ਕੇਜਰੀਵਾਲ-ਮਾਨ ਸੰਮੇਲਨ ਦੇ ਮੱਦੇਨਜ਼ਰ ਸਟੇਟ GST ਵਿਭਾਗ ਨੇ ਵਪਾਰੀਆਂ ਨੂੰ ਦਿੱਤਾ ਭਰੋਸੇ ਦਾ ‘ਲਾਲੀਪਾਪ’

09/13/2023 10:42:10 AM

ਜਲੰਧਰ (ਪੁਨੀਤ)–ਸਟੇਟ ਜੀ. ਐੱਸ. ਟੀ. ਵਿਭਾਗ ਦੀਆਂ ਛਾਪੇਮਾਰੀਆਂ ਖ਼ਿਲਾਫ਼ ਵਪਾਰੀਆਂ ਵਿਚ ਵਧ ਰਹੇ ਰੋਸ ਨੂੰ ਸ਼ਾਂਤ ਕਰਨ ਦੇ ਮੰਤਵ ਨਾਲ ਪੰਜਾਬ ਦੇ ਟੈਕਸੇਸ਼ਨ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਬੀਤੇ ਦਿਨ ਜਲੰਧਰ ਪੁੱਜੇ ਅਤੇ ਉਦਯੋਗਿਕ ਸੰਗਠਨਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਪੈਂਡਿੰਗ ਮਸਲਿਆਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਪੰਜਾਬ ਦੇ ਟੈਕਸੇਸ਼ਨ ਕਮਿਸ਼ਨਰ ਵੱਲੋਂ ਡਿਵੀਜ਼ਨ ਪੱਧਰ ’ਤੇ ਵਪਾਰੀਆਂ ਨਾਲ ਮੀਟਿੰਗ ਕਰਨਾ 14 ਸਤੰਬਰ ਨੂੰ ਹੋਣ ਵਾਲੀ ਸਰਕਾਰ-ਉਦਯੋਗਿਕ ਮੀਟਿੰਗ ਤੋਂ ਪ੍ਰੇਰਿਤ ਨਜ਼ਰ ਆਇਆ। ਜਲੰਧਰ ਦੇ ਬਾਠ ਕੈਸਲ ਵਿਚ ਹੋਣ ਵਾਲੀ ਸਰਕਾਰ-ਉਦਯੋਗਿਕ ਮੀਟਿੰਗ ਵਿਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਇਸੇ ਸੰਮੇਲਨ ਦੇ ਮੱਦੇਨਜ਼ਰ ਟੈਕਸੇਸ਼ਨ (ਜੀ. ਐੱਸ. ਟੀ.) ਵਿਭਾਗ ਨੇ ਵਪਾਰੀਆਂ ਨੂੰ ਭਰੋਸੇ ਦਾ ‘ਲਾਲੀਪਾਪ’ ਦਿੱਤਾ।

