ ਬਾਦਲ ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਦੀ ਮੌਤ ''ਤੇ ਕਰ ਰਹੇ ਸਿਆਸਤ : ਸੁਖਜਿੰਦਰ ਰੰਧਾਵਾ

01/27/2020 3:45:58 PM

ਜਲੰਧਰ (ਚੋਪੜਾ)— ਪੰਜਾਬ ਦੇ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਨੀਵਾਰ ਸੈਂਟਰਲ, ਕੈਂਟ, ਵੈਸਟ ਅਤੇ ਨਾਰਥ ਵਿਧਾਨ ਸਭਾ ਹਲਕਿਆਂ 'ਚ 100 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੇ ਨੀਂਹ-ਪੱਥਰ ਰੱਖੇ। ਇਸ ਦੌਰਾਨ ਵਿਧਾਇਕ ਪਰਗਟ ਸਿੰਘ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਜੂਨੀਅਰ ਅਵਤਾਰ ਹੈਨਰੀ, ਮੇਅਰ ਜਗਦੀਸ਼ ਰਾਜਾ ਅਤੇ ਹੋਰ ਕਾਂਗਰਸੀ ਆਗੂ ਅਤੇ ਨਿਗਮ ਅਧਿਕਾਰੀ ਮੌਜੂਦ ਸਨ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਦੀ ਮੌਤ 'ਤੇ ਸੁਖਬੀਰ ਬਾਦਲ ਸਿਆਸਤ ਕਰ ਰਹੇ ਹਨ, ਜਦੋਂਕਿ ਬਾਦਲ ਸਰਕਾਰ ਦੇ ਰਾਜ ਵਿਚ ਹੀ ਇਹ ਗੋਲੀਕਾਂਡ ਹੋਇਆ ਸੀ। ਹੁਣ ਗਵਾਹ ਦੀ ਮੌਤ 'ਤੇ ਸੁਖਬੀਰ ਕਿਸ ਮੂੰਹ ਨਾਲ ਉਸ ਦੇ ਘਰ ਜਾ ਕੇ ਅਫਸੋਸ ਕਰ ਰਹੇ ਹਨ।

ਪੰਜਾਬ ਦੀਆਂ ਜੇਲਾਂ 'ਚ ਮੋਬਾਇਲ ਅਤੇ ਹੋਰ ਇਤਰਾਜ਼ਯੋਗ ਸਾਮਾਨ ਅਤੇ ਕੈਦੀਆਂ ਦੀ ਮੋਬਾਇਲ ਨਾਲ ਵੀਡੀਓ ਵਾਇਰਲ ਹੋਣ ਦੇ ਮਾਮਲੇ 'ਚ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜੇਲਾਂ 'ਚ ਸੁਰੱਖਿਆ ਨੂੰ ਵਧਾਉਣ ਲਈ ਜੇਲਾਂ 'ਚ ਸਰੀਰਕ ਸਕੈਨਰ, ਜੈਮਰ ਅਤੇ ਅਤਿ-ਆਧੁਨਿਕ ਮਸ਼ੀਨਰੀ ਉਪਲਬਧ ਕਰਵਾਉਣਾ ਪਹਿਲਾਂ ਹੀ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਜੇਲ 'ਚ ਕੈਦੀਆਂ ਕੋਲੋਂ ਜਾਂ ਉਨ੍ਹਾਂ ਦੇ ਵਾਰਸਾਂ ਕੋਲੋਂ ਕੋਈ ਪਾਬੰਦੀਸ਼ੁਦਾ ਸਾਮਾਨ ਫੜਿਆ ਜਾਂਦਾ ਹੈ ਤਾਂ ਉਸ ਨੂੰ ਰਿਕਾਰਡ ਵਿਚ ਲਿਆ ਕੇ ਐੱਫ.ਆਈ. ਆਰ. ਦਰਜ ਕੀਤੀ ਜਾਵੇਗੀ। ਿਵਧਾਇਕ ਸੁਰਜੀਤ ਧੀਮਾਨ ਦੇ ਬਗਾਵਤੀ ਸੁਰਾਂ 'ਤੇ ਰੰਧਾਵਾ ਨੇ ਟਿੱਪਣੀ ਕਰਦਿਆਂ ਕਿਹਾ ਕਿ ਵਿਧਾਇਕ ਧੀਮਾਨ ਮੁੱਖ ਮੰਤਰੀ ਦੇ ਕਰੀਬੀ ਹਨ ਪਰ ਉਨ੍ਹਾਂ ਦੇ ਅਜਿਹੇ ਵਿਚਾਰ ਉਨ੍ਹਾਂ ਦੀ ਨਿੱਜੀ ਰਾਏ ਹੋ ਸਕਦੇ ਹਨ, ਪਾਰਟੀ ਪੂਰੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਜਨਮ ਦਿਨ 18 ਅਪ੍ਰੈਲ 2021 ਨੂੰ ਵੱਡੇ ਪੱਧਰ 'ਤੇ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਸਾਲ ਭਰ ਚੱਲਣ ਵਾਲੇ ਪ੍ਰੋਗਰਾਮ ਦਾ ਆਰੰਭ 12 ਅਪ੍ਰੈਲ ਤੋਂ ਹੋਵੇਗਾ ਅਤੇ ਇਸ ਦੀ ਰੂਪ ਰੇਖਾ ਅਤੇ ਪ੍ਰਬੰਧਾਂ ਨੂੰ ਪੂਰਾ ਕਰਨ ਸਬੰਧੀ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ।

