ਆਈਲੈੱਟਸ ਦਾ ਵਿਦਿਆਰਥੀ ਕਰਦਾ ਸੀ ਲੁੱਟ ਦੀਆਂ ਵਾਰਦਾਤਾਂ, ਕਾਬੂ
Friday, Jul 28, 2023 - 06:42 PM (IST)

ਗੁਰਾਇਆ (ਮੁਨੀਸ਼, ਹੇਮੰਤ) : ਇਲਾਕੇ ’ਚ ਲੁੱਟ ਦੀਆਂ ਵਾਰਦਾਤਾਂ ਨੂੰ ਬੇਖੌਫ਼ ਹੋ ਕਿ ਅੰਜਾਮ ਦੇਣ ਵਾਲਾ ਲੁਟੇਰਾ ਲੋਕਾਂ ਤੇ ਪੁਲਸ ਅੜਿੱਕੇ ਆ ਗਿਆ। ਗੁਰਾਇਆ ਦੇ ਰੁੜਕਾ ਰੋਡ ’ਤੇ ਜਿਵੇਂ ਹੀ ਰੇਲਵੇ ਫਾਟਕ ਖੁੱਲ੍ਹਿਆ ਤਾਂ ਰਾਮ ਬਾਜ਼ਾਰ ਨੇੜੇ ਫਾਟਕ ਵਲੋਂ ਆਏ ਇਕ ਲੁਟੇਰੇ ਨੇ ਦਿਨ-ਦਿਹਾੜੇ ਇਕ ਕੁੜੀ ਦਾ ਪਰਸ ਖੋਹ ਲਿਆ ਤੇ ਉਸ ਨੂੰ ਕਾਫੀ ਦੂਰ ਤੱਕ ਘੜੀਸ ਕੇ ਲੈ ਗਿਆ, ਜਿਸ ਕਾਰਨ ਉਹ ਜ਼ਖਮੀ ਹੋ ਗਈ, ਜਿਸ ਨੇ ਰੌਲਾ ਪਾਇਆ ਤਾਂ ਬਾਜ਼ਾਰ ’ਚ ਖੜ੍ਹੇ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਦਾ ਪਿੱਛਾ ਕੀਤਾ ਤੇ ਪੁਲਸ ਦੀ ਮਦਦ ਨਾਲ ਬੱਸ ਸਟੈਂਡ ’ਤੇ ਉਸ ਨੂੰ ਕਾਬੂ ਕਰ ਲਿਆ। ਇਸ ਸਬੰਧੀ ਕੁੜੀ ਰਜਨੀਸ਼ ਕੌਰ ਪੁੱਤਰੀ ਹਰਜਿੰਦਰ ਕੁਮਾਰ ਵਾਸੀ ਪਿੰਡ ਦੰਦੂਵਾਲ ਥਾਣਾ ਨੂਰਮਹਿਲ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਬੈਂਕ ਆਫ ਬੜੌਦਾ ’ਚ ਕੰਮ ਕਰਦੀ ਹੈ। ਉਹ ਆਪਣੀ ਭੈਣ ਨੂੰ ਮਿਲਣ ਲਈ ਗੁਰਾਇਆ ਆਈ ਸੀ, ਜਦੋਂ ਉਹ ਗੁਰਾਇਆ ਦੇ ਮੁੱਖ ਚੌਕ ਵੱਲ ਜਾ ਰਹੀ ਸੀ ਤਾਂ ਰੇਲਵੇ ਫਾਟਕ ਖੁੱਲ੍ਹਿਆ ਤਾਂ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਨੇ ਉਸ ਦਾ ਪਰਸ ਪਿੱਛੇ ਤੋਂ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਪਰਸ ਨਹੀਂ ਛੱਡਿਆ ਤਾਂ ਉਹ ਉਸ ਨੂੰ ਸੜਕ ’ਤੇ ਘੜੀਸ ਕੇ ਕਾਫੀ ਦੂਰ ਤੱਕ ਲੈ ਗਿਆ, ਜਿਸ ਕਾਰਨ ਉਹ ਜ਼ਖਮੀ ਹੋ ਗਈ, ਜਿਸ ਕਰ ਕੇ ਉਸ ਨੇ ਆਪਣਾ ਪਰਸ ਛੱਡ ਦਿੱਤਾ। ਉਸ ਦੇ ਰੌਲਾ ਪਾਉਣ ’ਤੇ ਬਾਜ਼ਾਰ ’ਚ ਖੜ੍ਹੇ ਕੁਝ ਨੌਜਵਾਨਾਂ ਨੇ ਨੌਜਵਾਨ ਦਾ ਪਿੱਛਾ ਕੀਤਾ ਤੇ ਉਸ ਨੂੰ ਕਾਬੂ ਕਰ ਲਿਆ। ਉਸ ਨੇ ਦੱਸਿਆ ਕਿ ਪਰਸ ’ਚ 2200 ਦੀ ਨਕਦੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ: ਸੀਵਰੇਜ ਗੈਸ ਚੜ੍ਹਨ ਕਾਰਨ ਮਚੀ ਹਾਹਾਕਾਰ, ਇਕ ਦੀ ਮੌਤ
ਫੜੇ ਗਏ ਨੌਜਵਾਨ ਦੀ ਪਛਾਣ ਮਨਵੀਰ ਸਿੰਘ ਉਰਫ ਮੰਨਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਸੈਦੋਵਾਲ ਥਾਣਾ ਨੂਰਮਹਿਲ ਵਜੋਂ ਹੋਈ ਹੈ, ਜਿਸ ਕੋਲੋਂ ਲੁੱਟਿਆ ਹੋਇਆ ਪਰਸ ਤੇ 2200 ਰੁਪਏ, ਬੁਲੇਟ ਮੋਟਰਸਾਈਕਲ ਬਰਾਮਦ ਹੋਇਆ ਹੈ, ਜਿਸ ਦੇ ਖਿਲਾਫ ਗੁਰਾਇਆ ਥਾਣੇ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਜਿਵੇਂ ਹੀ ਸ਼ਹਿਰ ’ਚ ਇਹ ਪਤਾ ਲੱਗਾ ਕਿ ਪੁਲਸ ਨੇ ਬੁਲੇਟ ਮੋਟਰਸਾਈਕਲ ਵਾਲੇ ਲੁਟੇਰੇ ਨੂੰ ਕਾਬੂ ਕਰ ਲਿਆ ਹੈ ਤਾਂ ਇਸ ਦਾ ਸ਼ਿਕਾਰ ਹੋਈਆਂ ਔਰਤਾਂ ਤੇ ਲੜਕੀਆਂ ਨੇ ਥਾਣੇ ’ਚ ਜੰਮ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਇਸ ਦੀ ਲੁੱਟ ਦੇ ਸ਼ਿਕਾਰ ਲੋਕਾਂ ਦੀ ਲਿਸਟ ਲੰਮੀ ਹੁੰਦੀ ਗਈ। ਮਨਵੀਰ ਦਾ ਬੁਲੇਟ ਮੋਟਰਸਾਈਕਲ ਉਸ ਦਾ ਹੀ ਦੱਸਿਆ ਜਾ ਰਿਹਾ ਹੈ, ਜੋ ਘਰੋਂ ਆਈਲੈਟਸ ਕਰਨ ਲਈ ਆਉਂਦਾ ਸੀ, ਜਿਸ ਕੋਲੋਂ ਆਈਲੈਟਸ ਦੀਆਂ ਕਿਤਾਬਾਂ ਵੀ ਬਰਾਮਦ ਹੋਈਆਂ ਹਨ, ਜਿਸ ਦਾ ਭਰਾ ਵਿਦੇਸ਼ ’ਚ ਰਹਿੰਦਾ ਹੈ, ਜਿਸ ਦਾ ਪੁਲਸ ਰਿਮਾਂਡ ਲੈ ਕੇ ਅੱਗੇ ਪੁੱਛਗਿਛ ਕੀਤੀ ਜਾ ਰਹੀ ਹੈ ।
ਇਹ ਵੀ ਪੜ੍ਹੋ : ਪਤੀ ਨਾਲ ਮਾਮੂਲੀ ਤਕਰਾਰ ਤੋਂ ਬਾਅਦ 3 ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8