ਸਮਾਰਟ ਸਿਟੀ ’ਚ ਰਹੇ ਅਫ਼ਸਰਾਂ ਦੇ ਕਾਰਨਾਮੇ ਦੀ ਜਾਂਚ ਕਰਨ ਜਲਦ ਆਵੇਗੀ ਸਟੇਟ ਵਿਜੀਲੈਂਸ ਦੀ ਫਲਾਇੰਗ ਸਕੁਐਡ ਟੀਮ

Friday, Aug 26, 2022 - 12:49 PM (IST)

ਜਲੰਧਰ (ਖੁਰਾਣਾ)–ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਸਟੇਟ ਵਿਜੀਲੈਂਸ ਨੇ ਜਲੰਧਰ ਸਮਾਰਟ ਸਿਟੀ ਤਹਿਤ ਪੂਰੇ ਹੋਏ ਅਤੇ ਚੱਲ ਰਹੇ ਲਗਭਗ 64 ਕੰਮਾਂ ਦੀ ਜਾਂਚ ਦਾ ਕੰਮ ਵਿਜੀਲੈਂਸ ਬਿਊਰੋ ਜਲੰਧਰ ਨੂੰ ਸੌਂਪਿਆ ਹੋਇਆ ਹੈ, ਜਿਸ ਨੇ ਇਸ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਵਧੇਰੇ ਪ੍ਰਾਜੈਕਟਾਂ ਦਾ ਡਾਟਾ ਅਤੇ ਰਿਕਾਰਡ ਜੁਟਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਨੂੰ ਘੋਖਣ ਦਾ ਕੰਮ ਸ਼ੁਰੂ ਹੋਵੇਗਾ। ਇਸੇ ਵਿਚਕਾਰ ਪਤਾ ਲੱਗਾ ਹੈ ਕਿ ਜਲੰਧਰ ਸਮਾਰਟ ਸਿਟੀ ਵਿਚ ਪਿਛਲੇ 2-3 ਸਾਲਾਂ ਦੌਰਾਨ ਸੀ. ਈ. ਓ., ਟੀਮ ਲੀਡਰ ਅਤੇ ਸਬਜੈਕਟ ਐਕਸਪਰਟ ਵਰਗੇ ਅਹੁਦਿਆਂ ’ਤੇ ਰਹੇ ਉੱਚ ਅਫਸਰਾਂ ਦੇ ਕਾਰਨਾਮਿਆਂ ਦੀ ਜਾਂਚ ਕਰਨ ਲਈ ਜਲਦ ਸਟੇਟ ਵਿਜੀਲੈਂਸ ਦੀ ਇਕ ਫਲਾਇੰਗ ਸਕੁਐਡ ਟੀਮ ਜਲੰਧਰ ਦਾ ਦੌਰਾ ਕਰੇਗੀ ਅਤੇ ਸਮਾਰਟ ਸਿਟੀ ਦੇ ਜਿਹੜੇ ਪ੍ਰਾਜੈਕਟ ਪੂਰੇ ਹੋ ਚੁੱਕੇ ਹਨ ਜਾਂ ਚੱਲ ਰਹੇ ਹਨ, ਉਨ੍ਹਾਂ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ ਜਾਵੇਗਾ।

ਇਸੇ ਵਿਚਕਾਰ ਸਰਕਾਰੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਗਵੰਤ ਮਾਨ ਸਰਕਾਰ ਜਲੰਧਰ ਸਮਾਰਟ ਸਿਟੀ ਵਿਚ ਕਾਂਗਰਸ ਦੀ ਸਰਕਾਰ ਦੌਰਾਨ ਹੋਏ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦਾ ਜਲਦ ਭਾਂਡਾ ਭੰਨਣਾ ਚਾਹੁੰਦੀ ਹੈ ਤਾਂ ਕਿ ਉਸ ਨੂੰ ਕੁਝ ਮਹੀਨਿਆਂ ਬਾਅਦ ਹੋਣ ਜਾ ਰਹੀਆਂ ਨਿਗਮ ਚੋਣਾਂ ਵਿਚ ਫਾਇਦਾ ਮਿਲ ਸਕੇ। ਸਰਕਾਰ ਦਾ ਇਹ ਵੀ ਮੰਤਵ ਹੈ ਕਿ ਜਲੰਧਰ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਵਿਚ ਗੜਬੜੀਆਂ ਕਰਨ ਵਾਲੇ ਅਫ਼ਸਰਾਂ ਨੂੰ ਜਲਦ ਤੋਂ ਜਲਦ ਸੀਖਾਂ ਪਿੱਛੇ ਪਹੁੰਚਾਇਆ ਜਾਵੇ ਤਾਂ ਕਿ ਸ਼ਹਿਰੀ ਇਲਾਕਿਆਂ ਵਿਚ ‘ਆਪ’ ਸਰਕਾਰ ਦਾ ਅਕਸ ਸੁਧਰ ਸਕੇ।

