ਮੈਡੀਕਲ ਸਟਾਫ਼ ਦੀ ਘਾਟ ਨਾਲ ਜੂਝ ਰਿਹੈ ਈ. ਐੱਸ. ਆਈ. ਹਸਪਤਾਲ, 68 ਪੋਸਟਾਂ ਪਈਆਂ ਖਾਲੀ

Friday, Feb 10, 2023 - 05:00 PM (IST)

ਮੈਡੀਕਲ ਸਟਾਫ਼ ਦੀ ਘਾਟ ਨਾਲ ਜੂਝ ਰਿਹੈ ਈ. ਐੱਸ. ਆਈ. ਹਸਪਤਾਲ, 68 ਪੋਸਟਾਂ ਪਈਆਂ ਖਾਲੀ

ਜਲੰਧਰ (ਸੁਰਿੰਦਰ)–ਈ. ਐੱਸ. ਆਈ. ਹਸਪਤਾਲ ਵਿਚ ਮੈਡੀਕਲ ਸਟਾਫ਼ ਨਾ ਹੋਣ ਕਾਰਨ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟਾਫ਼ ਦੀ ਘਾਟ ਹੋਣ ਕਾਰਨ ਮਰੀਜ਼ਾਂ ਨੂੰ ਡਾਕਟਰ ਅਤੇ ਨਰਸਾਂ ਵੀ ਚੰਗੇ ਢੰਗ ਨਾਲ ਦੇਖ ਨਹੀਂ ਪਾ ਰਹੀਆਂ ਸਨ ਅਤੇ ਨਾ ਹੀ ਉਨ੍ਹਾਂ ਦਾ ਚੈੱਕਅਪ ਸਹੀ ਢੰਗ ਨਾਲ ਹੋ ਪਾ ਰਿਹਾ ਹੈ ਪਰ ਇਸ ਦੇ ਬਾਵਜੂਦ ਜਿੰਨਾ ਵੀ ਸਟਾਫ਼ ਹਸਪਤਾਲ ਵਿਚ ਕੰਮ ਕਰ ਰਿਹਾ ਹੈ, ਉਹ ਆਪਣੀਆਂ ਸੇਵਾਵਾਂ ਲਈ 24 ਘੰਟੇ ਤਿਆਰ ਰਹਿੰਦਾ ਹੈ। ਡਾਕਟਰਾਂ ਅਨੁਸਾਰ ਈ. ਐੱਸ. ਆਈ. ਹਸਪਤਾਲ ਵਿਚ ਰੋਜ਼ਾਨਾ 350 ਤੋਂ ਵੱਧ ਮਰੀਜ਼ਾਂ ਦੀ ਓ. ਪੀ. ਡੀ. ਹੋ ਰਹੀ ਹੈ। ਗਰਮੀਆਂ ਵਿਚ ਓ. ਪੀ. ਡੀ. 500 ਤੱਕ ਪਹੁੰਚ ਜਾਂਦੀ ਹੈ। ਹਸਪਤਾਲ ਵਿਚ ਮੈਡੀਕਲ ਸਟਾਫ਼ ਦੀਆਂ 100 ਦੇ ਲਗਭਗ ਪੋਸਟਾਂ ਹਨ, ਜਿਨ੍ਹਾਂ ਵਿਚੋਂ 68 ਖਾਲੀ ਹਨ ਅਤੇ ਇਸ ਸਮੇਂ ਸਿਰਫ਼ 32 ਮੈਡੀਕਲ ਸਟਾਫ਼ ਹੀ ਡਿਊਟੀ ਦੇ ਰਿਹਾ ਹੈ, ਭਾਵ 70 ਫ਼ੀਸਦੀ ਸਟਾਫ਼ ਦੀ ਘਾਟ ਹੈ। ਮੈਡੀਕਲ ਸੁਪਰਡੈਂਟ ਡਾ. ਜਸਮਿੰਦਰ ਸਿੰਘ ਅੱਤਰੀ ਨੇ ਦੱਸਿਆ ਕਿ ਹਰ ਮਹੀਨੇ ਸਟਾਫ਼ ਦੀ ਘਾਟ ਦੀ ਰਿਪੋਰਟ ਬਣਾ ਕੇ ਭੇਜੀ ਜਾਂਦੀ ਹੈ। ਲਗਭਗ 9 ਮਹੀਨਿਆਂ ਤੋਂ ਉਹ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ, ਉਦੋਂ ਤੋਂ ਲੈ ਕੇ ਹੁਣ ਤੱਕ ਕਈ ਵਾਰ ਸਟਾਫ਼ ਘੱਟ ਹੋਣ ਬਾਰੇ ਲਿਖਿਆ ਜਾ ਚੁੱਕਾ ਹੈ।

