ਸਿੱਖ ਪਿਓ-ਪੁੱਤ ''ਤੇ ਹੋਏ ਹਮਲੇ ਦਾ ਅਸਰ ਜਲੰਧਰ ''ਚ ਵੀ ਦਿੱਸਿਆ, ਫੂਕਿਆ ਦਿੱਲੀ ਸਰਕਾਰ ਦਾ ਪੁਤਲਾ

06/18/2019 11:11:59 AM

ਜਲੰਧਰ (ਚਾਵਲਾ)— ਸਿੱਖ ਜਥੇਬੰਦੀਆਂ, ਯੂਥ ਅਕਾਲੀ ਦਲ, ਸਿੱਖ ਤਾਲਮੇਲ ਕਮੇਟੀ, 'ਆਗਾਜ਼ ਦਿ ਹੈਲਪਿੰਗ ਹੈਂਡ ਸੋਸਾਇਟੀ' ਨੇ ਨਵੀਂ ਦਿੱਲੀ ਵਿਖੇ ਦਿੱਲੀ ਪੁਲਸ ਵੱਲੋਂ ਸਿੱਖਾਂ ਨਾਲ ਕੀਤੀ ਗਈ ਕੁੱਟਮਾਰ ਦੇ ਰੋਸ ਵਜੋਂ ਜਲੰਧਰ 'ਚ ਰੋਸ ਮਾਰਚ ਕੀਤਾ। ਇਸ ਦੌਰਾਨ ਸਿੱਖ ਜਥੇਬੰਦੀਆਂ ਨੇ ਦਿੱਲੀ ਪੁਲਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਇਹ ਰੋਸ ਮਾਰਚ ਅਲੀ ਪੁਲੀ ਮੁਹੱਲਾ ਤੋਂ ਆਰੰਭ ਹੋ ਕੇ ਜੋਤੀ ਚੌਕ ਤੋਂ ਕੰਪਨੀ ਬਾਗ ਚੌਕ ਪੁੱਜਾ, ਜਿੱਥੇ ਸਿੱਖ ਜਥੇਬੰਦੀਆਂ ਨੇ ਦਿੱਲੀ ਪੁਲਸ ਦਾ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ ਅਤੇ ਪੁਲਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

PunjabKesari
ਇਸ ਦੌਰਾਨ ਡੀ. ਸੀ. ਪੀ. ਗੁਰਮੀਤ ਸਿੰਘ ਨੂੰ ਸਿੱਖ ਜਥੇਬੰਦੀਆਂ ਵੱਲੋਂ ਇਕ ਮੈਮੋਰੰਡਮ ਸੌਂਪਿਆ ਗਿਆ, ਜਿਸ 'ਚ ਉਨ੍ਹਾਂ ਮੰਗ ਕੀਤੀ ਕਿ ਦਿੱਲੀ ਵਿਖੇ ਦਿੱਲੀ ਪੁਲਸ ਨੇ ਇਕ ਸਿੱਖ ਅਤੇ ਉਸ ਦੇ ਨੌਜਵਾਨ ਲੜਕੇ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਉਸ ਲੜਕੇ 'ਤੇ ਰਿਵਾਲਵਰ ਤਾਣ ਕੇ ਬੇਤਹਾਸ਼ਾ ਕੁੱਟਮਾਰ ਕੀਤੀ ਗਈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ ਨੂੰ ਵਾਰ-ਵਾਰ ਬੇਗਾਨਗੀ ਦਾ ਅਹਿਸਾਸ ਨਾ ਕਰਵਾਇਆ ਜਾਵੇ। ਸਿੱਖ ਦੇਸ਼ 'ਚ ਅਮਨ-ਅਮਾਨ ਨਾਲ ਰਹਿਣਾ ਚਾਹੁੰਦੇ ਹਨ। ਉਨ੍ਹਾਂ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਦੋਸ਼ੀ ਪੁਲਸ ਮੁਲਾਜ਼ਮਾਂ 'ਤੇ ਧਾਰਾ 307, ਇਰਾਦਾ ਕਤਲ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਤਹਿਤ 295ਏ ਦਾ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਭੁਪਿੰਦਰਪਾਲ ਸਿੰਘ ਖਾਲਸਾ, ਹਰਪ੍ਰੀਤ ਸਿੰਘ ਨੀਟੂ, ਪਰਮਪ੍ਰੀਤ ਸਿੰਘ ਵਿੱਟੀ, ਅਮਰਜੀਤ ਸਿੰਘ ਮੰਗਾ, ਹਰਜੋਤ ਸਿੰਘ ਲੱਕੀ, ਹਰਪ੍ਰੀਤ ਸਿੰਘ ਰੋਬਿਨ, ਜਤਿੰਦਰ ਸਿੰਘ ਮਝੈਲ, ਅਮਨਦੀਪ ਸਿੰਘ ਬੱਗਾ, ਗੁਰਿੰਦਰ ਸਿੰਘ ਮਝੈਲ, ਜਸਪ੍ਰੀਤ ਸਿੰਘ ਤੇ ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ।


shivani attri

Content Editor

Related News