ਇਹ ਵੀ ਪੜ੍ਹੋ: ਜਲੰਧਰ: ਸੋਸ਼ਲ ਮੀਡੀਆ ’ਤੇ ਕੀਤੀ ਦੋਸਤੀ ਦਾ ਭਿਆਨਕ ਅੰਜਾਮ, ਇਕਤਰਫ਼ਾ ਪਿਆਰ ਕਰਨ ਵਾਲੇ ਪ੍ਰੇਮੀ ਨੇ ਕੀਤਾ ਸੀ ਨਰਸ ਦਾ ਕਤਲ

ਇਕ ਕੌਂਸਲਰ ਨੇ ਵਿਜੀਲੈਂਸ ਆਫ਼ਿਸ ’ਚ ਜਾ ਕੇ ਦਿੱਤੀ ਜਾਣਕਾਰੀ
ਇਸੇ ਵਿਚਕਾਰ ਪਤਾ ਲੱਗਾ ਹੈ ਕਿ ਕਾਂਗਰਸ ਦੇ ਇਕ ਕੌਂਸਲਰ ਨੇ ਬੀਤੇ ਦਿਨੀਂ ਵਿਜੀਲੈਂਸ ਬਿਊਰੋ ਦੇ ਆਫ਼ਿਸ ਵਿਚ ਜਾ ਕੇ ਸਮਾਰਟ ਸਿਟੀ ਦੇ ਐੱਲ. ਈ. ਡੀ. ਪ੍ਰਾਜੈਕਟ ਵਿਚ ਹੋਈ ਗੜਬੜੀ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਇਸ ਕੌਂਸਲਰ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਉਹ ਜਾਂਚ ਰਿਪੋਰਟ ਵੀ ਸੌਂਪੀ, ਜਿਸ ਨੂੰ ਕੌਂਸਲਰਾਂ ਦੀ 8 ਮੈਂਬਰੀ ਕਮੇਟੀ ਨੇ ਤਿਆਰ ਕੀਤਾ ਸੀ। ਪਤਾ ਲੱਗਾ ਹੈ ਕਿ ਵਿਜੀਲੈਂਸ ਵੱਲੋਂ ਸਭ ਤੋਂ ਪਹਿਲਾਂ ਸਟਰੀਟ ਲਾਈਟ ਪ੍ਰਾਜੈਕਟ ਵਿਚ ਹੋਏ ਘਪਲੇ ਦਾ ਹੀ ਪਰਦਾਫਾਸ਼ ਕੀਤਾ ਜਾਵੇਗਾ ਕਿਉਂਕਿ ਇਸ ਮਾਮਲੇ ਵਿਚ ਥਰਡ ਪਾਰਟੀ ਅਤੇ ਕੌਂਸਲਰਾਂ ਦੀ ਕਮੇਟੀ ਵੱਲੋਂ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਪ੍ਰਾਜੈਕਟ ਵਿਚ ਗੜਬੜੀਆਂ ਸਾਫ਼ ਵਿਖਾਈ ਦੇ ਰਹੀਆਂ ਹਨ। ਮੇਅਰ ਨੇ ਵੀ ਇਸੇ ਪ੍ਰਾਜੈਕਟ ਬਾਰੇ ਮੁੱਖ ਮੰਤਰੀ ਨੂੰ ਆਪਣੇ ਵੱਲੋਂ ਚਿੱਠੀ ਭੇਜ ਦਿੱਤੀ ਹੈ।

ਇਹ ਵੀ ਪੜ੍ਹੋ: PRTC ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, ਸਰਕਾਰੀ ਬੱਸਾਂ ਦਾ ਅੱਜ ਬਾਅਦ ਦੁਪਹਿਰ ਹੋ ਸਕਦੈ ਚੱਕਾ ਜਾਮ