PunjabKesari

ਕਈ ਡਿਸਪੈਂਸਰੀਆਂ ’ਚ ਨਹੀਂ ਹਨ ਫਾਰਮੇਸੀ ਅਫਸਰ
ਡਾ. ਜਸਮਿੰਦਰ ਸਿੰਘ ਅੱਤਰੀ ਨੇ ਦੱਸਿਆ ਕਿ ਕਈ ਡਿਸਪੈਂਸਰੀਆਂ ਅਜਿਹੀਆਂ ਹਨ, ਜਿਨ੍ਹਾਂ ਵਿਚ ਫਾਰਮੇਸੀ ਅਫਸਰ ਹੀ ਨਹੀਂ ਹਨ। 1 ਨੰਬਰ ਵਾਲੀ ਡਿਸਪੈਂਸਰੀ ਦੇ ਅਫਸਰ ਨੂੰ ਕਈ ਵਾਰ 5 ਨੰਬਰ ’ਚ ਭੇਜਿਆ ਜਾਂਦਾ ਹੈ ਅਤੇ ਕਈ ਵਾਰ 4 ਨੰਬਰ ਵਾਲੇ ਅਫਸਰ ਨੂੰ 1 ਨੰਬਰ ਅਤੇ 2 ਨੰਬਰ ਵਾਲੀ ਡਿਸਪੈਂਸਰੀ ’ਚ। ਫੋਕਲ ਪੁਆਇੰਟ ਵਾਲੀ ਡਿਸਪੈਂਸਰੀ ਵਿਚ ਫਾਰਮੇਸੀ ਅਫਸਰ ਨਹੀਂ ਹਨ। ਇਸਦੇ ਬਾਵਜੂਦ ਉਥੇ ਮਰੀਜ਼ਾਂ ਨੂੰ ਹਰ ਹਾਲਤ ਵਿਚ ਦਵਾਈਆਂ ਦੇਣ ਲਈ ਫਾਰਮੇਸੀ ਅਧਿਕਾਰੀ ਨੂੰ ਭੇਜਿਆ ਜਾਂਦਾ ਹੈ ਤਾਂ ਕਿ ਮਰੀਜ਼ ਪ੍ਰੇਸ਼ਾਨ ਨਾ ਹੋਣ।

ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਦੋਮੋਰੀਆ ਪੁਲ ਨੇੜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਫਗਵਾੜਾ, ਜਲੰਧਰ ਅਤੇ ਕਪੂਰਥਲਾ ਦੇ ਡਾਕਟਰ ਹਮੀਰਾ ਵਿਚ ਦਿੰਦੇ ਹਨ ਸੇਵਾਵਾਂ
ਡਾ. ਜਸਮਿੰਦਰ ਸਿੰਘ ਅੱਤਰੀ ਨੇ ਦੱਸਿਆ ਕਿ ਹਮੀਰਾ ਵਿਚ ਮੈਡੀਕਲ ਅਫਸਰ ਹੈ ਹੀ ਨਹੀਂ। ਫਗਵਾੜਾ ਦੇ ਮੈਡੀਕਲ ਅਫਸਰ 3 ਦਿਨ, ਕਪੂਰਥਲਾ ਦੇ ਮੈਡੀਕਲ ਅਫਸਰ ਇਕ ਦਿਨ ਅਤੇ ਜਲੰਧਰ ਦੇ 2 ਦਿਨ ਆਪਣੀਆਂ ਸੇਵਾਵਾਂ ਦੇਣ ਲਈ ਪਹੁੰਚ ਰਹੇ ਹਨ। ਕਈ ਵਾਰ ਪ੍ਰੇਸ਼ਾਨੀ ਆਉਂਦੀ ਹੈ ਪਰ ਉਸਨੂੰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਵੀ ਕੀਤੀ ਜਾਂਦੀ ਹੈ।

