ਗੁਰਾਇਆ ਦੇ 63 ਪਿੰਡਾਂ ਦੇ 30 ਸਰਕਲਾਂ ’ਤੇ ਸਿਰਫ਼ 11 ਪਟਵਾਰੀ, 19 ਅਸਾਮੀਆਂ ਖਾਲੀ

Wednesday, Jun 07, 2023 - 03:47 AM (IST)

ਗੁਰਾਇਆ (ਮੁਨੀਸ਼) : ਸਬ-ਤਹਿਸੀਲ ਗੁਰਾਇਆ ’ਚ ਪਟਵਾਰੀਆਂ ਦੀ ਘਾਟ ਕਾਰਨ ਸਬ-ਤਹਿਸੀਲ ’ਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਬ-ਤਹਿਸੀਲ ਗੁਰਾਇਆ ਦੇ 63 ਪਿੰਡਾਂ ’ਚ 30 ਸਰਕਲ ਹਨ, ਜਿਸ ਵਿਚ ਕਾਨੂੰਨਗੋ ਦੀਆਂ 3 ਅਸਾਮੀਆਂ ਹਨ, ਜਿਨ੍ਹਾਂ ’ਤੇ ਤਿੰਨੇ ਕਾਨੂੰਨਗੋ ਮੌਜੂਦ ਹਨ। ਜੇਕਰ ਪਟਵਾਰੀਆਂ ਦੀ ਗੱਲ ਕਰੀਏ ਤਾਂ ਇੱਥੇ ਪਟਵਾਰੀਆਂ ਦੀਆਂ ਕੁਲ 30 ਅਸਾਮੀਆਂ ਹਨ, ਜਿਨ੍ਹਾਂ ’ਚੋਂ 19 ਪਟਵਾਰੀਆਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ, ਜਦਕਿ 11 ’ਚੋਂ 4 ਪਟਵਾਰੀ ਅਜਿਹੇ ਹਨ, ਜੋ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਸੇਵਾਮੁਕਤੀ ਤੋਂ ਬਾਅਦ ਮੁੜ ਨੌਕਰੀ ’ਤੇ ਲੱਗੇ ਹੋਏ ਹਨ |

ਇਹ ਖ਼ਬਰ ਵੀ ਪੜ੍ਹੋ - WTC ਫ਼ਾਈਨਲ 'ਤੇ ਮੀਂਹ ਤੋਂ ਵੀ ਵੱਡਾ ਖ਼ਤਰਾ, ਇਹ ਲੋਕ ਖੇਡ 'ਚ ਪਾ ਸਕਦੇ ਨੇ ਅੜਿੱਕਾ

11 ਪਟਵਾਰੀਆਂ ਕੋਲ ਕਈ ਕਈ ਪਿੰਡਾਂ ਦੇ ਚਾਰਜ ਹੋਣ ਕਾਰਨ ਜਿੱਥੇ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਕੁਝ ਪਟਵਾਰੀ ਤਾਂ ਅਜਿਹੇ ਵੀ ਹਨ ਜੋ ਲੋਕਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਹੇ ਹਨ, ਨਾ ਤਾਂ ਪਟਵਾਰੀ ਉਨ੍ਹਾਂ ਦਾ ਫੋਨ ਚੁੱਕਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਮਿਲਦੇ ਹਨ। ਜੇਕਰ ਮਿਲ ਵੀ ਜਾਂਦੇ ਹਨ ਤਾਂ ਲੋਕ ਸਾਰਾ ਦਿਨ ਉਨ੍ਹਾਂ ਦੇ ਕੈਬਿਨਾਂ ’ਚ ਬੈਠ ਕੇ ਖਾਲੀ ਹੱਥ ਪਰਤਦੇ ਹਨ, ਜਿਨ੍ਹਾਂ ਚ ਕੁਝ ਬਜ਼ੁਰਗ ਮਹਿਲਾਵਾਂ ਵੀ ਸ਼ਾਮਲ ਹਨ। ਕੁਝ ਪਟਵਾਰੀਆਂ ਨੇ ਤਾਂ ਤਹਿਸੀਲ ’ਚ ਭ੍ਰਿਸ਼ਟਾਚਾਰ ਵੀ ਪੂਰਾ ਫੈਲਾਇਆ ਹੋਇਆ ਹੈ, ਜਿਸਦਾ ਕਿਸੇ ਵੀ ਸਮੇਂ ਖ਼ੁਲਾਸਾ ਹੋ ਸਕਦਾ ਹੈ।

