ਸਿੱਖ ਸੰਗਠਨਾਂ ਤੇ ਕਿਸਾਨ ਮੋਰਚੇ ਨੇ ਸ੍ਰੀ ਅਨੰਦਪੁਰ ਸਾਹਿਬ-ਜਲੰਧਰ ਮੁੱਖ ਮਾਰਗ ਜਾਮ ਕਰਕੇ ਦਿੱਤਾ ਧਰਨਾ

07/15/2022 10:17:38 AM

ਨੂਰਪੁਰਬੇਦੀ (ਡੂਮੇਵਾਲ/ਭੰਡਾਰੀ/ਕੁਲਦੀਪ)-ਉੱਪ ਮੰਡਲ ਸ੍ਰੀ ਅਨੰਦਪੁਰ ਅਧੀਨ ਪੈਂਦੇ ਅੱਡਾ ਝੱਜ ਚੌਂਕ ਲਾਗੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਂ ’ਤੇ ਬਣਾਏ ਇਕ ਨਿੱਜੀ ਗੁਰੂ ਘਰ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਅਸਥਾਨ ਦੇ ਪ੍ਰਬੰਧਕ ਵੱਲੋਂ ਕੀਤੀਆਂ ਜਾ ਰਹੀਆਂ ਗੁਰਮਤਿ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਰਾਮ ਸਿੰਘ ਮਹੈਣ ਖ਼ਿਲਾਫ਼ ਵੀਰਵਾਰ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਕਿਰਤੀ ਕਿਸਾਨ ਮੋਰਚੇ ਵੱਲੋਂ ਕਰੀਬ 6 ਘੰਟੇ ਸ੍ਰੀ ਅਨੰਦਪੁਰ ਸਾਹਿਬ-ਜਲੰਧਰ ਮੁੱਖ ਮਾਰਗ ਨੂੰ ਮੁਕੰਮਲ ਤੌਰ ’ਤੇ ਜਾਮ ਕਰ ਦਿੱਤਾ ਗਿਆ।

ਇਸੇ ਦੌਰਾਨ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਹੈੱਡ ਗ੍ਰੰਥੀ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਪਹੁੰਚੇ ਸਤਿਕਾਰਤ ਪੰਜ ਪਿਆਰਿਆਂ ਨੇ ਉਕਤ ਵਿਵਾਦਿਤ ਅਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ, ਇਕ ਸੈਂਚੀ ਪੋਥੀ ਅਤੇ ਦਰਜਨ ਤੋਂ ਵੱਧ ਗੁਟਕਾ ਸਾਹਿਬ ਕਬਜੇ ’ਚ ਲੈ ਕੇ ਤਖ਼ਤ ਸਾਹਿਬ ਨੂੰ ਰਵਾਨਾ ਕੀਤੇ। ਉੱਥੇ ਹੀ ਤਖ਼ਤ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਦੀ ਅਗਵਾਈ ’ਚ ਐੱਸ. ਜੀ. ਪੀ. ਸੀ. ਨੇ ਗੁਰੂ ਘਰ ’ਚੋਂ ਨਿਸ਼ਾਨ ਸਾਹਿਬ ਵੀ ਹਟਾ ਦਿੱਤਾ ਅਤੇ ਦਰਸ਼ਣੀ ਡਿਓਢੀ ਤੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਨਾਂ ਵੀ ਪੱਕੇ ਤੌਰ ’ਤੇ ਹਟਾ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਸਵੇਰੇ 8 ਵਜੇ ਤੋਂ ਹੀ ਸਥਾਨਕ ਝੱਜ ਚੌਂਕ ’ਤੇ ਸੰਗਤਾਂ ਵਲੋਂ ਮੁਕੰਮਲ ਰੂਪ ’ਚ ਚੱਕਾ ਜਾਮ ਕਰ ਦਿੱਤਾ ਗਿਆ ਸੀ, ਜਿਸ ਕਾਰਨ ਸ੍ਰੀ ਅੰਮ੍ਰਿਤਸਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਆਦਿ ਨੂੰ ਜਾਣ ਵਾਲੀ ਟ੍ਰੈਫਿਕ ਜਿੱਥੇ ਪ੍ਰਭਾਵਿਤ ਹੋਈ। ਇਸ ਤੋਂ ਕੁਝ ਕੁ ਘੰਟਿਆਂ ਬਾਅਦ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਸ਼ਾਂਤਮਈ ਸਿਮਰਨ ਕਰਦੀਆਂ ਪੈਦਲ ਹੀ ਉਕਤ ਅਸਥਾਨ ’ਤੇ ਪਹੁੰਚੀਆਂ ਅਤੇ ਅਸਥਾਨ ਦੇ ਬਿਲਕੁਲ ਸਾਹਮਣੇ ਹੀ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ।

ਇਹ ਵੀ ਪੜ੍ਹੋ: ਗੋਰਾਇਆ 'ਚ ਵੱਡੀ ਵਾਰਦਾਤ, ਫੁੱਟਬਾਲ ਖਿਡਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

