ਸਿਮਰਨਜੀਤ ਸਿੰਘ ਮਾਨ ਵੱਖਰੇ ਤੌਰ ''ਤੇ ਮਨਾਉਣਗੇ 550 ਸਾਲਾ ਪ੍ਰਕਾਸ਼ ਪੁਰਬ

07/10/2019 12:57:35 PM

ਸੁਲਤਾਨਪੁਰ ਲੋਧੀ (ਸੋਢੀ)— ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੂਬਾ ਪੱਧਰੀ ਮੀਟਿੰਗ ਬੀਤੇ ਦਿਨ ਸਥਾਨਕ ਰੈਸਟੋਰੈਂਟ ਵਿਖੇ ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ਼੍ਰੋਮਣੀ ਕਮੇਟੀ, ਬਾਦਲਾਂ ਅਤੇ ਪੰਜਾਬ ਸਰਕਾਰ ਤੋਂ ਵੱਖਰੇ ਤੌਰ 'ਤੇ ਸੁਲਤਾਨਪੁਰ ਲੋਧੀ ਵਿਖੇ ਮਨਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਮੌਜੂਦਾ ਐੱਸ. ਜੀ. ਪੀ. ਸੀ. ਅਤੇ ਰਵਾਇਤੀ ਬਾਦਲ ਦਲੀਏ ਸਿੱਖ ਕੌਮ ਦੀ ਧਾਰਮਿਕ ਅਤੇ ਸਿਆਸੀ ਤੌਰ 'ਤੇ ਅਗਵਾਈ ਕਰਨ ਦੀ ਸਮਰੱਥਾ ਖੋ ਬੈਠੇ ਹਨ। ਇਨ੍ਹਾਂ ਵੱਲੋਂ ਮੁਤੱਸਵੀ ਬੀ. ਜੇ. ਪੀ.-ਆਰ. ਐੱਸ. ਐੱਸ., ਸਿੱਖ ਵਿਰੋਧੀ ਕਾਂਗਰਸ ਵਰਗੀਆਂ ਜਮਾਤਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਨਾ ਸਿੱਖ ਕੌਮ ਦੀ ਅਣਖ ਅਤੇ ਗੈਰਤ ਨੂੰ ਰੋਲਣ ਦੇ ਦੁੱਖਦਾਇਕ ਅਮਲ ਹੋ ਰਹੇ ਹਨ। ਇਹੀ ਵਜ੍ਹਾ ਹੈ ਕਿ ਇਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਮਹਾਨ ਦਿਹਾੜੇ ਨੂੰ ਹਿੰਦੂ ਅਤੇ ਹਿੰਦੀ ਰੰਗਤ 'ਚ ਰੰਗਣ ਹਿੱਤ ਅਤੇ ਆਪਣੇ ਸਿਆਸੀ ਅਤੇ ਪਰਿਵਾਰਕ ਸਵਾਰਥਾਂ ਦੀ ਪੂਰਤੀ ਅਧੀਨ ਜ਼ਾਲਮ ਅਤੇ ਜਾਬਰ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕ ਕੁੱਚਲਣ ਵਾਲੇ ਮੋਦੀ ਨੂੰ ਇਸ ਮਹਾਨ ਸਮਾਗਮ 'ਤੇ ਬੁਲਾਉਣ ਦਾ ਸੱਦਾ ਦੇ ਕੇ ਬੱਜਰ ਗੁਸਤਾਖੀ ਕੀਤੀ ਹੈ। ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਇਨ੍ਹਾਂ ਦੀ ਸਿੱਖ ਵਿਰੋਧੀ ਖੇਡ ਨੂੰ ਸਮਝ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਮਹਾਨ ਦਿਹਾੜੇ ਨੂੰ ਮਨਾਉਣ ਲਈ ਸੁਲਤਾਨਪੁਰ ਲੋਧੀ ਵਿਖੇ ਜ਼ਮੀਨ ਪ੍ਰਾਪਤ ਕਰਕੇ ਜਲਦੀ ਹੀ ਤਿਆਰੀਆਂ ਮੁਕੰਮਲ ਕੀਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਵੱਖਰੇ ਤੌਰ 'ਤੇ ਮਨਾਉਣ ਸਮੇਂ ਸੰਤਾਂ-ਮਹਾਪੁਰਸ਼ਾਂ, ਪੰਥਕ ਜਥੇਬੰਦੀਆਂ, ਪੰਥ ਦਰਦੀ, ਸਿੱਖ ਕੌਮ, ਰਾਗੀ-ਢਾਡੀ, ਪ੍ਰਚਾਰਕ, ਕਥਾਵਾਚਕ ਅਤੇ ਸਿੱਖ ਨੌਜਵਾਨੀ ਨੂੰ ਨਾਲ ਜੋੜਿਆ ਜਾਵੇਗਾ। ਇਸ ਮੌਕੇ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਕਰਮ ਸਿੰਘ ਭੋਈਆਂ, ਇਕਬਾਲ ਸਿੰਘ ਜ਼ੀਰਾ, ਸੁਖਜੀਤ ਸਿੰਘ ਡਰੋਲੀ, ਅੰਮ੍ਰਿਤਪਾਲ ਸਿੰਘ ਸੂਬਾ ਪ੍ਰਧਾਨ ਯੂਥ ਵਿੰਗ, ਨਰਿੰਦਰ ਸਿੰਘ ਖੁਸਰੋਪੁਰ ਜ਼ਿਲਾ ਪ੍ਰਧਾਨ ਕਪੂਰਥਲਾ, ਬਲਵਿੰਦਰ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਫਤਿਹਪੁਰ ਅਤੇ ਹੋਰਨਾਂ ਨੇ ਸ਼ਿਰਕਤ ਕੀਤੀ।


shivani attri

Content Editor

Related News