ਕਿਹੜੇ ਪਟਵਾਰੀ ਕੋਲ ਕਿਹੜਾ ਤੇ ਕਿੰਨੇ ਪਿੰਡ ਹਨ-

ਜੇਕਰ ਸਬ ਤਹਿਸੀਲ ਗੁਰਾਇਆ ਦੇ 63 ਪਿੰਡਾਂ ਦੀ ਗੱਲ ਕਰੀਏ ਤਾਂ ਪਟਵਾਰੀ ਵਿਸ਼ਾਲ ਕੁਮਾਰ ਕੋਲ ਗੁਰਾਇਆ, ਡੱਲੇਵਾਲ, ਕੁਤਬੇਵਾਲ, ਅੱਟਾ ਪਿੰਡਾਂ ਦਾ ਚਾਰਜ ਹੈ। ਪਟਵਾਰੀ ਗੁਰਵਿੰਦਰ ਸਿੰਘ ਕੋਲ ਸੰਗ ਢੇਸੀਆ, ਸੁਰਜਾ, ਰੰਧਾਵਾ, ਬੋਪਾਰਾਏ, ਚੱਕ ਧੋਧੜਾ, ਸਰਗੁੰਦੀ, ਵਿਰਕ, ਜਾਜੋ ਮਾਜਰਾ ਪਿੰਡ ਦਾ ਇੰਚਾਰਜ, ਗੁਰਮਿੰਦਰ ਸਿੰਘ ਪਟਵਾਰੀ ਕੋਲ ਘੁੜਕਾ, ਲੋਹਾਰਾ, ਰੁੜਕਾ ਕਲਾਂ ਇਕ, ਰੁੜਕਾ ਕਲਾਂ ਦੋ, ਗੁਰਵਿੰਦਰ ਰਾਮ ਪਟਵਾਰੀ ਕੋਲ ਅਨੀਹਰ, ਲਾਦੀਆਂ, ਨਾਨੋ ਮਾਜਰਾ, ਬੜਾ ਪਿੰਡ 1, ਬੜਾ ਪਿੰਡ 2 ਦਾ ਚਾਰਜ ਹੈ। ਸੋਨੀਆ ਪਟਵਾਰੀ ਕੋਲ ਇੰਧਨਾ ਕਲਾਸਕੇ, ਕੋਟਲੀ ਖੱਖੀਆ, ਦੁਸਾਂਝ ਕਲਾਂ, ਢੰਡਵਾੜ, ਮੱਤਫਲੂ, ਲੇਹਲ ਦਾ ਚਾਰਜ ਹੈ। ਸਤਿੰਦਰਪਾਲ ਪਟਵਾਰੀ ਕੋਲ ਚਚਰਾੜੀ, ਤੱਖਰ, ਪੱਦੀ ਖਾਲਸਾ, ਰੁੜਕਾ ਖੁਰਦ, ਮਾਹਲ, ਧੂਲੇਤਾ, ਬੁੰਡਾਲਾ 1 ਅਤੇ 2 ਦਾ ਚਾਰਜ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਨੂੰ ਬਣਾਇਆ ਜਾਵੇਗਾ ਵਿਸ਼ਵ ਪੱਧਰੀ ਸੈਰਗਾਹ, CM ਮਾਨ ਨੇ ਕੀਤਾ ਇਹ ਐਲਾਨ

ਇਸੇ ਤਰ੍ਹਾਂ ਦਵਿੰਦਰਪਾਲ ਪਟਵਾਰੀ ਕੋਲ ਢੰਡਾ, ਨਵਾਪਿੰਡ ਨਾਈਚਾ, ਝੰਡ ਪਿੰਡਾਂ ਦਾ ਚਾਰਜ ਹੈ, ਜਦੋਂ ਕਿ ਸੇਵਾਮੁਕਤ ਹੋਣ ਤੋਂ ਬਾਅਦ ਪਟਵਾਰੀ ਲਾਹੌਰੀ ਰਾਮ ਕੋਲ ਪਾਸਲਾ ਖੋਜਪੁਰ, ਜੇਤੋਵਾਲ, ਰਾਜ ਗੋਮਲ, ਢੇਸੀਆ ਕਾਹਨਾਂ ਦਾ ਚਾਰਜ ਹੈ, ਗੁਰਨਾਮ ਸਿੰਘ ਕੋਲ ਕੰਗਜੰਗੀਰ, ਫਲਪੋਤਾ, ਤਰਖਾਣ ਮਜਾਰਾ, ਗੁੜਾ, ਚੱਕ ਦੇਸਰਾਜ, ਕੋਟ ਗਰੇਵਾਲ ਦਾ ਚਾਰਜ ਹੈ। ਸੋਹਣ ਸਿੰਘ ਕੋਲ ਗੋਹਾਵਰ ਦਾਦੂਵਾਲ, ਤੱਗਡ਼, ਸੈਦੋਵਾਲ ਬੰਸੀਆ, ਬੀਡ਼ ਬੰਸੀਆ, ਢੀਂਡਸਾ, ਜੱਜਾ ਕਲਾਂ, ਲਾਗਡ਼ੀਆ ਦਾ ਚਾਰਜ ਹੈ। ਧਰਮਪਾਲ ਕੋਲ ਰੁੜਕੀ, ਧੀਨਪੁਰ, ਢੇਸੀਆਂ ਕਾਹਨਾ ਪਿੰਡਾਂ ਦਾ ਚਾਰਜ ਹੈ। ਹੁਣ ਤੁਸੀਂ ਖੁਦ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇਕ ਪਟਵਾਰੀ ਕੋਲ ਕਿੰਨੇ ਪਿੰਡਾਂ ਦਾ ਕੰਮ ਹੈ। ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਟਵਾਰੀਆਂ ਦੀ ਅਸਾਮੀਆਂ ਜਲਦੀ ਤੋਂ ਜਲਦੀ ਭਰੀਆਂ ਜਾਣ ਤਾਂ ਜੋ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

 


Anuradha

Content Editor

Related News