PunjabKesari

ਇਸ ਦੌਰਾਨ ਜੁੜੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਬਾਬਾ ਗੁਰਚਰਨ ਸਿੰਘ ਬੇਈਹਾਰਾ, ਸੁਖਵਿੰਦਰ ਸਿੰਘ ਬੜਵਾ, ਗੁਰਨਾਇਬ ਸਿੰਘ ਜੇਤੇਵਾਲ, ਵੀਰ ਸਿੰਘ ਬੜਵਾ ਅਤੇ ਸੁੱਚਾ ਸਿੰਘ ਮੰਡੇਰ ਆਦਿ ਨੇ ਕਿਹਾ ਕਿ ਗੈਰ ਸਿਧਾਂਤਕ ਗਤੀਵਿਧੀਆਂ ਨੂੰ ਅੰਜ਼ਾਮ ਦੇ ਕੇ ਉਕਤ ਅਸਥਾਨ ਦਾ ਪ੍ਰਬੰਧਕ ਬੀਤੇ ਡੇਢ ਦਹਾਕੇ ਤੋਂ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਾ ਆ ਰਿਹਾ ਹੈ। ਇਸ ਦੌਰਾਨ ਉਸ ਨੇ ਵੱਡੇ ਪੈਮਾਨੇ ’ਤੇ ਪੈਸਾ ਇਕੱਤਰ ਕਰਕੇ ਨਾਮੀ ਅਤੇ ਬੇਨਾਮੀ ਜਾਇਦਾਦ ਬਣਾਈ ਹੈ, ਜਿਸ ਦੀ ਜੁਡੀਸ਼ਲੀ ਜਾਂਚ ਹੋਣੀ ਚਾਹੀਦੀ ਹੈ। ਧਰਨੇ ਵਾਲੀ ਥਾਂ ’ਤੇ ਪੁੱਜੇ ਐੱਸ. ਪੀ. ਹੈੱਡਕੁਆਰਟਰ ਜਗਜੀਤ ਸਿੰਘ ਜੱਲਾ, ਐੱਸ. ਪੀ. ਰਾਜਪਾਲ ਹੁੰਦਲ, ਐੱਸ. ਡੀ. ਐੱਮ. ਮਨੀਸ਼ਾ ਰਾਣਾ, ਡੀ. ਐੱਸ. ਪੀ. ਅਜੇ ਸਿੰਘ ਅਤੇ ਐੱਸ. ਐੱਚ. ਓ. ਗੁਰਸੇਵਕ ਸਿੰਘ ਬਰਾਡ਼ ਵਲੋਂ ਵੱਖ-ਵੱਖ ਸਮੇਂ ਅੰਦੋਲਨਕਾਰੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਵੀ ਕੀਤੀਆਂ ਪਰ ਸੰਗਤਾਂ ਆਪਣੀਆਂ ਮੰਗਾਂ ਮਨਵਾਉਣ ’ਤੇ ਅੜੀਆਂ ਰਹੀਆਂ।

ਪ੍ਰਬੰਧਕ ਖ਼ਿਲਾਫ਼ ਦੋ ਦਿਨ ’ਚ ਕਾਨੂੰਨੀ ਕਾਰਵਾਈ ਦਾ ਅਲਟੀਮੇਟਮ
ਇਸ ਦੌਰਾਨ ਪ੍ਰਸ਼ਾਸਨ ਅਤੇ ਸਿੱਖ ਜਥੇਬੰਦੀਆਂ ਵਿਚਕਾਰ ਲੰਬੀ ਜੱਦੋਜਹਿਦ ਉਪਰੰਤ ਸੰਗਤਾਂ ਨੇ ਸਰਕਾਰ ਨੂੰ ਦੋ ਦਿਨ ਦਾ ਅਲਟੀਮੇਟਮ ਦੇ ਕੇ ਧਰਨਾ ਚੁੱਕਿਆ। ਜਥੇਬੰਦੀਆਂ ਦੇ ਆਗੂਆਂ ਜਗਵੀਰ ਸਿੰਘ ਸ਼ਾਹਪੁਰ ਬੇਲਾ, ਬਾਬਾ ਸਤਨਾਮ ਸਿੰਘ, ਬਾਬਾ ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਸੈਦਪੁਰ, ਮਾ. ਜਸਵਿੰਦਰ ਸਿੰਘ ਆਦਿ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਖ਼ਿਲਾਫ਼ ਅਸਥਾਨ ਦੇ ਮੁਖੀ ਖ਼ਿਲਾਫ਼ ਜੇਕਰ ਪੁਲਸ ਨੇ ਵਾਅਦੇ ਅਨੁਸਾਰ ਕਾਰਵਾਈ ਨਾ ਕੀਤੀ ਤਾਂ ਅਗਲੇ ਦਿਨਾਂ ’ਚ ਮੁੜ ਸੰਘਰਸ਼ ਵਿੱਢਿਆ ਜਾਵੇਗਾ ਜਦਕਿ ਪੁਲਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਪੜਤਾਲ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਵਿਆਹ ਤੋਂ ਪਰਤ ਰਿਹਾ ਫੌਜੀ ਸ਼ੱਕੀ ਹਾਲਾਤ 'ਚ ਲਾਪਤਾ, ਨਹਿਰ ਕਿਨਾਰਿਓਂ ਮਿਲਿਆ ਮੋਟਰਸਾਈਕਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News