20 ਕਰੋੜ ਦੀ ਲਾਗਤ ਨਾਲ ਸਵਾਰੇ ਜਾਣੇ ਸਨ 11 ਚੌਕ, ਇਕ ਸਾਲ ''ਚ ਇਕ ਦਾ ਵੀ ਨਹੀਂ ਹੋਇਆ ਸੁਧਾਰ

03/12/2020 2:45:08 PM

ਜਲੰਧਰ (ਖੁਰਾਣਾ) : ਇਕ ਪਾਸੇ ਜਿੱਥੇ ਲੁਧਿਆਣਾ ਸ਼ਹਿਰ ਨੇ ਸਮਾਰਟ ਸਿਟੀ ਪ੍ਰਾਜੈਕਟ ਦੇ ਕਾਫੀ ਕੰਮ ਸ਼ੁਰੂ ਕਰਵਾਏ ਹੋਏ ਹਨ, ਉਥੇ ਹੀ ਜਲੰਧਰ 'ਚ ਸਮਾਰਟ ਸਿਟੀ ਦਾ ਕੰਮ ਬੇਹੱਦ ਹੌਲੀ ਰਫਤਾਰ ਨਾਲ ਚੱਲ ਰਿਹਾ ਹੈ ਅਤੇ 3-4 ਸਾਲ ਦੇ ਵਕਫੇ 'ਚ ਸਮਾਰਟ ਸਿਟੀ ਦਾ ਇਕ ਵੀ ਕੰਮ ਜਲੰਧਰ ਸ਼ਹਿਰ 'ਚ ਪੂਰਾ ਨਹੀਂ ਹੋਇਆ, ਜਿਸ ਕਾਰਨ ਸੱਤਾ ਧਿਰ ਭਾਵ ਕਾਂਗਰਸ ਦਾ ਸ਼ਹਿਰ ਵਿਚ ਮਜ਼ਾਕ ਉੱਡ ਰਿਹਾ ਹੈ ਅਤੇ ਇਸਨੂੰ ਚੋਣ ਫਾਇਦਾ ਹੋਣ ਦੀ ਬਜਾਏ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਨਾਲਾਇਕੀ ਦਾ ਨੁਕਸਾਨ ਹੁੰਦਾ ਦਿਸ ਰਿਹਾ ਹੈ।

ਬੀਤੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਮਾਰਟ ਸਿਟੀ ਦੇ ਕੰਮਾਂ ਦਾ ਚੋਣ ਲਾਭ ਲੈਣ ਖਾਤਰ ਸੰਸਦ ਮੈਂਬਰ ਕਾਂਗਰਸੀ ਉਮੀਦਵਾਰ ਚੌ. ਸੰਤੋਖ ਸਿੰਘ ਨੇ ਸ਼ਹਿਰ ਦੇ ਚਾਰਾਂ ਵਿਧਾਇਕਾਂ ਪਰਗਟ ਸਿੰਘ, ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ ਅਤੇ ਬਾਵਾ ਹੈਨਰੀ ਅਤੇ ਮੇਅਰ ਆਦਿ ਨੂੰ ਨਾਲ ਲੈ ਕੇ ਮਾਡਲ ਟਾਊਨ ਦੇ ਪਹਿਲਵਾਨ ਚੌਕ ਵਿਚ ਸਮਾਰਟ ਸਿਟੀ ਦੇ 38 ਕਰੋੜ ਰੁਪਏ ਦੇ ਕੰਮਾਂ ਦਾ ਉਦਘਾਟਨ ਕੀਤਾ ਸੀ ਅਤੇ ਚੰਗੀ ਪ੍ਰਸ਼ੰਸਾ ਖੱਟੀ ਸੀ। ਤਦ ਸੰਸਦ ਮੈਂਬਰ ਨੇ ਦਾਅਵਾ ਕੀਤਾ ਸੀ ਕਿ 20.32 ਕਰੋੜ ਦੀ ਲਾਗਤ ਨਾਲ ਜਿੱਥੇ ਸ਼ਹਿਰ ਦੇ 11 ਚੌਕਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ ਉਥੇ ਹੀ 17.83 ਕਰੋੜ ਦੀ ਲਾਗਤ ਨਾਲ ਸ਼ਹਿਰ ਦੀਆਂ 16 ਤੋਂ ਜ਼ਿਆਦਾ ਬਿਲਡਿੰਗਾਂ 'ਤੇ ਸੋਲਰ ਪੈਨਲ ਲਾਏ ਜਾਣਗੇ।

