ਚੰਨੀ ਸਰਕਾਰ ਤੇ ਕਾਂਗਰਸ ਵਿਚਾਲੇ ਛਿੜੀ ਜੰਗ ਲੋਕਾਂ ’ਤੇ ਭਾਰੂ ਪੈਣ ਲੱਗੀ : ਸੁਖਬੀਰ ਬਾਦਲ
Friday, Oct 08, 2021 - 10:24 AM (IST)
ਜਲੰਧਰ (ਲਾਭ ਸਿੰਘ ਸਿੱਧੂ)– ਪੰਜਾਬ ਦੀ ਚੰਨੀ ਸਰਕਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਵਿਚਾਲੇ ਉੱਚ ਅਫ਼ਸਰਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਛਿੜੀ ਜੰਗ ਠੰਡੀ ਹੋਣ ਦਾ ਨਾਂ ਨਹੀਂ ਲੈ ਰਹੀ ਅਤੇ ਇਹ ਲੜਾਈ ਹੁਣ ਪੰਜਾਬ ਦੀ ਜਨਤਾ ’ਤੇ ਭਾਰੂ ਪੈ ਰਹੀ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅੱਜ ਇਥੇ ਦੋਆਬਾ ਜ਼ੋਨ ਦੇ ਅਕਾਲੀ-ਬਸਪਾ ਉਮੀਦਵਾਰਾਂ ਦੀ ਇਕ ਉੱਚ ਪੱਧਰੀ ਮੀਟਿੰਗ ਉਪਰੰਤ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਹੀ।
ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਵਿਚ ਵਿਕਾਸ ਕੰਮ ਠੱਪ ਹੋ ਗਏ ਅਤੇ ਹੁਣ ਪੰਜਾਬ ਨੂੰ ਲੁੱਟਣ ਦੀਆਂ ਸਕੀਮਾਂ ਹੀ ਕਾਂਗਰਸੀਆਂ ਵੱਲੋਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਵੇਂ ਮੰਤਰੀ ਅਜੇ ਤੱਕ ਆਪਣੇ ਹਲਕਿਆਂ ਵਿਚ ਨਹੀਂ ਪਹੁੰਚੇ ਕਿਉਂਕਿ ਉਹ ਆਪੋ-ਆਪਣੇ ਮਹਿਕਮਿਆਂ ਵਿਚ ਅਫ਼ਸਰਾਂ ਦੀਆਂ ਬਦਲੀਆਂ ਦੇ ਚੱਕਰ ਵਿਚ ਹੀ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਡੇਢ-ਦੋ ਮਹੀਨਿਆਂ ਵਾਸਤੇ ਕੋਈ ਅਫਸਰ ਲੱਗਣ ਲਈ ਤਿਆਰ ਨਹੀਂ ਹੈ ਅਤੇ ਜਿਹੜੇ ਪਹਿਲਾਂ ਲਾਏ ਗਏ ਹਨ, ਉਹ ਵੀ ਬਦਲੀਆਂ ਕਰਵਾਉਣ ਲਈ ਤਰਲੋ-ਮੱਛੀ ਹੋ ਰਹੇ ਹਨ।
ਇਹ ਵੀ ਪੜ੍ਹੋ: ਉੱਪ ਮੁੱਖ ਮੰਤਰੀ ਰੰਧਾਵਾ ਦੀ ਕੇਂਦਰ ਨੂੰ ਚਿਤਾਵਨੀ, ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲਿਆ ਤਾਂ ਅੰਦੋਲਨ ਹੋਵੇਗਾ ਹੋਰ ਤੇਜ਼
ਸਿੱਧੂ ਚਾਹੁੰਦੈ ਮੇਰੇ ਇਸ਼ਾਰਿਆਂ 'ਤੇ ਨੱਚੇ ਸੂਬਾ ਸਰਕਾਰ
ਮੁੱਖ ਮੰਤਰੀ ਚੰਨੀ ਉੱਚ ਅਹੁਦਿਆਂ ’ਤੇ ਜਿਹੜੇ ਅਫ਼ਸਰਾਂ ਨੂੰ ਲਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲੱਗਣ ਨਹੀਂ ਦੇ ਰਿਹਾ ਅਤੇ ਉਨ੍ਹਾਂ ਦਾ ਵਿਰੋਧ ਕਰ ਰਿਹਾ ਹੈ ਕਿਉਂਕਿ ਸਿੱਧੂ ਵਿਚ ‘ਮੈਂ’ ਬਹੁਤ ਭਾਰੂ ਹੋ ਚੁੱਕੀ ਹੈ। ਉਹ ਚਾਹੁੰਦਾ ਹੈ ਕਿ ਸੂਬਾ ਸਰਕਾਰ ਮੇਰੇ ਇਸ਼ਾਰਿਆਂ ’ਤੇ ਚੱਲੇ, ਜਦੋਂ ਕਿ ਮੁੱਖ ਮੰਤਰੀ ਚੰਨੀ ਅਤੇ ਦੂਜੇ ਮੰਤਰੀ ਚਾਹੁੰਦੇ ਹਨ ਕਿ ਨਿਯੁਕਤੀਆਂ ਉਨ੍ਹਾਂ ਦੀ ਮਰਜ਼ੀ ਮੁਤਾਬਕ ਹੀ ਹੋਣ। ਇਸ ਲਈ ਇਹ ਲੜਾਈ ਹੁਣ ਰੁਕਣ ਦਾ ਨਾਂ ਨਹੀਂ ਲਵੇਗੀ, ਸਗੋਂ ਆਉਣ ਵਾਲੇ ਦਿਨਾਂ ਵਿਚ ਹੋਰ ਤਿੱਖੀ ਹੋਵੇਗੀ।
