ਕਿਸੇ ਵੀ ਸਮੇਂ ਸਮਾਰਟ ਸਿਟੀ ਪ੍ਰਾਜੈਕਟਾਂ ਦੀਆਂ ਸਾਈਟਾਂ ’ਤੇ ਜਾ ਕੇ ਜਾਂਚ ਸ਼ੁਰੂ ਕਰ ਸਕਦੀਆਂ ਨੇ ਵਿਜੀਲੈਂਸ ਦੀਆਂ ਟੈਕਨੀਕਲ ਟੀਮਾਂ

03/20/2023 2:23:35 PM

ਜਲੰਧਰ (ਖੁਰਾਣਾ)-ਆਉਣ ਵਾਲੇ ਕੁਝ ਹੀ ਦਿਨਾਂ ਵਿਚ ਵਿਜੀਲੈਂਸ ਬਿਊਰੋ ਜਲੰਧਰ ਕੋਲ ਉਹ ਟੈਕਨੀਕਲ ਟੀਮਾਂ ਪਹੁੰਚ ਸਕਦੀਆਂ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਸਮਾਰਟ ਸਿਟੀ ਜਲੰਧਰ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਜਾਂਚ ਲਈ ਗਠਿਤ ਕੀਤਾ ਹੈ। ਇਹ ਟੀਮਾਂ ਆਉਣ ਵਾਲੇ ਦਿਨਾਂ ਵਿਚ ਸਮਾਰਟ ਸਿਟੀ ਦੇ ਵੱਖ-ਵੱਖ ਪ੍ਰਾਜੈਕਟਾਂ ਦੀਆਂ ਸਾਈਟਾਂ ’ਤੇ ਜਾ ਕੇ ਆਪਣੀ ਜਾਂਚ ਦਾ ਕੰਮ ਸ਼ੁਰੂ ਕਰ ਸਕਦੀਆਂ ਹਨ। ਪਤਾ ਲੱਗਾ ਹੈ ਕਿ ਇਸ ਦੇ ਲਈ ਪੰਜਾਬ ਸਰਕਾਰ ਨੇ ਲੋਕਲ ਬਾਡੀਜ਼, ਲੋਕ ਨਿਰਮਾਣ ਵਿਭਾਗ ਅਤੇ ਜਲ ਅਤੇ ਸੈਨੀਟੇਸ਼ਨ ਵਿਭਾਗ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਸੇਵਾਵਾਂ ਲਈਆਂ ਹਨ। ਇਨ੍ਹਾਂ ਵਿਭਾਗਾਂ ਦੇ ਜੇ. ਈ., ਐੱਸ. ਡੀ. ਓ. ਅਤੇ ਐਕਸੀਅਨ ਪੱਧਰ ਦੇ ਅਧਿਕਾਰੀ ਇਸ ਜਾਂਚ ਵਿਚ ਵਿਜੀਲੈਂਸ ਨੂੰ ਸਹਿਯੋਗ ਦੇਣਗੇ।

ਇਹ ਵੀ ਪੜ੍ਹੋ : ਜਲੰਧਰ ਸ਼ਹਿਰ ਦੇ ਕੋਨੇ-ਕੋਨੇ ’ਤੇ ਪੈਰਾ-ਮਿਲਟਰੀ ਫੋਰਸ ਤਾਇਨਾਤ, ਇੰਟਰਨੈੱਟ ਸੇਵਾਵਾਂ ਅੱਜ ਵੀ ਰਹਿਣਗੀਆਂ ਬੰਦ

