ਖੇਡਣ ਗਿਆ ਵਿਦਿਆਰਥੀ ਅਗਵਾ, ਕੇਸ ਦਰਜ
Monday, Aug 13, 2018 - 11:35 AM (IST)

ਜਲੰਧਰ (ਮਹੇਸ਼)— ਉਪਕਾਰ ਨਗਰ ਖੇਤਰ 'ਚ 9ਵੀਂ ਕਲਾਸ ਦੇ ਇਕ ਵਿਦਿਆਰਥੀ ਦੇ ਅਗਵਾ ਹੋਣ ਦੇ ਮਾਮਲੇ 'ਚ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਅਣਪਛਾਤੇ ਅਗਵਾਕਾਰਾਂ ਨੂੰ ਆਈ. ਪੀ. ਸੀ. ਦੀ ਧਾਰਾ 365 ਤਹਿਤ ਨਾਮਜ਼ਦ ਕੀਤਾ ਗਿਆ। ਐੱਸ. ਐੱਚ. ਓ. ਰੁਪਿੰਦਰ ਸਿੰਘ ਰਾਮਾ ਮੰਡੀ ਨੇ ਦੱਸਿਆ ਕਿ ਲੇਡੀਜ਼ ਕੱਪੜਿਆਂ ਦੀ ਕੱਢਾਈ ਦਾ ਕੰਮ ਕਰਦੇ ਉਪਕਾਰ ਨਗਰ ਵਾਸੀ ਦਲੀਪ ਕੁਮਾਰ ਪੁੱਤਰ ਰਾਮ ਵਲਭ ਪਟੇਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਹ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਕਾਫੀ ਸਮੇਂ ਤੋਂ ਜਲੰਧਰ 'ਚ ਪਰਿਵਾਰ ਸਮੇਤ ਰਹਿ ਰਿਹਾ ਹੈ। ਉਸ ਦਾ ਬੇਟਾ ਅਭਿਸ਼ੇਕ ਸੂਰਿਆ ਐਨਕਲੇਵ ਸਥਿਤ ਸਰਵਹਿਤਕਾਰੀ ਵਿਦਿਆ ਮੰਦਰ 'ਚ 9ਵੀਂ ਕਲਾਸ ਵਿਚ ਪੜ੍ਹਦਾ ਹੈ। 10 ਅਗਸਤ ਨੂੰ ਉਹ ਸਕੂਲ ਤੋਂ ਘਰ ਆਇਆ ਅਤੇ ਖਾਣਾ ਖਾਣ ਤੋਂ ਬਾਅਦ ਖੇਡਣ ਚਲਾ ਗਿਆ। ਦੇਰ ਸ਼ਾਮ ਤੱਕ ਜਦ ਉਹ ਵਾਪਸ ਘਰ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਦਲੀਪ ਨੇ ਕਿਹਾ ਕਿ ਉਸ ਦੇ ਬੇਟੇ ਨੂੰ ਕੋਈ ਅਗਵਾ ਕਰ ਕੇ ਲੈ ਗਿਆ ਹੈ।