ਇਹ ਵੀ ਪੜ੍ਹੋ: ਸ਼ੱਕ ਦੀਆਂ ਨਜ਼ਰਾਂ ’ਚ ਹਨ ਪੰਜਾਬ ਕਾਂਗਰਸ ਦੇ ਐਲਾਨ, ਉੱਠਣ ਲੱਗੇ ਕਈ ਸਵਾਲ
ਸੁਖਬੀਰ ਬਾਦਲ ਨੇ ਦੋਆਬਾ ਜ਼ੋਨ ਦੇ 23 ਹਲਕਿਆਂ ਵਿਚ ਚੱਲ ਰਹੀਆਂ ਪਾਰਟੀ ਦੀਆਂ ਚੋਣ ਸਰਗਰਮੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਪਾਰਟੀ ਉਮੀਦਵਾਰਾਂ ਨੂੰ ਕਿਹਾ ਕਿ ਉਹ ਆਪੋ-ਆਪਣੇ ਹਲਕਿਆਂ ਵਿਚ ਲੋਕਾਂ ਨਾਲ ਨੇੜਿਓਂ ਰਾਬਤਾ ਬਣਾਉਣ ਅਤੇ ਉਨ੍ਹਾਂ ਦੇ ਹਰ ਦੁੱਖ-ਸੁੱਖ ਵਿਚ ਸ਼ਾਮਲ ਹੋਣ। ਉਨ੍ਹਾਂ ਦੋਆਬੇ ਦੇ ਸਾਰੇ ਹਲਕਿਆਂ ਵਿਚ ਅਕਾਲੀ-ਬਸਪਾ ਆਗੂਆਂ ਦੀਆਂ ਬਣਾਈਆਂ ਗਈਆਂ ਕੋਆਡੀਨੇਸ਼ਨ ਕਮੇਟੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਹਲਕਿਆਂ ਵਿਚ 1 ਜਾਂ 2 ਦਿਨਾਂ ਬਾਅਦ ਆਪਸੀ ਮੀਟਿੰਗ ਜ਼ਰੂਰ ਕਰਨ ਤਾਂ ਜੋ ਕਿਤੇ ਵੀ ਹਲਕੇ ਵਿਚ ਪਾਈ ਜਾ ਰਹੀ ਊਣਤਾਈ ਦਾ ਪਤਾ ਲੱਗ ਸਕੇ ਅਤੇ ਇਨ੍ਹਾਂ ਛੋਟੀਆਂ-ਮੋਟੀਆਂ ਦਿੱਕਤਾਂ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਪਾਰਟੀ ਆਗੂਆਂ ਨੂੰ ਬਸਪਾ ਦੀਆਂ ਸੀਟਾਂ ’ਤੇ ਵੀ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ ਤਾਂ ਕਿ ਇਹ ਸੀਟਾਂ ਜਿੱਤੀਆਂ ਜਾ ਸਕਣ।
ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਤੇ ਫਗਵਾੜਾ ਹਲਕੇ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ, ਕੈਂਟ ਹਲਕੇ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ, ਨਕੋਦਰ ਹਲਕੇ ਦੇ ਉਮੀਦਵਾਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਆਦਮਪੁਰ ਹਲਕੇ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਅਤੇ ਜਲੰਧਰ ਸੈਂਟਰਲ ਹਲਕੇ ਦੇ ਉਮੀਦਵਾਰ ਚੰਦਨ ਗਰੇਵਾਲ ਤੋਂ ਇਲਾਵਾ ਦੋਵਾਂ ਪਾਰਟੀਆਂ ਦੇ ਹੋਰ ਆਗੂ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਧਰੀ ਧਰਾਈ ਰਹਿ ਗਈ ਕੈਪਟਨ ਅਮਰਿੰਦਰ ਸਿੰਘ ਦੀ ਇਹ ਪਲਾਨਿੰਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