ਬੱਸ ਅੱਡੇ ਨੇੜੇ ਸਥਿਤ ਜੀ. ਐੱਸ. ਟੀ. ਭਵਨ ਵਿਚ ਬੁਲਾਈ ਗਈ ਕਾਰੋਬਾਰੀ ਸੰਗਠਨਾਂ ਦੀ ਮੀਟਿੰਗ ਦੌਰਾਨ ਟੈਕਸੇਸ਼ਨ ਕਮਿਸ਼ਨਰ ਥਿੰਦ ਤੋਂ ਇਲਾਵਾ ਐਡੀਸ਼ਨਲ ਕਮਿਸ਼ਨਰ (ਆਡਿਟ) ਰਵਨੀਤ ਖੁਰਾਣਾ, ਜੀ. ਐੱਸ. ਟੀ. ਡਾਇਰੈਕਟਰ ਐੱਚ. ਪੀ. ਐੱਸ. ਗੋਤਰਾ, ਜੁਆਇੰਟ ਡਾਇਰੈਕਟਰ ਦਲਜੀਤ ਕੌਰ, ਡੀ. ਸੀ. ਐੱਸ. ਟੀ. ਸ਼ਾਲਿਨ ਵਾਲੀਆ, ਡਿਪਟੀ ਡਾਇਰੈਕਟਰ ਮੋਬਾਇਲ ਵਿੰਗ ਕਮਲਪ੍ਰੀਤ ਸਿੰਘ, ਅਸਿਸਟੈਂਟ ਕਮਿਸ਼ਨਰ ਅਮਨ ਗੁਪਤਾ, ਰਜਮਨਦੀਪ ਸਿੰਘ, ਅਨੁਰਾਗ ਭਾਰਤੀ, ਪ੍ਰਗਤੀ ਸੇਠੀ, ਨਵਜੋਤ ਸ਼ਰਮਾ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਮੀਟਿੰਗ ਦੌਰਾਨ ਵੈਟ ਨਾਲ ਸਬੰਧਤ ਕੇਸਾਂ ਦਾ ਹੱਲ ਕਰਨ ਦੀ ਮੰਗ ਰੱਖੀ ਗਈ। ਵਪਾਰੀਆਂ ਨੇ ਕਿਹਾ ਕਿ ਦੂਜੇ ਸੂਬਿਆਂ ਦੀ ਤਰਜ਼ ’ਤੇ ਓ. ਟੀ. ਐੱਸ. (ਵਨ ਟਾਈਮ ਸੈਟਲਮੈਂਟ) ਸਕੀਮ ਲਿਆਂਦੀ ਜਾਵੇ ਕਿਉਂਕਿ ਵੈਟ ਦੇ ਕੇਸਾਂ ਦਾ ਅਜੇ ਤਕ ਹੱਲ ਨਹੀਂ ਹੋ ਸਕਿਆ, ਜਿਸ ਕਾਰਨ ਵਪਾਰੀਆਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਵਾਅਦੇ ਕਰਨ ਦੇ ਬਾਵਜੂਦ ਵਪਾਰੀਆਂ ਦੇ ਹੱਕ ਲਈ ਓ. ਟੀ. ਐੱਸ. ਸਕੀਮ ਲਿਆਉਣ ਵਿਚ ਦੇਰੀ ਕੀਤੀ ਜਾ ਰਹੀ ਹੈ। ਸਾਰਿਆਂ ਨੇ ਵਿਭਾਗੀ ਛਾਪੇਮਾਰੀ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਵਪਾਰੀਆਂ ਨੂੰ ਪ੍ਰੇਸ਼ਾਨ ਕਰਨ ਦੇ ਘਟਨਾਕ੍ਰਮ ’ਤੇ ਰੋਕ ਲਾਈ ਜਾਵੇ ਅਤੇ ਜਾਂਚ-ਪੜਤਾਲ ਲਈ ਉਦਯੋਗਿਕ ਇਕਾਈਆਂ ਨੂੰ ਜੀ. ਐੱਸ. ਟੀ. ਭਵਨ ਵਿਚ ਬੁਲਾਇਆ ਜਾਵੇ।

ਇਹ ਵੀ ਪੜ੍ਹੋ- ਵਹਿਣ ਲੱਗੀ ਉਲਟੀ ਗੰਗਾ, ਦਿੱਲੀ ਤੇ ਚੰਡੀਗੜ੍ਹ ਤੋਂ ਉਦਯੋਗਾਂ ਨੇ ਪੰਜਾਬ ਵੱਲ ਕੀਤਾ ਰੁਖ਼

ਇਸ ਮੌਕੇ ਵਪਾਰਕ ਸੰਗਠਨਾਂ ਵੱਲੋਂ ਆਏ ਅਮਰਿੰਦਰ ਸਿੰਘ ਧੀਮਾਨ, ਗੁਰਸ਼ਰਨ ਸਿੰਘ, ਰਾਕੇਸ਼ ਬਹਿਲ, ਅਸ਼ੋਕ ਮਾਗੋ, ਆਰ. ਕੇ. ਹਰਜਾਈ, ਹਰਜੀਵਨ ਜੈਨ, ਹਰਵਿੰਦਰ ਸਿੰਘ, ਨਰੇਸ਼ ਤਿਵਾੜੀ, ਨਰੇਸ਼ ਮਿੱਤਲ, ਸੁਗਮ ਜੈਨ, ਸੰਜੀਵ ਅਗਨੀਹੋਤਰੀ, ਗੁਰਬਚਨ ਕਥੂਰੀਆ, ਪਾਰੁਲ ਸ਼ਰਮਾ, ਕੀਮਤੀ ਲਾਲ ਜੈਨ, ਅਸ਼ਵਨੀ ਮਲਹੋਤਰਾ, ਜਸਵਿੰਦਰ ਸਿੰਘ, ਸੁਬਾ ਸਿੰਘ, ਐੱਨ. ਕੇ. ਸਹਿਗਲ, ਸ਼ਾਂਤ ਗੁਪਤਾ, ਚਰਨਜੀਤ ਮੈਂਗੀ, ਅਮਿਤ ਸਹਿਗਲ, ਸ਼ਰਦ ਅਗਰਵਾਲ, ਸੁਰੇਸ਼ ਗੁਪਤਾ, ਅਮਨਦੀਪ ਸਿੰਘ, ਅਸ਼ਵਨੀ ਅਗਰਵਾਲ ਸਮੇਤ ਜਲੰਧਰ ਅਤੇ ਨੇੜਲੇ ਸ਼ਹਿਰਾਂ ਤੋਂ ਆਏ ਕਈ ਉੱਘੇ ਉਦਯੋਗਪਤੀ ਸ਼ਾਮਲ ਰਹੇ।

