ਸਬ-ਇੰਸਪੈਕਟਰ ਦੀ ਪਤਨੀ ਕੋਲੋਂ ਲੁੱਟੇ 1.07 ਲੱਖ ਰੁਪਏ ਤੇ 50 ਅਮਰੀਕੀ ਡਾਲਰ

12/07/2018 4:17:46 AM

ਜਲੰਧਰ, (ਮਹੇਸ਼)- ਕਪੂਰਥਲਾ ’ਚ ਤਾਇਨਾਤ ਪੰਜਾਬ ਪੁਲਸ ਦੇ ਸਬ-ਇੰਸਪਕੈਟਰ ਸੁਖਜਿੰਦਰ  ਸਿੰਘ ਦੀ ਪਤਨੀ ਕਮਲਜੀਤ ਕੌਰ ਵੀਰਵਾਰ ਦਿਨ-ਦਿਹਾੜੇ ਰਾਮਾ ਮੰਡੀ ਬਾਜ਼ਾਰ ’ਚ ਲੁੱਟ ਦਾ  ਸ਼ਿਕਾਰ ਹੋ ਗਈ। ਜੋਗਿੰਦਰ ਨਗਰ ਰਾਮਾ ਮੰਡੀ ਵਾਸੀ ਪੁਲਸ ਅਧਿਕਾਰੀ ਦੀ ਪਤਨੀ ਕਮਲਜੀਤ ਕੌਰ  ਘਰ ’ਚ ਹੀ ਬੁਟੀਕ ਦਾ ਕੰਮ ਕਰਦੀ ਹੈ। ਉਸ ਦੀਆਂ ਤਿੰਨ ਬੇਟੀਆਂ ਹਨ। ਇਕ ਬੇਟੀ ਅਮਰੀਕਾ  ’ਚ ਰਹਿੰਦੀ ਹੈ, ਜਦੋਂਕਿ ਦੋ ਬੇਟੀਆਂ ਤੇ ਉਨ੍ਹਾਂ ਦੇ ਘਰ ਕਿਰਾਏ ’ਤੇ ਰਹਿੰਦੀ ਇਕ ਨਵੀਂ  ਵਿਆਹੀ ਲੜਕੀ ਉਸ ਨਾਲ  ਵਾਰਦਾਤ ਸਮੇਂ ਮੌਜੂਦ ਸਨ। ਉਹ ਸਾਰੇ ਜੋਤੀ ਚੌਕ ’ਚ ਸ਼ਾਪਿੰਗ  ਕਰਨ ਤੋਂ ਬਾਅਦ ਆਟੋ ਵਿਚ ਬੈਠ ਕੇ ਆਪਣੇ ਘਰ ਜਾ ਰਹੀਆਂ ਸਨ। ਬਾਅਦ ਦੁਪਹਿਰ 3.30 ਵਜੇ  ਹੋਈ ਇਸ ਵਾਰਦਾਤ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ ਪਰ ਪੁਲਸ ਮੁਲਾਜ਼ਮ ਵਾਰਦਾਤ  ਤੋਂ ਪੌਣੇ  ਘੰਟੇ ਬਾਅਦ ਮੌਕੇ ’ਤੇ ਪਹੁੰਚੇ। ਕਮਲਜੀਤ ਕੌਰ ਮੁਤਾਬਕ ਬਾਈਕ  ਸਵਾਰ ਲੁਟੇਰੇ ਨੇ ਹੈਲਮੇਟ ਪਾਇਆ ਸੀ। ਉਸ ਨੇ ਆਟੋ ’ਚ ਉਸ ਦੀ ਬਾਂਹ ’ਚ ਪਾਇਆ ਪਰਸ ਝਪਟ  ਲਿਆ, ਜਿਸ ਵਿਚ 1 ਲੱਖ 7 ਹਜ਼ਾਰ ਰੁਪਏ ਦੀ ਨਕਦੀ, 50 ਅਮਰੀਕੀ ਡਾਲਰ, 3  ਏ. ਟੀ. ਐੈੱਮ. ਕਾਰਡ, ਬੈਂਕ ਦੇ ਸੇਵਿੰਗ ਖਾਤੇ ਦੀਆਂ ਦੋ ਪਾਸਬੁੱਕਾਂ, ਇਕ  ਕਰੈਡਿਟ  ਕਾਰਡ ਤੇ ਬੁਟੀਕ ਨਾਲ ਜੁੜੇ ਲੈਣ-ਦੇਣ ਦੀ ਕਾਪੀ ਸੀ। ਪਤਾ ਲੱਗਾ ਹੈ ਕਿ ਪੁਲਸ ਨੇ ਸਬ-ਇੰਸਪੈਕਟਰ ਦੀ ਪਤਨੀ ਕਮਲਜੀਤ ਕੌਰ ਦੇ ਬਿਆਨਾਂ ’ਤੇ ਥਾਣਾ ਰਾਮਾ ਮੰਡੀ ’ਚ ਕੇਸ ਦਰਜ ਕਰ  ਲਿਆ ਹੈ ਪਰ ਪੁਲਸ ਨੇ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਕੀਤੀ। 
ਚੱਲਦੇ ਆਟੋ ’ਚੋਂ ਡਿੱਗੀ ਕਮਲਜੀਤ ਕੌਰ
ਲੁਟੇਰੇ  ਫਰਾਰ ਹੋਣ ਤੋਂ ਬਾਅਦ ਲੁੱਟ ਦਾ ਸ਼ਿਕਾਰ ਹੋਈ ਕਮਲਜੀਤ ਕੌਰ ਚੱਲਦੇ ਆਟੋ ’ਚੋਂ ਹੇਠਾਂ  ਡਿੱਗ ਪਈ ਪਰ ਆਟੋ ਚਾਲਕ ਦੇ ਤੁਰੰਤ ਰੁਕ ਜਾਣ ਕਾਰਨ ਬੇਟੀਆਂ ਨੇ ਉਸ ਨੂੰ ਚੁੱਕਿਆ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ। ਕਮਲਜੀਤ ਕੌਰ ਨੂੰ ਮਾਮੂਲੀ ਸੱਟਾਂ  ਲੱਗੀਆਂ ਹਨ। ਕਮਲਜੀਤ ਕੌਰ ਨੇ ਕਿਹਾ ਕਿ ਹੈਲਮੇਟ ਪਾਇਆ ਹੋਣ ਕਾਰਨ ਉਹ ਲੁਟੇਰੇ  ਦਾ ਚਿਹਰਾ ਚੰਗੀ ਤਰ੍ਹਾਂ ਨਹੀਂ ਦੇਖ ਸਕੀ। ਬੇਟੀਆਂ ਦੇ ਦੱਸਣ ਮੁਤਾਬਕ ਲੁਟੇਰਾ ਸਪਲੈਂਡਰ  ਮੋਟਰਸਾਈਕਲ ’ਤੇ ਸਵਾਰ ਸੀ।  ਵਾਰਦਾਤ  ਨੂੰ ਅੰਜਾਮ ਦੇਣ ਤੋਂ ਬਾਅਦ  ਮੌਕੇ ਤੋਂ ਤੇਜ਼ ਰਫਤਾਰ ਬਾਈਕ ’ਤੇ ਫਰਾਰ ਹੋਏ ਲੁਟੇਰੇ ਦਾ  ਉਥੇ ਇਕੱਠੀ ਹੋਈ ਭੀੜ ਨੇ  ਪਿੱਛਾ ਵੀ ਕੀਤਾ ਪਰ ਉਹ ਗਲੀਆਂ ’ਚ ਵੜ ਗਿਆ, ਜਿਸ ਤੋਂ ਬਾਅਦ  ਪਤਾ ਹੀ ਨਹੀਂ ਲੱਗਾ ਕਿ  ਉਹ ਕਿੱਥੇ ਚਲਾ ਗਿਆ।
ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋਇਆ ਲੁਟੇਰਾ
ਰਾਮਾ ਮੰਡੀ  ਬਾਜ਼ਾਰ ’ਚ ਜਿਵੇਂ ਹੀ ਨਿਊ ਕ੍ਰਿਸ਼ਨਾ ਸਵੀਟਸ ਸ਼ਾਪ ’ਚ ਲੱਗੇ ਸੀ. ਸੀ. ਟੀ. ਵੀ. ਨੂੰ ਪੁਲਸ ਵਲੋਂ ਖੰਗਾਲਿਆ ਗਿਆ ਤਾਂ ਲੁਟੇਰਾ  ਫੁਟੇਜ ਉਸ ’ਚ ਕੈਦ ਸੀ। ਲੁਟੇਰੇ  ਨੇ ਪੀਲੇ ਰੰਗ ਦੀ ਟੀ-ਸ਼ਰਟ ਤੇ ਹਾਫ ਬਾਜ਼ੂ ਦਾ ਕਾਲੇ ਰੰਗ ਦਾ ਕੋਟ ਤੇ ਸਿਰ ’ਤੇ ਹੈਲਮੇਟ  ਪਾਇਆ ਹੋਇਆ ਸੀ। ਉਸ ਦੀ ਉਮਰ 20 ਤੋਂ 30 ਸਾਲ ਲਗਦੀ ਹੈ। ਪੁਲਸ ਨੇ ਫੁਟੇਜ ਲੈ ਕੇ ਉਸ ਦੀ  ਭਾਲ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਪੁਲਸ ਦੇ ਹੱਥ ਨਹੀਂ ਲੱਗਾ ਹੈ।  