PunjabKesari

ਲੱਖਾਂ ਰੁਪਏ ਲਾ ਕੇ ਵਾਰਡ ਵਿਚ ਕੀਤਾ ਜਾ ਰਿਹੈ ਰੰਗ-ਰੋਗਨ
ਈ. ਐੱਸ. ਆਈ. ਹਸਪਤਾਲ ਨੂੰ ਸੁੰਦਰ ਬਣਾਉਣ ਲਈ ਲੱਖਾਂ ਰੁਪਏ ਲਾ ਕੇ ਰੰਗ-ਰੋਗਨ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮਰੀਜ਼ਾਂ ਨੂੰ ਹੋਰ ਵਾਰਡਾਂ ਵਿਚ ਸ਼ਿਫਟ ਕੀਤਾ ਗਿਆ। ਰਾਤ ਦੇ ਸਮੇਂ 2 ਹੀ ਸਟਾਫ਼ ਨਰਸ ਮੌਜੂਦ ਹੁੰਦੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਜ਼ਰੂਰਤ ਪਵੇ ਤਾਂ ਬਾਕੀ ਸਟਾਫ ਨੂੰ ਵੀ ਬੁਲਾ ਲਿਆ ਜਾਂਦਾ ਹੈ।

PunjabKesari

ਮੈਡੀਕਲ ਸਟਾਫ਼ ’ਚੋਂ ਇਨ੍ਹਾਂ ਕਰਮਚਾਰੀਆਂ ਦੀ ਹੈ ਘਾਟ
-ਈ. ਐੱਸ. ਆਈ. ਹਸਪਤਾਲ ਵਿਚ ਮੈਡੀਕਲ ਸਟਾਫ਼ ਦੀਆਂ 100 ਪੋਸਟਾਂ ਹਨ, ਜਿਨ੍ਹਾਂ ਵਿਚੋਂ ਨਰਸਿੰਗ ਸਿਸਟਰ ਦੀਆਂ 6 ਪੋਸਟਾਂ ਹਨ, ਜਿਹੜੀਆਂ ਸਾਰੀਆਂ ਹੀ ਖਾਲੀ ਹਨ।
-ਨਰਸਿੰਗ ਸਟਾਫ਼ ਦੀਆਂ 25 ਪੋਸਟਾਂ ਹਨ, ਜਿਨ੍ਹਾਂ ਵਿਚੋਂ 14 ਸਟਾਫ ਨਰਸਾਂ ਹਨ ਅਤੇ 11 ਖਾਲੀ ਪਈਆਂ ਹਨ।
-ਫਾਰਮੇਸੀ ਅਫਸਰ ਦੀਆਂ 8 ਪੋਸਟਾਂ ਹਨ, ਜਿਨ੍ਹਾਂ ਵਿਚੋਂ 3 ਹੀ ਭਰੀਆਂ ਹਨ, ਬਾਕੀ 5 ਖਾਲੀ ਪਈਆਂ ਹਨ।
-ਵਾਰਡ ਕਰਮਚਾਰੀਆਂ ਦੀਆਂ 41 ਪੋਸਟਾਂ ਹਨ, ਜਿਨ੍ਹਾਂ ਵਿਚੋਂ 5 ਭਰੀਆਂ ਹਨ ਅਤੇ ਬਾਕੀ 36 ਖਾਲੀ ਪਈਆਂ ਹਨ।
-ਸਟਾਫ਼ ਕਰਮਚਾਰੀਆਂ ਦੀਆਂ 20 ਪੋਸਟਾਂ ਹਨ, ਜਿਨ੍ਹਾਂ ਵਿਚੋਂ 10 ਭਰੀਆਂ ਹੋਈਆਂ ਹਨ ਅਤੇ 10 ਖਾਲੀ ਪਈਆਂ ਹੋਈਆਂ ਹਨ।

ਇਹ ਵੀ ਪੜ੍ਹੋ : ਜਲੰਧਰ: ਨਿੱਕੀ ਜਿਹੀ ਗੱਲ ਪਿੱਛੇ ਹੋਇਆ ਵਿਵਾਦ ਤਾਂ ਜੀਪ ਵਾਲੇ ਨੇ ਕਰ 'ਤਾ ਕਾਂਡ, ਵੇਖਦੇ ਰਹਿ ਗਏ ਲੋਕ (ਵੀਡੀਓ)

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News