ਸੰਸਦ ਮੈਂਬਰ ਅਤੇ ਵਿਧਾਇਕਾਂ ਦੇ ਦਾਅਵਿਆਂ ਦੇ ਉਲਟ ਇਨ੍ਹਾਂ ਦੋਵਾਂ ਪ੍ਰਾਜੈਕਟਾਂ 'ਤੇ ਕੋਈ ਖਾਸ ਕੰਮ ਨਹੀਂ ਹੋਇਆ। ਸੋਲਰ ਪੈਨਲ ਲਾਉਣ ਦਾ ਕੰਮ ਵੀ ਜਿੱਥੇ ਲਟਕ ਰਿਹਾ ਹੈ ਉਥੇ ਇਕ ਸਾਲ ਬੀਤ ਜਾਣ ਦੇ ਬਾਵਜੂਦ ਸ਼ਹਿਰ ਦਾ ਇਕ ਵੀ ਚੌਕ ਸੁਆਰਿਆ ਨਹੀਂ ਜਾ ਸਕਿਆ ਜਦੋਂਕਿ ਉਦਘਾਟਨ ਕਰਦੇ ਸਮੇਂ ਚੌ. ਸੰਤੋਖ ਸਿੰਘ ਨੇ ਹੱਸਦੇ ਹੋਏ ਕਿਹਾ ਸੀ ਕਿ ਇਕ ਸਾਲ ਵਿਚ ਸਾਰੇ 11 ਚੌਕਾਂ ਦੀ ਸ਼ਕਲ-ਸੂਰਤ ਬਦਲ ਦਿੱਤੀ ਜਾਵੇਗੀ ਅਤੇ ਸ਼ਹਿਰ ਸਮਾਰਟ ਹੋ ਜਾਵੇਗਾ। 20.32 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਸਥਾਨਕ ਵਰਕਸ਼ਾਪ ਚੌਕ ਤੋਂ ਕੀਤੀ ਗਈ ਸੀ, ਜਿਸ ਨੂੰ ਅਜੇ ਤੱਕ ਤੋੜ ਕੇ ਛੱਡਿਆ ਗਿਆ ਹੈ ਅਤੇ ਉੱਥੇ ਕੋਈ ਵੀ ਕੰਮ ਪੂਰਾ ਨਹੀਂ ਹੋ ਸਕਿਆ। ਇਸ ਪ੍ਰਾਜੈਕਟ ਦੇ ਤਹਿਤ ਗੁਰੂ ਰਵਿਦਾਸ ਚੌਕ ਅਤੇ ਦੋਆਬਾ ਚੌਕ 'ਤੇ ਵੀ ਕੰਮ ਸ਼ੁਰੂ ਕਰਨ ਦਾ ਸਿਰਫ ਡਰਾਮਾ ਹੀ ਕੀਤਾ ਗਿਆ ਪਰ ਉੱਥੇ ਵੀ ਕੋਈ ਕੰਮ ਸਿਰੇ ਨਹੀਂ ਚੜ੍ਹਿਆ।