ਖ਼ਰੀਦ ਬਿੱਲ ’ਤੇ ਵਿਭਾਗੀ ਕਾਰਵਾਈ ਗਲਤ
ਉਦਯੋਗਪਤੀਆਂ ਨੇ ਕਿਹਾ ਕਿ ਜੀ. ਐੱਸ. ਟੀ. ਅਦਾ ਕਰਕੇ ਤੀਜੇ ਹੱਥ ਮਾਲ ਖਰੀਦਣ ਵਾਲੀ ਉਦਯੋਗਿਕ ਇਕਾਈ ਨੂੰ ਜਾਂਚ ਦਾ ਹਿੱਸਾ ਬਣਾਇਆ ਜਾਣਾ ਬਿਲਕੁਲ ਗਲਤ ਹੈ। ਮਾਲ ਖ਼ਰੀਦਣ ਸਮੇਂ ਨਿਯਮਾਂ ਦੀ ਪਾਲਣ ਕਰਨ ਵਾਲੇ ਵਪਾਰੀਆਂ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਵਪਾਰੀਆਂ ਦਾ ਕੰਮਕਾਜ ਪ੍ਰਭਾਵਿਤ ਹੁੰਦਾ ਹੈ। ਜੋ ਨਿਯਮਾਂ ਦਾ ਉਲੰਘਣ ਕਰਦਾ ਹੈ, ਉਸ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ।

ਡਿਵੀਜ਼ਨ ਪੱਧਰ ’ਤੇ ਹੈਲਪ ਡੈਸਕ ਸਥਾਪਤ ਕਰੇ ਵਿਭਾਗ
ਉਦਯੋਗਪਤੀਆਂ ਨੇ ਕਿਹਾ ਕਿ ਜੀ. ਐੱਸ. ਟੀ. ਨਾਲ ਸਬੰਧਤ ਪ੍ਰੇਸ਼ਾਨੀਆਂ ਦੇ ਹੱਲ ਲਈ ਵਿਭਾਗ ਨੂੰ ਹੈਲਪ ਡੈਸਕ ਦੀ ਸਥਾਪਨਾ ਕਰਨੀ ਚਾਹੀਦੀ ਹੈ ਅਤੇ ਡਿਵੀਜ਼ਨ ਪੱਧਰ ’ਤੇ ਅਧਿਕਾਰੀ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ। ਵਿਭਾਗ ਵੱਲੋਂ ਅਜਿਹਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਕਿ ਕਿਸੇ ਵੀ ਇਕਾਈ ਦੀ ਜਾਂਚ ਸ਼ੁਰੂ ਹੋਣ ਦੇ 45 ਦਿਨਾਂ ਅੰਦਰ ਜਾਂਚ ਨੂੰ ਪੂਰਾ ਕਰ ਦਿੱਤਾ ਜਾਵੇ।

ਇਹ ਵੀ ਪੜ੍ਹੋ- 90 ਸਾਲਾ ਬਜ਼ੁਰਗ ਮਾਂ ਦਾ ਚੁੱਪ-ਚੁਪੀਤੇ ਕਰ 'ਤਾ ਸਸਕਾਰ, ਫੁੱਲ ਚੁਗਣ ਵੇਲੇ ਪਰਿਵਾਰ 'ਚ ਪੈ ਗਿਆ ਭੜਥੂ, ਜਾਣੋ ਕਿਉਂ

