ਸਡ਼ਕ ਪਾਰ ਕਰਦਿਆਂ ਵਾਹਨ ਦੀ ਲਪੇਟ ’ਚ ਆ ਕੇ ਮਜ਼ਦੂਰ ਦੀ ਮੌਤ

05/15/2019 2:03:01 AM

ਹੁਸ਼ਿਆਰਪੁਰ, (ਅਮਰਿੰਦਰ)- ਹੁਸ਼ਿਆਰਪੁਰ-ਜਲੰਧਰ ਮੁੱਖ ਮਾਰਗ ’ਤੇ ਕਸਬਾ ਨਸਰਾਲਾ ਵਿਖੇ ਅੱਜ ਸਵੇਰੇ 11 ਵਜੇ ਦੇ ਕਰੀਬ ਸਡ਼ਕ ਪਾਰ ਕਰਦਿਆਂ ਪਹਿਲਾਂ ਕਿਸੇ ਹੋਰ ਵਾਹਨ ਦੀ ਲਪੇਟ ’ਚ ਆ ਕੇ ਸਡ਼ਕ ’ਤੇ ਡਿੱਗ ਕੇ ਮਿੰਨੀ ਬੱਸ ਹੇਠਾਂ ਆ ਜਾਣ ਨਾਲ ਇਕ ਮਜ਼ਦੂਰ ਨਸੀਬ ਚੰਦਰ ਪੁੱਤਰ ਸਵਰਨ ਰਾਮ ਵਾਸੀ ਨਸਰਾਲਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਨਿੱਜੀ ਕੰਪਨੀ ਦੀ ਐਂਬੂਲੈਂਸ ਰਾਹੀਂ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਇਲਾਜ ਦੌਰਾਨ ਥੋਡ਼੍ਹੀ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਨਸਰਾਲਾ ਪੁਲਸ ਚੌਕੀ ਤੋਂ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੇਖਿਆ ਨਹੀਂ ਜਾ ਰਿਹਾ ਸੀ ਮਾਂ ਦਾ ਵਿਰਲਾਪ

ਸਿਵਲ ਹਸਪਤਾਲ ਵਿਖੇ ਮ੍ਰਿਤਕ ਦੀ ਬਜ਼ੁਰਗ ਮਾਤਾ ਸਿਮਰੋ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ। ਉਸ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਰੋਂਦੇ ਹੋਏ ਦੱਸਿਆ ਕਿ ਨਸੀਬ ਮਿਸਤਰੀ ਦਾ ਕੰਮ ਕਰਦਾ ਸੀ। ਅੱਜ ਸਵੇਰੇ 9 ਵਜੇ ਘਰੋਂ ਕਿਸੇ ਕੰਮ ਲਈ ਸ਼ਹਿਰ ਆਇਆ ਸੀ ਅਤੇ ਵਾਪਸੀ ਸਮੇਂ ਨਸਰਾਲਾ ਵਿਖੇ ਥ੍ਰੀ-ਵ੍ਹੀਲਰ ਉੱਤੋਂ ਉਤਰ ਕੇ ਜਦੋਂ ਸਡ਼ਕ ਪਾਰ ਕਰ ਰਿਹਾ ਸੀ ਤਾਂ ਸਾਹਮਣਿਓਂ ਆ ਰਹੇ ਕਿਸੇ ਵਾਹਨ ਦੀ ਫੇਟ ਵੱਜਣ ਨਾਲ ਉਹ ਡਿੱਗ ਗਿਆ। ਇਸ ਦੌਰਾਨ ਸਾਹਮਣਿਓਂ ਆਈ ਇਕ ਮਿੰਨੀ ਬੱਸ ਦੇ ਹੇਠਾਂ ਆ ਜਾਣ ਨਾਲ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਦੇ ਪਿਤਾ ਸਰਵਣ ਰਾਮ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਉਹ ਆਪਣੀ ਬਜ਼ੁਰਗ ਮਾਂ ਨਾਲ ਰਹਿੰਦਾ ਸੀ। ਸੰਪਰਕ ਕਰਨ ’ਤੇ ਪੁਲਸ ਚੌਕੀ ਨਸਰਾਲਾ ਦੇ ਇੰਚਾਰਜ ਏ. ਐੱਸ. ਆਈ. ਸਤਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਥਾਣਾ ਬੁੱਲ੍ਹੋਵਾਲ ਨੂੰ ਦੇ ਦਿੱਤੀ ਗਈ ਹੈ। ਪੁਲਸ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Bharat Thapa

Content Editor

Related News