ਵਿਧਾਇਕ ਬੇਰੀ ਅਤੇ ਮੇਅਰ ਨੇ ਲਾਈ ਠੇਕੇਦਾਰਾਂ ਅਤੇ ਅਧਿਕਾਰੀਆਂ ਦੀ ਕਲਾਸ
20 ਕਰੋੜ ਨਾਲ 11 ਚੌਕਾਂ ਨੂੰ ਇਕ ਸਾਲ ਅੰਦਰ ਸੁਆਰਿਆ ਜਾਣਾ ਸੀ ਪਰ ਠੇਕੇਦਾਰਾਂ ਨੇ ਇਕ ਚੌਕ ਦਾ ਕੰਮ ਵੀ ਪੂਰਾ ਨਹੀਂ ਕੀਤਾ ਸਗੋਂ ਚੌਕ ਨੂੰ ਤੋੜ ਕੇ ਛੱਡ ਦਿੱਤੇ ਜਾਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿਚ ਵਿਧਾਇਕ ਰਾਜਿੰਦਰ ਬੇਰੀ ਅਤੇ ਮੇਅਰ ਜਗਦੀਸ਼ ਰਾਜਾ ਨੇ ਅੱਜ ਸਮਾਰਟ ਸਿਟੀ ਅਤੇ ਨਿਗਮ ਅਧਿਕਾਰੀਆਂ ਦੀ ਇਕ ਬੈਠਕ ਬੁਲਾਈ, ਜਿਸ ਦੌਰਾਨ 20 ਕਰੋੜ ਦਾ ਟੈਂਡਰ ਲੈਣ ਵਾਲੇ ਦੋਵਾਂ ਠੇਕੇਦਾਰਾਂ ਨਾਲ ਵੀ ਜਵਾਬਤਲਬੀ ਕੀਤੀ ਗਈ।

ਇਸ ਬੈਠਕ ਦੌਰਾਨ ਸਮਾਰਟ ਸਿਟੀ ਦੀ ਸੀ. ਈ. ਓ. ਡਾ. ਸ਼ੇਨਾ ਅੱਗਰਵਾਲ, ਨਿਗਮ ਕਮਿਸ਼ਨਰ ਦੀਪਰਵ ਲਾਕੜਾ, ਜੁਆਇੰਟ ਕਮਿਸ਼ਨਰ ਹਰਚਰਣ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਰਹੇ। ਬੈਠਕ ਦੌਰਾਨ ਬੇਰੀ ਅਤੇ ਰਾਜਾ ਨੇ ਅਧਿਕਾਰੀਆਂ ਕੋਲੋਂ ਪੁੱਛਿਆ ਕਿ ਕੰਮ ਵਿਚ ਲਾਪ੍ਰਵਾਹੀ ਵਰਤਣ ਵਾਲੇ ਦੋਵਾਂ ਠੇਕੇਦਾਰਾਂ ਨੂੰ ਹੁਣ ਤੱਕ ਬਲੈਕ ਲਿਸਟ ਕਿਉਂ ਨਹੀਂ ਕੀਤਾ ਗਿਆ। ਸੀ. ਈ. ਓ. ਡਾ. ਸ਼ੇਨਾ ਅੱਗਰਵਾਲ ਦਾ ਕਹਿਣਾ ਸੀ ਕਿ ਠੇਕੇਦਾਰਾਂ ਨੂੰ ਨੋਟਿਸ ਭੇਜੇ ਜਾ ਚੁੱਕੇ ਹਨ ਅਤੇ ਬਲੈਕ ਲਿਸਟ ਕਰਨ ਦੀ ਕਾਰਵਾਈ ਚੱਲ ਰਹੀ ਹੈ।

