2 ਦੁਕਾਨਾਂ ਨੂੰ ਲਾਈ ਸੰਨ੍ਹ, ਕੰਧ ਪਾੜ ਚੋਰੀ ਕੀਤੀ 2 ਲੱਖ ਦੀ ਨਕਦੀ, ਚੋਰ CCTV ’ਚ ਕੈਦ
Sunday, Aug 27, 2023 - 02:41 AM (IST)

ਲਾਂਬੜਾ (ਵਰਿੰਦਰ) : ਇਲਾਕੇ ’ਚ ਅਪਰਾਧੀਆਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਤਹਿਤ ਹੁਣ ਬੇਖੌਫ ਚੋਰਾਂ ਵੱਲੋਂ ਲਾਂਬੜਾ ਬਾਜ਼ਾਰ ’ਚ ਸਥਿਤ ਇਕ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਉਥੋਂ ਲੱਗਭਗ 2 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਰਫੂਚੱਕਰ ਹੋ ਜਾਣ ਦੀ ਸੂਚਨਾ ਹੈ। ਚੋਰ ਦੁਕਾਨ ’ਤੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਿਆ ਹੈ।
ਇਹ ਵੀ ਪੜ੍ਹੋ : ਵਿਆਹ ਸਮਾਗਮ 'ਚ ਗਿਆ ਹੋਇਆ ਸੀ ਪਰਿਵਾਰ, ਪਿੱਛੋਂ ਚੋਰ ਕਰ ਗਏ ਵੱਡਾ ਕਾਂਡ
ਇਸ ਸਬੰਧੀ ਪੀੜਤ ਜਸਪਾਲ ਸਿੰਘ ਪਾਲ ਵਾਸੀ ਪਿੰਡ ਬਾਦਸ਼ਾਹਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਲਾਂਬੜਾ ਬਾਜ਼ਾਰ ’ਚ ਮਨੀ ਚੇਂਜਰ ਦੀ ਦੁਕਾਨ ਹੈ। ਸ਼ੁੱਕਰਵਾਰ ਰਾਤ ਕਰੀਬ 8 ਵਜੇ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਸ਼ਨੀਵਾਰ ਸਵੇਰ ਕਰੀਬ 7 ਵਜੇ ਜਦ ਉਨ੍ਹਾਂ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਦੁਕਾਨ ਅੰਦਰ ਸਾਮਾਨ ਖਿੱਲਰਿਆ ਪਿਆ ਸੀ। ਜਸਪਾਲ ਸਿੰਘ ਨੇ ਦੱਸਿਆ ਕਿ ਜਦ ਅੱਗੇ ਗਏ ਤਾਂ ਦੇਖਿਆਂ ਕਿ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਦੇ ਪਿਛਲੇ ਪਾਸੇ ਵਾਲੀ ਕੰਧ ਹੀ ਪਾੜੀ ਹੋਈ ਸੀ। ਉਨ੍ਹਾਂ ਦੇ ਦਫ਼ਤਰ ਦੇ ਕਾਊਂਟਰ ਵਾਲੇ ਗੱਲੇ ’ਚ ਲੱਗਭਗ 2 ਲੱਖ ਰੁਪਏ ਦੀ ਨਕਦੀ ਰੱਖੀ ਹੋਈ ਸੀ, ਜੋ ਚੋਰਾਂ ਨੇ ਚੋਰੀ ਕਰ ਲਈ। ਸੀਸੀਟੀਵੀ ਕੈਮਰੇ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਦਫ਼ਤਰ ’ਚ ਆਉਂਦਾ ਹੈ, ਜਿਸ ਨੇ ਕੱਪੜੇ ਨਾਲ ਮੂੰਹ ਸਿਰ ਲੁਕੋਇਆ ਹੋਇਆ ਹੈ, ਦੇ ਹੱਥ ’ਚ ਇਕ ਲੋਹੇ ਦੀ ਰਾਡ ਹੈ, ਜਿਸ ਨਾਲ ਉਹ ਕਾਊਂਟਰ ਦੇ ਦਰਾਜਾਂ ਨੂੰ ਖੋਲ੍ਹਦਾ ਹੈ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਟਿੱਪਰ ਦੀ ਲਪੇਟ 'ਚ ਆਇਆ ਟ੍ਰੈਕਟਰ ਚਾਲਕ, ਨੌਜਵਾਨ ਦੀ ਮੌਕੇ 'ਤੇ ਮੌਤ, ਰੋਹ 'ਚ ਆਏ ਲੋਕਾਂ ਨੇ...
ਇਸ ਦੁਕਾਨ ਦੇ ਨਾਲ ਵਾਲੀ ਰਾਜਨ ਟੇਲਰਜ਼ ਦੀ ਦੁਕਾਨ ਦੀ ਵੀ ਚੋਰਾਂ ਵੱਲੋਂ ਪਿਛਲੇ ਪਾਸਿਓਂ ਹੀ ਕੰਧ ਪਾੜੀ ਗਈ ਹੈ ਪਰ ਇੱਥੋਂ ਕੁਝ ਵੀ ਚੋਰੀ ਨਹੀਂ ਕੀਤਾ ਗਿਆ। ਇਹ ਸਮਝਿਆ ਜਾ ਰਿਹਾ ਹੈ ਕਿ ਚੋਰਾਂ ਵੱਲੋਂ ਪਹਿਲਾਂ ਦਰਜ਼ੀ ਦੀ ਦੁਕਾਨ ਨੂੰ ਹੀ ਮਨੀ ਚੇਂਜਰ ਦੀ ਦੁਕਾਨ ਸਮਝ ਕੇ ਉਸ ਦੀ ਕੰਧ ਪਾੜੀ ਗਈ। ਇਸ ਚੋਰੀ ਪਿੱਛੇ ਕਿਸੇ ਭੇਤੀ ਵਿਅਕਤੀ ਦਾ ਹੱਥ ਹੋਣ ਦਾ ਸ਼ੱਕ ਕੀਤਾ ਜਾ ਰਿਹਾ ਹੈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਅਮਨ ਸੈਣੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਫਿੰਗਰ ਪ੍ਰਿੰਟ ਮਾਹਿਰਾਂ ਨੂੰ ਮੌਕੇ ’ਤੇ ਸੱਦ ਕੇ ਜਾਂਚ ਕਰਵਾਈ ਗਈ ਹੈ। ਥਾਣਾ ਮੁਖੀ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜਲਦ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8