PunjabKesari

ਰੰਧਾਵਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੀ. ਏ. ਏ. ਅਤੇ ਐੱਨ. ਆਰ. ਸੀ. 'ਤੇ ਜਨਤਾ ਨੂੰ ਧਰਮ ਅਤੇ ਜਾਤੀਵਾਦ ਦੇ ਨਾਂ 'ਤੇ ਵੰਡਣਾ ਚਾਹੁੰਦੀ ਹੈ ਪਰ ਘੱਟ ਗਿਣਤੀ ਵਰਗਾਂ ਨਾਲ ਸਬੰਧਤ ਇਨ੍ਹਾਂ ਮਸਲਿਆਂ 'ਤੇ ਸਿਰਫ ਸੱਤਾ ਸੁੱਖ ਦੀ ਖਾਤਿਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਚੁੱਪ ਵੱਟੀ ਬੈਠੇ ਹਨ। ਉਨ੍ਹਾਂ ਦੋਸ਼ ਲਾਏ ਕਿ ਬਾਦਲ ਪਰਿਵਾਰ ਬਿਜਲੀ ਦੇ ਮਾਮਲਿਆਂ ਵਿਚ ਸੂਬੇ ਦੀ ਜਨਤਾ ਨੂੰ ਗੁੰਮਰਾਹ ਕਰ ਰਿਹਾ ਹੈ,ਜਦੋਂਕਿ ਬਾਦਲ ਸਰਕਾਰ ਨੇ ਹੀ ਨਿੱਜੀ ਕੰਪਨੀਆਂ ਦੇ ਨਾਲ ਐੱਮ. ਓ. ਯੂ. ਸਾਈਨ ਕੀਤੇ ਸਨ, ਜਿਸ ਨਾਲ ਸੂਬੇ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਿਸੰਘ ਭੁੱਲਰ, ਨਗਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਕੌਂਸਲਰ ਸੁਸ਼ੀਲ ਕਾਲੀਆ, ਕੌਂਸਲਰ ਦੀਪਕ ਸ਼ਾਰਦਾ, ਵਿਕਰਮ ਖਹਿਰਾ, ਸਲਿਲ ਬਾਹਰੀ, ਮਨੋਜ ਬਾਹਰੀ, ਸਮੀਰ ਸੂਰੀ, ਸ਼ੋਰੀ ਬ੍ਰਦਰਜ਼, ਰਾਜ ਕੁਮਾਰ ਰਾਜੂ, ਮਹਿੰਦਰ ਸਿੰਘ ਗੁੱਲੂ, ਕੌਂਸਲਰ ਮਿੰਟੂ ਜੁਨੇਜਾ, ਕੌਂਸਲਰ ਮਨਮੋਹਨ ਸਿੰਘ ਰਾਜੂ, ਗੁਰਨਾਮ ਸਿੰਘ ਮੁਲਤਾਨੀ, ਅਰੁਣ ਜੈਨ, ਮਨਦੀਪ ਜੱਸਲ, ਰਾਜੇਸ਼ ਭੱਟੀ ਆਦਿ ਮੌਜੂਦ ਸਨ।

4 ਵਿਧਾਨ ਸਭਾ ਹਲਕਿਆਂ 'ਚ ਕਿਹੜੇ-ਕਿਹੜੇ ਵਿਕਾਸ ਕੰਮਾਂ ਦਾ ਰੱਖਿਆ ਨੀਂਹ-ਪੱਥਰ
ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸੈਂਟਰਲ ਵਿਧਾਨ ਸਭਾ ਹਲਕੇ ਨਾਲ ਸਬੰਧਤ ਵੱਖ-ਵੱਖ ਵਾਰਡਾਂ ਵਿਚ ਹੋਣ ਵਾਲੇ 33.9 ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਨੀਂਹ ਪੱਥਰ ਲਾਡੋਵਾਲੀ ਰੋਡ ਿਵਚ ਰੱਖਿਆ। ਕੈਂਟ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਅਰਬਨ ਅਸਟੇਟ ਫੇਜ਼-1 ਗ੍ਰੀਨ ਬੈਲਟ ਨੂੰ ਵਧਾਉਣ ਲਈ ਜਲੰਧਰ ਸਮਾਰਟ ਸਿਟੀ ਦੇ ਅਧੀਨ 12.74 ਕਰੋੜ ਦੇ ਪ੍ਰਾਜੈਕਟ, 120 ਫੁੱਟੀ ਰੋਡ 'ਤੇ ਟ੍ਰੰਕ ਸਟਾਰਮ ਵਾਟਰ ਡ੍ਰੇਨੇਜ਼ ਅਤੇ ਹੋਰ 20.37 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੇ ਨੀਂਹ-ਪੱਥਰ ਰੱਖੇ ਗਏ। ਕੈਬਨਿਟ ਮੰਤਰੀ ਨੇ ਡੀ. ਏ. ਵੀ. ਕਾਲਜ ਫਲਾਈਓਵਰ ਨੇੜੇ ਸਮਾਰਟ ਸੜਕ ਅਤੇ ਹੋਰ ਏਰੀਆ ਦਾ 36.16 ਕਰੋੜ ਦੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖੇ। ਰੰਧਾਵਾ ਨੇ ਕਿਹਾ ਕਿ ਸੂਬੇ ਦੇ ਵਿਕਾਸ ਕੰਮਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਅਤੇ ਦਿਹਾਤੀ ਖੇਤਰ ਦੇ ਸਮੁੱਚੇ ਵਿਕਾਸ ਲਈ ਯੋਜਨਾ ਬਣਾਈ ਗਈ ਹੈ। ਅਗਲੇ 2 ਸਾਲਾਂ ਦੌਰਾਨ ਸੂਬੇ ਦੇ ਵਿਕਾਸ ਵਿਚ ਹੋਰ ਤੇਜ਼ੀ ਆਵੇਗੀ।


shivani attri

Content Editor

Related News