ਇਸ ਦੌਰਾਨ ਠੇਕੇਦਾਰਾਂ ਨੇ ਕੰਮ ਨਾ ਹੋਣ ਨੂੰ ਲੈ ਕੇ ਕਈ ਬਹਾਨੇ ਲਾਏ ਅਤੇ ਰਾਅ ਮਟੀਰੀਅਲ ਆਦਿ ਨਹੀਂ ਮਿਲਣ ਬਾਰੇ ਦੱਸਿਆ ਪਰ ਉਨ੍ਹਾਂ ਦੀਆਂ ਗੱਲਾਂ ਨਾਲ ਅਸਹਿਮਤ ਹੁੰਦੇ ਹੋਏ ਵਿਧਾਇਕ ਅਤੇ ਮੇਅਰ ਨੇ ਉਨ੍ਹਾਂ ਨੂੰ ਲਿਖਤੀ ਵਿਚ ਭਰੋਸਾ ਦੇਣ ਨੂੰ ਕਿਹਾ। ਠੇਕੇਦਾਰਾਂ ਨੇ ਲਿਖ ਕੇ ਦਿੱਤਾ ਹੈ ਕਿ ਤਿੰਨਾਂ ਚੌਕਾਂ ਦਾ ਕੰਮ ਅਗਲੇ 3 ਮਹੀਨਿਆਂ ਦੇ ਅੰਦਰ ਪੂਰਾ ਕਰ ਦਿੱਤਾ ਜਾਵੇਗਾ ਅਤੇ ਉਸ ਤੋਂ ਅਗਲੇ 3 ਮਹੀਨਿਆਂ ਵਿਚ ਬਾਕੀ 8 ਚੌਕਾਂ ਦਾ ਕੰਮ ਵੀ ਨਿਬੇੜ ਦਿੱਤਾ ਜਾਵੇਗਾ।

ਇਨ੍ਹਾਂ ਚੌਕਾਂ 'ਤੇ ਖਰਚ ਹੋਣੇ ਹਨ ਇੰਨੇ ਰੁਪਏ
ਐੱਚ. ਐੱਮ. ਵੀ. ਚੌਕ - 3.73 ਕਰੋੜ
ਗੁਰੂ ਰਵਿਦਾਸ ਚੌਕ - 3.52 ਕਰੋੜ
ਗੁਰੂ ਅਮਰਦਾਸ ਚੌਕ - 2.65 ਕਰੋੜ
ਡਾ. ਬੀ. ਆਰ. ਅੰਬੇਡਕਰ ਚੌਕ - 1.90 ਕਰੋੜ
ਦੋਆਬਾ ਚੌਕ - 1.81 ਕਰੋੜ
ਸ਼ਹੀਦ ਰਮਨ ਦਾਦਾ - ਕਪੂਰਥਲਾ ਚੌਕ - 1.57 ਕਰੋੜ
ਭਗਵਾਨ ਵਾਲਮੀਕਿ ਚੌਕ - 1. 43 ਕਰੋੜ
ਬੀ. ਐੱਮ. ਸੀ. ਚੌਕ - 1.36 ਕਰੋੜ
120 ਫੁੱਟ ਰੋਡ ਅਤੇ ਕਪੂਰਥਲਾ ਰੋਡ ਇੰਟਰਸੈਕਸ਼ਨ - 1.33 ਕਰੋੜ
ਸ਼੍ਰੀ ਰਾਮ ਚੌਕ - 1.30 ਕਰੋੜ
ਮਾਡਲ ਟਾਊਨ ਇੰਟਰਸੈਕਸ਼ਨ - 1.08 ਕਰੋੜ

