ਸ੍ਰੀ ਖੁਰਾਲਗੜ੍ਹ ਸਾਹਿਬ ਤੇ ਚਰਨ ਛੋਹ ਪ੍ਰਾਪਤ ਗੰਗਾ ਵਿਖੇ ਨਤਮਸਤਕ ਹੋਏ ਸੁਖਦੇਵ ਸਿੰਘ ਢੀਂਡਸਾ

10/29/2020 6:59:00 PM

ਗੜ੍ਹਸ਼ੰਕਰ,(ਸ਼ੋਰੀ) : ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਮੈਂਬਰ ਰਾਜ ਸਭਾ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਤਪ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ 'ਚ ਅਤੇ ਚਰਨ ਛੋਹ ਪ੍ਰਾਪਤ ਗੰਗਾ ਵਿਚ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਦੋਵਾਂ ਧਾਰਮਿਕ ਸਥਾਨਾਂ ਦੀ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦਾ ਵਿਸ਼ੇਸ ਸਨਮਾਨ ਕੀਤਾ। ਚਰਨ ਛੋਹ ਗੰਗਾਂ ਵਿੱਚ ਸੰਬੋਧਨ ਕਰਦੇ ਢੀਂਡਸਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਜਿਸ ਤਰ੍ਹਾਂ ਵਿਵਸਥਾ ਦੇ ਖਿਲਾਫ਼ ਲੜਾਈ ਲੜਦੇ ਹੋਏ ਸਾਨੂੰ ਤਕੜਾ ਕੀਤਾ ਸੀ ਅੱਜ ਮੁੜ ਉਹੋ ਜਿਹਾ ਵਕਤ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਬਹੁਤ ਬੁਰਾ ਹਾਲ ਹੋ ਚੁੱਕਾ ਹੈ, ਉਥੇ ਧਰਮ ਉੱਪਰ ਰਾਜਨੀਤੀ ਬਹੁਤ ਜ਼ਿਆਦਾ ਭਾਰੂ ਹੋ ਚੁੱਕੀ ਹੈ। ਇਸ ਮੌਕੇ ਦੇਸ ਰਾਜ ਧੁੱਗਾ ਸਾਬਕਾ ਵਿਧਾਇਕ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਨੇ ਸਾਨੂੰ ਜੋ ਸੰਦੇਸ਼ ਦਿੱਤਾ ਹੈ ਉਸ 'ਤੇ ਸਾਨੂੰ ਪੂਰੀ ਤਰ੍ਹਾਂ ਖਰੇ ਉੱਤਰਦੇ ਹੋਏ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਅਤੇ ਸੰਤ ਸੁਰਿੰਦਰ ਦਾਸ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲਖਵੀਰ ਸਿੰਘ ਖਾਲਸਾ, ਸਤਪਾਲ ਸਿੰਘ ਧੁੱਗਾ, ਰਾਮ ਕਿਸ਼ਨ ਪੱਲੀ ਝਿੱਕੀ, ਚੰਦ ਕਰਮ ਸਹਿਤ ਹੋਰ ਵੀ ਹਾਜ਼ਰ ਸਨ।

ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਗੜ੍ਹਸ਼ੰਕਰ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਸਿਧਾਂਤ ਬੇਸ਼ਕ ਰਾਜਨੀਤੀ ਤੇ ਧਰਮ ਨੂੰ ਨਾਲ ਲੈ ਕੇ ਚੱਲਣ ਦਾ ਹੈ ਪਰ ਉਹ ਧਰਮ 'ਤੇ ਰਾਜਨੀਤੀ ਹਾਵੀ ਨਹੀਂ ਹੋਣ ਦੇਣਗੇ। ਜਿਸ ਤਰ੍ਹਾਂ ਕਿ ਬਾਦਲ ਪਰਿਵਾਰ ਨੇ ਕੀਤਾ ਹੋਇਆ ਹੈ। ਇਕ ਪ੍ਰਸ਼ਨ ਦੇ ਉੱਤਰ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਹਾਲ ਦੀ ਘੜੀ ਚੋਣ ਨਿਸ਼ਾਨ ਤੱਕੜੀ ਨਹੀਂ ਮਿਲ ਸਕਦਾ, ਇਸ ਲਈ ਪਾਰਟੀ ਐਸ. ਜੀ. ਪੀ. ਸੀ. ਚੋਣਾਂ ਵਿੱਚ ਆਪਣਾ ਧਿਆਨ ਫੋਕਸ ਕਰੇਗੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤਣ ਉਪਰੰਤ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਅਤੇ ਦਫ਼ਤਰਾਂ 'ਤੇ ਆਪਣਾ ਕਲੇਮ ਦਰਜ ਕਰੇਗੀ। ਸ਼੍ਰੋਮਣੀ ਅਕਾਲੀ ਦਲ ਬਾਦਲ- ਭਾਜਪਾ ਗੱਠਜੋੜ ਦੇ ਟੁੱਟਣ ਸਬੰਧੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਗਠਜੋੜ ਦੇ ਟੁੱਟਣ 'ਤੇ ਅੱਜ ਵੀ ਸ਼ੱਕ ਹੈ ਪਰ ਉਨ੍ਹਾਂ ਨੂੰ ਇਹੀ ਲਗਦਾ ਹੈ ਕਿ ਗਠਜੋੜ ਹੁਣ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਲੋਕਾਂ ਦਾ ਇਤਬਾਰ ਪੂਰੀ ਤਰ੍ਹਾਂ ਗੁਆ ਚੁੱਕਾ ਹੈ ਤੇ ਪੰਜਾਬ ਦੇ ਲੋਕ ਹੁਣ ਇਨਾਂ ਨਾਲ ਨਫ਼ਰਤ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਜੋ ਵੀ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਵੇਗਾ, ਉਸ ਨੂੰ ਰਾਜਨੀਤਕ ਮੰਚ ਤੋਂ ਵਿਧਾਇਕ ਜਾਂ ਹੋਰ ਚੋਣ ਲਈ ਨਹੀਂ ਉਭਾਰਿਆ ਜਾਵੇਗਾ।

ਪੰਜਾਬ ਦੇ ਕਿਸਾਨਾਂ ਦੇ ਚੱਲ ਰਹੇ ਸੰਘਰਸ਼ 'ਤੇ ਕੀਤੇ ਸਵਾਲ ਵਿੱਚ ਉਨ੍ਹਾਂ ਕਿਹਾ ਕਿ ਕੇਂਦਰ ਨੂੰ ਪੰਜਾਬ ਦੇ ਨਾਲ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ । ਉਨ੍ਹਾਂ ਕਿਹਾ ਸਰਕਾਰਾਂ ਦਾ ਕੰਮ ਹੁੰਦਾ ਹੈ ਲੋਕਾਂ ਨੂੰ ਸਹੂਲਤ ਦੇਣਾ, ਇਸ ਸਮੇਂ ਕਿਸਾਨ ਧਰਨੇ 'ਤੇ ਬੈਠੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਗੱਲ ਸੁਣੇ ਅਤੇ ਹੱਲੇ ਵੀ ਵਕਤ ਜ਼ਿਆਦਾ ਨਹੀਂ ਹੋਇਆ ਹੈ, ਕਿਸਾਨ ਨਾਲ ਕੇਂਦਰ ਨੂੰ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਐਨ. ਆਰ. ਆਈਜ਼ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਚੰਗੀ ਭੂਮਿਕਾ ਵਿੱਚ ਰੱਖੇਗੀ ਇਸ ਦੇ ਲਈ ਇਕ ਵਿਸ਼ੇਸ਼ ਯੋਜਨਾ ਬਣਾ ਰਹੇ ਹਨ। ਐਨ. ਆਰ. ਆਈਜ਼ ਨੇ ਹਮੇਸ਼ਾ ਪੰਜਾਬ ਦੀ ਮਿੱਟੀ ਨਾਲ ਪਿਆਰ ਰੱਖਿਆ ਹੈ। ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਮਾਮਲਿਆਂ ਤੇ ਤਵੱਜੋ ਨਾ ਦੇਣ ਦੀ ਗੱਲ ਕਰਦਿਆਂ ਕਿਹਾ ਹੈ ਕਿ ਪ੍ਰਵਾਸੀ ਭਾਰਤੀਆਂ ਲਈ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾ।


Deepak Kumar

Content Editor

Related News