ਬਲਾਕ ਕੀਤੇ ਜੀ. ਐੱਸ. ਟੀ. ਨੰਬਰ ਦੁਬਾਰਾ ਚਾਲੂ ਕਰਨ ਦੀ ਮੰਗ
ਉਦਯੋਗਪਤੀਆਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵਿਭਾਗ ਨੇ ਵੱਡੇ ਪੱਧਰ ’ਤੇ ਜੀ. ਐੱਸ. ਟੀ. ਨੰਬਰਾਂ ਨੂੰ ਬਲਾਕ ਕੀਤਾ ਹੈ। ਇਨ੍ਹਾਂ ਵਿਚੋਂ ਕਈ ਨੰਬਰ ਅਜਿਹੇ ਹਨ, ਜਿਨ੍ਹਾਂ ਨਾਲ ਸਬੰਧਤ ਉਦਯੋਗਪਤੀ ਵਿਦੇਸ਼ ਗਏ ਹੋਏ ਸਨ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਕਾਰਨ ਬਲਾਕ ਕੀਤੇ ਨੰਬਰਾਂ ਨੂੰ ਤੁਰੰਤ ਖੋਲ੍ਹਿਆ ਜਾਵੇ।

ਜਾਂਚ ਪੂਰੀ ਹੋਣ ਦੇ ਬਾਵਜੂਦ ਕਈ ਇਕਾਈਆਂ ਨੂੰ ਮਿਲ ਰਹੇ ਨੋਟਿਸ
ਵਿਭਾਗ ਵੱਲੋਂ ਪਿਛਲੇ ਸਮੇਂ ਦੌਰਾਨ ਕਈ ਇਕਾਈਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿਚੋਂ ਕਈ ਇਕਾਈਆਂ ਅਜਿਹੀਆਂ ਹਨ, ਜਿਨ੍ਹਾਂ ਦੀ ਜਾਂਚ ਪੂਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ, ਜੋ ਕਿ ਪ੍ਰੇਸ਼ਾਨੀਆਂ ਦਾ ਸਬੱਬ ਬਣ ਰਿਹਾ ਹੈ।

ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ: ਥਿੰਦ
ਟੈਕਸੇਸ਼ਨ ਵਿਭਾਗ ਵੱਲੋਂ ਉਦਯੋਗਪਤੀਆਂ ਨਾਲ ਮੀਟਿੰਗ ਸੁਖਾਵੇਂ ਮਾਹੌਲ ਵਿਚ ਹੋਈ। ਇਸ ਦੌਰਾਨ ਅਧਿਕਾਰੀਆਂ ਵੱਲੋਂ ਵਪਾਰੀਆਂ ਨੂੰ ਪੂਰਾ ਸਮਾਂ ਦਿੱਤਾ ਗਿਆ। ਪੰਜਾਬ ਦੇ ਟੈਕਸੇਸ਼ਨ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਨੇ ਵਪਾਰੀਆਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਕਿਹਾ ਕਿ ਜਿਹੜੇ ਵੀ ਮੁੱਦੇ ਉਨ੍ਹਾਂ ਦੇ ਸਾਹਮਣੇ ਰੱਖੇ ਗਏ ਹਨ, ਉਨ੍ਹਾਂ ’ਤੇ ਤੁਰੰਤ ਕਦਮ ਚੁੱਕੇ ਜਾਣਗੇ ਤਾਂ ਕਿ ਉਦਯੋਪਤੀਆਂ ਨੂੰ ਰਾਹਤ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਵਪਾਰੀ ਸੂਬੇ ਦੀ ਆਮਦਨ ਦਾ ਮੁੱਖ ਸਰੋਤ ਹਨ, ਜਿਸ ਕਾਰਨ ਉਨ੍ਹਾਂ ਨੂੰ ਸਹੂਲਤਾਂ ਦੇਣਾ ਵਿਭਾਗ ਦੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ-  ਜਲੰਧਰ 'ਚ ਸ਼ਰਮਨਾਕ ਘਟਨਾ, ਕਲਯੁਗੀ ਮਤਰੇਏ ਪਿਤਾ ਨੇ 8 ਸਾਲਾ ਧੀ ਨਾਲ ਮਿਟਾਈ ਹਵਸ, ਇੰਝ ਖੁੱਲ੍ਹਿਆ ਭੇਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News