ਟਰਾਂਸਫਾਰਮਰ ਨਾਲ ਟਕਰਾਅ ਕੇ ਪਰਾਲੀ ਵਾਲੀ ਟਰਾਲੀ ਨੂੰ ਲੱਗੀ ਅੱਗ
Sunday, Nov 10, 2019 - 09:06 PM (IST)
ਹੁਸ਼ਿਆਰਪੁਰ, (ਘੁੰਮਣ)- ਅੱਜ ਦੇਰ ਸ਼ਾਮ 6 ਵਜੇ ਦੇ ਕਰੀਬ ਹੁਸ਼ਿਆਰਪੁਰ-ਜਲੰਧਰ ਰੋਡ ’ਤੇ ਲਗਵਾਲ ਰਾਇਲ ਐਨਫੀਲਡ ਏਜੰਸੀ ਨੇੜਿਓਂ ਲੰਘ ਰਹੀ ਪਰਾਲੀ ਦੀ ਲੱਦੀ ਟਰਾਲੀ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾਅ ਗਈ, ਜਿਸ ਤੋਂ ਬਾਅਦ ਹੋਈ ਸਪਾਰਕਿੰਗ ਨਾਲ ਪਰਾਲੀ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।
ਆਲੇ-ਦੁਆਲੇ ਦੇ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਸੂਚਨਾ ਪਾ ਕੇ ਮੌਕੇ ’ਤੇ ਪਹੁੰਚੇ ਲੀਡਿੰਗ ਫਾਇਰਮੈਨ ਯੋਗੇਸ਼ ਕੁਮਾਰ ਦੀ ਅਗਵਾਈ ਵਿਚ ਫਾਇਰ ਕਰਮਚਾਰੀਆਂ ਪਵਨ ਸੈਣੀ, ਪ੍ਰੀਤਪਾਲ ਸਿੰਘ, ਸੁਖਦੇਵ ਸਿੰਘ ਅਤੇ ਕਮਲਜੀਤ ਸਿੰਘ ਨੇ ਅੱਗ ਬੁਝਾਉਣ ਦੇ ਯਤਨ ਕੀਤੇ। ਅੱਗ ਦਾ ਪ੍ਰਕੋਪ ਵਧਦਾ ਦੇਖ ਕੇ ਸੋਨਾਲੀਕਾ ਉਦਯੋਗ ਸਮੂਹ ਦਾ ਫਾਇਰ ਸਟਾਫ ਵੀ ਮੌਕੇ ’ਤੇ ਪਹੁੰਚਿਆ। ਲਗਭਗ ਡੇਢ ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ 6 ਫਾਇਰ ਟੈਂਕਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਜਾ ਸਕਿਆ।
ਟਰੈਕਟਰ-ਟਰਾਲੀ ਦਾ ਚਾਲਕ ਅਤੇ ਉਸ ਦਾ ਸਾਥੀ ਵਾਲ-ਵਾਲ ਬਚੇ। ਟਰਾਲੀ ’ਤੇ ਲੱਦੀ ਸਾਰੀ ਪਰਾਲੀ ਸਡ਼ ਕੇ ਸੁਆਹ ਹੋ ਗਈ। ਫਾਇਰ ਕਰਮਚਾਰੀਆਂ ਦੀ ਸੂਝ-ਬੂਝ ਨਾਲ ਸਡ਼ ਰਹੀ ਟਰਾਲੀ ਨੂੰ ਮੇਨ ਜਲੰਧਰ ਰੋਡ ਤੋਂ ਲਿੰਕ ਰੋਡ ’ਤੇ ਲਿਜਾਇਆ ਗਿਆ। ਮੇਨ ਰੋਡ ’ਤੇ ਸਡ਼ ਰਹੀ ਟਰਾਲੀ ਨਾਲ ਨਾ ਸਿਰਫ ਹਫੜਾ-ਦਫੜਾ ਮਚੀ, ਸਗੋਂ ਟਰੈਫਿਕ ਵੀ ਪ੍ਰਭਾਵਿਤ ਹੋਇਆ। ਫਾਇਰ ਕਰਮਚਾਰੀਆਂ ਦੀ ਫੌਰੀ ਕਾਰਵਾਈ ਨਾਲ ਬਹੁਤ ਵੱਡਾ ਹਾਦਸਾ ਟਲ ਗਿਆ।