ਪੰਜਾਬ ਸਰਕਾਰ ਦੇ ਪ੍ਰਤੀਨਿਧੀ ਅਸ਼ਵਨੀ ਚੌਧਰੀ ਵੀ ਜਾਂਚ ਲਈ ਸਮਾਰਟ ਸਿਟੀ ਆਫ਼ਿਸ ਪਹੁੰਚੇ
ਇਸੇ ਵਿਚਕਾਰ ਪਤਾ ਲੱਗਾ ਹੈ ਕਿ ਪੀ. ਐੱਮ. ਆਈ. ਡੀ. ਸੀ. ਦੇ ਉੱਚ ਅਧਿਕਾਰੀਆਂ ਨੇ ਲੋਕਲ ਬਾਡੀਜ਼ ਦੇ ਚੀਫ ਇੰਜੀਨੀਅਰ ਅਸ਼ਵਨੀ ਚੌਧਰੀ ਦੀ ਡਿਊਟੀ ਲਾਈ ਹੈ ਕਿ ਉਹ ਜਲੰਧਰ ਸਮਾਰਟ ਸਿਟੀ ਦੇ ਰੁਕੇ ਹੋਏ ਕੰਮਾਂ ਦਾ ਕਾਰਨ ਪਤਾ ਕਰ ਕੇ ਉਨ੍ਹਾਂ ਨੂੰ ਚਾਲੂ ਕਰਵਾਉਣ ਅਤੇ ਬਾਕੀ ਅੜਚਨਾਂ ਨੂੰ ਵੀ ਦੂਰ ਕੀਤਾ ਜਾਵੇ। ਇਸੇ ਤਹਿਤ ਸ਼੍ਰੀ ਚੌਧਰੀ ਅੱਜ ਜਲੰਧਰ ਸਮਾਰਟ ਸਿਟੀ ਆਫਿਸ ਪਹੁੰਚੇ, ਜਿਥੇ ਉਨ੍ਹਾਂ ਨੂੰ ਸਮਾਰਟ ਸਿਟੀ ਨਾਲ ਸਬੰਧਤ ਕੋਈ ਅਧਿਕਾਰੀ ਤਾਂ ਨਹੀਂ ਮਿਲਿਆ ਪਰ ਇਸ ਦੌਰਾਨ ਉਨ੍ਹਾਂ ਸ਼੍ਰੀ ਧਾਲੀਵਾਲ ਅਤੇ ਨਿਗਮ ਦੇ ਐੱਸ. ਈ. ਰਜਨੀਸ਼ ਡੋਗਰਾ ਨਾਲ ਜ਼ਰੂਰ ਮੁਲਾਕਾਤ ਕੀਤੀ। ਚੀਫ ਇੰਜੀ. ਚੌਧਰੀ ਨੇ ਸਮਾਰਟ ਸਿਟੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪ੍ਰਾਜੈਕਟਾਂ ਦੀ ਡਿਟੇਲ, ਉਨ੍ਹਾਂ ਦੀ ਅਲਾਟਮੈਂਟ, ਐਗਜ਼ੀਕਿਊਸ਼ਨ, ਚੈਕਿੰਗ ਆਦਿ ਬਾਰੇ ਸਾਰਾ ਡਾਟਾ ਉਨ੍ਹਾਂ ਨੂੰ ਮੁਹੱਈਆ ਕਰਵਾਇਆ ਜਾਵੇ। ਜ਼ਿਕਰਯੋਗ ਹੈ ਕਿ ਵਿਜੀਲੈਂਸ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਚੰਡੀਗੜ੍ਹ ਬੈਠੇ ਅਧਿਕਾਰੀ ਵੀ ਪਿਛਲੇ ਸਮੇਂ ਦੌਰਾਨ ਜਲੰਧਰ ਸਮਾਰਟ ਸਿਟੀ ਵਿਚ ਹੋਈਆਂ ਗੜਬੜੀਆਂ ਨੂੰ ਲੈ ਕੇ ਆਪਣੇ ਪੱਧਰ ’ਤੇ ਜਾਂਚ ਕਰਵਾ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਨਿੱਜੀ ਹਸਪਤਾਲ ਦੇ ਹੋਸਟਲ ’ਚ ਨਰਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News