6 ਸਾਲ ਪਹਿਲਾਂ ਹੋਈ 3 ਲੱਖ ਦੀ ਚੋਰੀ ਵੀ ਨਹੀਂ ਹੋਈ ਟਰੇਸ
ਸਬ  ਇੰਸ. ਸੁਖਜਿੰਦਰ ਸਿੰਘ ਮੁਤਾਬਕ 6 ਸਾਲ ਪਹਿਲਾਂ ਵੀ ਉਨ੍ਹਾਂ ਦੇ ਘਰ ਚੋਰੀ ਹੋਈ ਸੀ  ਤੇ ਚੋਰ 50 ਹਜ਼ਾਰ ਦੀ ਨਕਦੀ ਤੇ ਢਾਈ ਲੱਖ ਦੇ ਸੋਨੇ ਦੇ ਗਹਿਣੇ ਲੈ ਗਏ ਸਨ। ਉਹ  ਵਾਰਦਾਤ ਅਜੇ ਤੱਕ ਟਰੇਸ ਨਹੀਂ ਹੋਈ ਹੈ। ਉਸ ਸਮੇਂ ਉਹ ਰਿਸ਼ਤੇਦਾਰੀ ’ਚ ਤਰਨਤਾਰਨ ਗਏ ਹੋਏ  ਸਨ। ਚੌਥੇ ਦਿਨ ਘਰ ਵਾਪਸ ਆਏ ਤਾਂ ਚੋਰਾਂ ਨੇ ਘਰ ’ਚ ਹੱਥ ਸਾਫ ਕੀਤਾ ਹੋਇਆ ਸੀ। 
 


Related News