ਪਹਿਲੇ ਚੌਕ ਦੇ ਕੰਮ ਨੇ ਹੀ ਵਧਾ ਦਿੱਤੀ ਸਮੱਸਿਆ
ਕਾਂਗਰਸ ਪਾਰਟੀ ਸਮਾਰਟ ਸਿਟੀ ਦੇ 20 ਕਰੋੜ ਰੁਪਏ ਨਾਲ ਸ਼ਹਿਰ ਦੇ 11 ਚੌਕਾਂ ਨੂੰ ਖੂਬਸੂਰਤ ਬਣਾ ਕੇ ਚੋਣ ਫਾਇਦਾ ਲੈਣਾ ਚਾਹ ਰਹੀ ਹੈ ਪਰ ਹੁਣ ਤੱਕ ਸਿਰਫ ਇਕ ਚੌਕ (ਵਰਕਸ਼ਾਪ ਚੌਕ ) ਦਾ 10ਜਾਂ20 ਫ਼ੀਸਦੀ ਕੰਮ ਹੀ ਪੂਰਾ ਹੋਇਆ ਹੈ । ਇਸ ਚੌਕ ਵਿਚ ਵੀ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ ਕਿਉਂਕਿ ਨਵੇਂ ਡਿਜ਼ਾਈਨ ਦੇ ਤਹਿਤ ਚੌਕ ਦੇ ਆਸਪਾਸ ਦੀਆਂ ਸੜਕਾਂ ਨੂੰ ਖੁੱਲ੍ਹਾ ਕਰਨ ਦੀ ਬਜਾਏ ਤੰਗ ਕਰ ਦਿੱਤਾ ਗਿਆ ਹੈ ਇਸ ਨਾਲ ਹੁਣੇ ਤੋਂ ਹੀ ਟਰੈਫਿਕ ਜਾਮ ਦੀ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ। ਵਿਧਾਇਕ , ਮੇਅਰ ਅਤੇ ਕੌਂਸਲਰ ਇਸ ਸਮੱਸਿਆ ਨੂੰ ਲੈ ਕੇ ਕਈ ਵਾਰ ਆਪਣੀ ਨਾਰਾਜ਼ਗੀ ਜਤਾ ਚੁੱਕੇ ਹਨ ਪਰ ਹੁਣ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਜੇਕਰ ਬਾਕੀ ਚੌਕਾਂ ਵਿਚ ਵੀ ਇਹੀ ਸਭ ਕੀਤਾ ਗਿਆ ਤਾਂ ਕਾਂਗਰਸ ਨੂੰ ਇਹ ਦਾਅ ਉਲਟਾ ਪੈ ਸਕਦਾ ਹੈ ।

15 ਅਪ੍ਰੈਲ ਤੱਕ ਬਣਨਗੀਆਂ ਸ਼ਹਿਰ ਦੀਆਂ ਮੇਨ 15 ਸੜਕਾਂ
ਬੈਠਕ ਦੇ ਬਾਅਦ ਵਿਧਾਇਕ ਬੇਰੀ ਅਤੇ ਮੇਅਰ ਰਾਜਾ ਨੇ ਨਗਰ ਨਿਗਮ ਦੇ ਦੋਵਾਂ ਐੱਸ. ਈਜ਼ ਨਾਲ ਬੈਠਕ ਕਰ ਕੇ ਸ਼ਹਿਰ ਦੀਆਂ ਟੁੱਟੀਆਂ ਸੜਕਾਂ 'ਤੇ ਚਰਚਾ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਦਿਨ ਬਾਅਦ ਮੌਸਮ ਸਾਫ਼ ਹੋਣ ਦੀ ਹਾਲਤ ਵਿਚ ਲੁੱਕ-ਬੱਜਰੀ ਦੇ ਹਾਟ ਮਿਕਸ ਪਲਾਂਟ ਚੱਲਣੇ ਸ਼ੁਰੂ ਹੋ ਜਾਣਗੇ, ਜਿਸ ਤੋਂ ਬਾਅਦ ਸੜਕਾਂ ਨੂੰ ਬਣਾਉਣ ਦਾ ਸਿਲਸਿਲਾ ਸ਼ੁਰੂ ਹੋਵੇਗਾ ਅਤੇ 15 ਅਪ੍ਰੈਲ ਤੱਕ ਸ਼ਹਿਰ ਦੀਆਂ ਕਰੀਬ 15 ਮੇਨ ਸੜਕਾਂ 'ਤੇ ਲੁੱਕ-ਬੱਜਰੀ ਦੀ ਪਰਤ ਪਾ ਦਿੱਤੀ ਜਾਵੇਗੀ ।


shivani attri

Content Editor

Related News