ਕਰੋੜਾਂ ਦੀ ਹੈਰੋਇਨ ਸਮੇਤ ਸਮੱਗਲਰ ਗ੍ਰਿਫਤਾਰ

11/24/2019 8:23:08 PM

ਸੁਲਤਾਨਪੁਰ ਲੋਧੀ, (ਧੀਰ)— ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਨਸ਼ਿਆਂ ਦੇ ਤਸਕਰਾਂ ਖਿਲਾਫ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਇਕ ਸਮੱਗਲਰ ਨੂੰ ਕਰੋੜਾਂ ਦੀ ਹੈਰੋਇਨ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ।
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸ. ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਏ. ਐੱਸ. ਆਈ. ਗੁਰਦੀਪ ਸਿੰਘ, ਏ. ਐੱਸ. ਆਈ. ਰਾਜਵਿੰਦਰ, ਏ. ਐੱਸ. ਆਈ. ਅਮਰਜੀਤ ਸਿੰਘ, ਐੱਚ. ਸੀ. ਜਸਵਿੰਦਰ ਸਿੰਘ ਆਦਿ ਪੁਲਸ ਪਾਰਟੀ ਨਾਲ ਦੌਰਾਨ ਗਸ਼ਤ ਕਰਦੇ ਹੋਏ ਪਿੰਡ ਲਾਟੀਆਂਵਾਲ ਤੋਂ ਸੇਚਾਂ ਵੱਲ ਨੂੰ ਜਾ ਰਹੇ ਸਨ ਤਾਂ ਰਸਤੇ 'ਚ ਸੇਚਾਂ ਪਾਸੇ ਤੋਂ ਇਕ ਨੌਜਵਾਨ ਪੈਦਲ ਆਉਂਦਾ ਵੇਖਿਆ ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਹੱਥ 'ਚ ਫੜੇ ਲਿਫਾਫੇ ਨੂੰ ਸੁੱਟ ਕੇ ਦੌੜਨ ਲੱਗਾ ਤਾਂ ਪੁਲਸ ਪਾਰਟੀ ਨੇ ਦੌੜ ਕੇ ਉਸਨੂੰ ਫੜ ਲਿਆ। ਸ਼ੱਕ ਦੇ ਆਧਾਰ 'ਤੇ ਨਾਂ ਪਤਾ ਪੁੱਛਣ 'ਤੇ ਉਸਨੇ ਆਪਣਾ ਨਾਂ ਨਰੈਣ ਸਿੰਘ ਉਰਫ ਰੂਪ ਉਰਫ ਕਾਲਾ ਪੁੱਤਰ ਇੰਦਰ ਸਿੰਘ ਵਾਸੀ ਲਾਟੀਆਂਵਾਲ ਦਸਿਆ, ਜਿਸ ਵੱਲੋਂ ਸੁੱਟੇ ਹੋਏ ਲਿਫਾਫੇ ਨੂੰ ਚੁੱਕ ਕੇ ਖੋਲ੍ਹਿਆ ਤਾਂ ਉਸ 'ਚੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 1 ਕਰੋੜ ਤੋਂ ਵੱਧ ਦੱਸੀ ਜਾਂਦੀ ਹੈ। ਪੁਲਸ ਵਲੋਂ ਫੜੇ ਗਏ ਉਕਤ ਨਸ਼ਾ ਸਮੱਗਲਰ ਖਿਲਾਫ ਐੱਨ. ਡੀ. ਪੀ. ਐਕਟ ਤਹਿਤ ਕੇਸ ਦਰਜ ਕਰ ਕੇ ਹੋਰ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ।


KamalJeet Singh

Content Editor

Related News