ਪਹਿਲੇ ਪੜਾਅ ’ਚ ਹਨ ਤਿੰਨ ਤਰ੍ਹਾਂ ਦੇ ਪ੍ਰਾਜੈਕਟ
ਵਿਜੀਲੈਂਸ ਬਿਊਰੋ ਜਲੰਧਰ ਨੂੰ ਪੰਜਾਬ ਸਰਕਾਰ ਨੇ ਨਿਰਦੇਸ਼ ਦਿੱਤੇ ਹਨ ਕਿ ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟਾਂ ਦੀ ਜਾਂਚ ਕੀਤੀ ਜਾਵੇ ਪਰ ਵਿਜੀਲੈਂਸ ਬਿਊਰੋ ਵੱਲੋਂ ਪਹਿਲੇ ਪੜਾਅ ਵਿਚ ਤਿੰਨ ਤਰ੍ਹਾਂ ਦੇ ਪ੍ਰਾਜੈਕਟਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿਚ ਵੱਡੇ ਪੱਧਰ ’ਤੇ ਬੇਨਿਯਮੀਆਂ ਸਾਹਮਣੇ ਆਈਆਂ ਹਨ। ਇਸ ਵਿਚ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ, ਪਾਰਕਾਂ ਦੇ ਸੁੰਦਰੀਕਰਨ ਸਬੰਧੀ ਪ੍ਰਾਜੈਕਟ ਅਤੇ ਚੌਕਾਂ ਸਬੰਧੀ ਪ੍ਰਾਜੈਕਟ ਸ਼ਾਮਲ ਹਨ। ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ’ਤੇ ਜਿੱਥੇ 60 ਕਰੋੜ ਤੋਂ ਵੱਧ ਖਰਚ ਹੋ ਚੁੱਕੇ ਹਨ, ਉਥੇ ਹੀ ਚੌਂਕਾਂ ਨਾਲ ਸਬੰਧਤ ਪ੍ਰਾਜੈਕਟ ’ਤੇ ਵੀ 8 ਕਰੋੜ ਤੋਂ ਵੱਧ ਦੀ ਲਾਗਤ ਆ ਚੁੱਕੀ ਹੈ। ਇਸੇ ਤਰ੍ਹਾਂ ਹਰੇਕ ਪਾਰਕ ’ਤੇ ਸਮਾਰਟ ਸਿਟੀ ਦੇ ਇਕ-ਇਕ ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਜਾ ਚੁੱਕੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਵੱਡੇ ਖਰਚੇ ਦੇ ਬਾਵਜੂਦ ਸ਼ਹਿਰ ਬਿਲਕੁਲ ਵੀ ਸਮਾਰਟ ਨਜ਼ਰ ਨਹੀਂ ਆ ਰਿਹਾ।

ਪਿਛਲੇ ਸਮੇਂ ਦੌਰਾਨ ਰਹੇ ਅਧਿਕਾਰੀ ਤਲਬ ਕੀਤੇ ਜਾਣਗੇ
ਵਿਜੀਲੈਂਸ ਬਿਊਰੋ ਨੇ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੀ ਜਾਂਚ ਦੇ ਪਹਿਲੇ ਪੜਾਅ ਦੌਰਾਨ ਜਿਹੜੇ ਪ੍ਰਾਜੈਕਟਾਂ ’ਤੇ ਫੋਕਸ ਕੀਤਾ ਹੈ, ਉਨ੍ਹਾਂ ਨੂੰ ਸੰਚਾਲਿਤ ਕਰਨ ਵਾਲੇ ਅਧਿਕਾਰੀ ਵਿਜੀਲੈਂਸ ਵੱਲੋਂ ਜਲਦ ਤਲਬ ਕੀਤੇ ਜਾਣਗੇ, ਜਿਹੜੇ ਪਿਛਲੇ ਸਮੇਂ ਦੌਰਾਨ ਸਮਾਰਟ ਸਿਟੀ ਵਿਚ ਕੰਮ ਕਰਦੇ ਰਹੇ। ਵਿਜੀਲੈਂਸ ਦੇ ਸੂਤਰਾਂ ਦੀ ਮੰਨੀਏ ਤਾਂ ਸਮਾਰਟ ਸਿਟੀ ਜਲੰਧਰ ਦੇ ਸਾਬਕਾ ਟੀਮ ਲੀਡਰ ਕੁਲਵਿੰਦਰ ਸਿੰਘ, ਸਾਬਕਾ ਇਲੈਕਟ੍ਰੀਕਲ ਐਕਸਪਰਟ ਲਖਵਿੰਦਰ ਸਿੰਘ ਤੋਂ ਇਲਾਵਾ ਇਨ੍ਹਾਂ ਸਾਰੇ ਪ੍ਰਾਜੈਕਟਾਂ ਨਾਲ ਜੁੜੇ ਹੋਰ ਅਧਿਕਾਰੀਆਂ ਨੂੰ ਵੀ ਜਾਂਚ ਦੌਰਾਨ ਸਾਈਟਾਂ ’ਤੇ ਲਿਆਂਦਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸਮਾਰਟ ਸਿਟੀ ਵਿਚ ਰਹਿ ਰਹੇ ਕਈ ਅਧਿਕਾਰੀ ਨਗਰ ਨਿਗਮ ਅਤੇ ਹੋਰ ਸਰਕਾਰੀ ਵਿਭਾਗਾਂ ਤੋਂ ਪੈਨਸ਼ਨ ਲੈ ਰਹੇ ਹਨ, ਇਸ ਲਈ ਵਿਜੀਲੈਂਸ ਬਿਊਰੋ ਵੱਲੋਂ ਅਜਿਹੇ ਸੇਵਾਮੁਕਤ ਅਧਿਕਾਰੀਆਂ ’ਤੇ ਸ਼ਿਕੰਜਾ ਕੱਸਣਾ ਤੈਅ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਤੇ ਗੈਂਗਸਟਰਾਂ ਦੇ ਮੁੱਦੇ ’ਤੇ ਖੁੱਲ੍ਹ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀਆਂ ਵੱਡੀਆਂ ਗੱਲਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News