ਸ਼ਰਾਬ ਦੇ 2 ਠੇਕਿਆਂ ਸਮੇਤ ਮੈਡੀਕਲ ਸ਼ਾਪ ''ਚ ਚੋਰੀ

02/18/2020 3:47:36 PM

ਜਲੰਧਰ (ਵਰੁਣ)— ਐਤਵਾਰ ਦੇਰ ਰਾਤ ਚੋਰਾਂ ਨੇ ਨਾਰਥ ਹਲਕੇ 'ਚ ਸ਼ਰਾਬ ਦੇ 2 ਠੇਕਿਆਂ ਅਤੇ ਇਕ ਮੈਡੀਕਲ ਸ਼ਾਪ ਨੂੰ ਨਿਸ਼ਾਨਾ ਬਣਾਇਆ। ਪਹਿਲੀ ਵਾਰਦਾਤ ਬਾਰੇ ਜਾਣਕਾਰੀ ਦਿੰਦੇ ਨਿਪੁਨ ਫਾਰਮਾ ਨਾਂ ਦੀ ਮੈਡੀਕਲ ਸ਼ਾਪ ਦੇ ਮਾਲਕ ਨਿਪੁਨ ਨਿਵਾਸੀ ਵਿਕਰਮਪੁਰਾ ਨੇ ਦੱਸਿਆ ਕਿ ਸੋਮਵਾਰ ਸਵੇਰੇ ਜਦੋਂ ਉਹ ਦੁਕਾਨ ਖੋਲ੍ਹਣ ਆਏ ਤਾਂ ਦੁਕਾਨ ਦੇ ਤਾਲੇ ਟੁਟੇ ਹੋਏ ਸਨ। ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆਂ ਪਿਆ ਸੀ।

ਨਿਪੁਨ ਦਾ ਕਹਿਣਾ ਹੈ ਕਿ ਗੱਲੇ ਦਾ ਲਾਕ ਤੋੜ ਕੇ ਚੋਰਾਂ ਨੇ ਉਸ 'ਚੋਂ 60 ਹਜ਼ਾਰ ਰੁਪਏ ਚੁਰਾ ਲਏ, ਜਦੋਂਕਿ ਸੀ. ਸੀ. ਟੀ. ਵੀ. ਕੈਮਰੇ ਦਾ ਡੀ. ਵੀ. ਆਰ. ਵੀ ਨਾਲ ਲੈ ਗਏ। ਚੋਰ ਨਾਲ ਵਾਲੀ ਦੁਕਾਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ ਸਨ। ਪੰਜ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਤੜਕੇ ਪੌਣੇ ਚਾਰ ਵਜੇ ਤਾਲਾ ਤੋੜਦੇ ਦਿਖਾਏ ਦੇ ਰਹੇ ਹਨ। ਚੋਰਾਂ ਨੇ ਆਪਣਾ ਮੂੰਹ ਵੀ ਢੱਕਿਆ ਹੋਇਆ ਸੀ। ਇਸ ਸਬੰਧੀ ਥਾਣਾ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਦੂਜੀ ਵਾਰਦਾਤ ਗੁੱਜਾਪੀਰ ਰੋਡ ਦੇ ਸਾਹਮਣੇ ਸਥਿਤ ਜੇ. ਐੱਮ. ਪੀ. ਫੈਕਟਰੀ ਦੇ ਨੇੜੇ ਹੋਈ। ਚੋਰਾਂ ਨੇ ਇੱਥੇ ਇਕ ਸ਼ਰਾਬ ਦੇ ਠੇਕੇ ਦੇ ਤਾਲੇ ਤੋੜ ਕੇ ਗੱਲੇ 'ਚੋਂ ਨਕਦੀ ਅਤੇ 17 ਸ਼ਰਾਬ ਦੀਆਂ ਬੋਤਲਾਂ ਚੋਰੀ ਕੀਤੀਆਂ।

PunjabKesari

ਹਾਲਾਂਕਿ ਇਸ ਵਾਰਦਾਤ ਬਾਰੇ ਪੁਲਸ ਨੂੰ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਪਰ ਚੋਰਾਂ ਨੇ ਥਾਣਾ 1 ਦੇ ਖੇਤਰ 'ਚ ਆਉਣ ਵਾਲੇ ਕਬੀਰ ਨਗਰ ਦੇ ਅੰਦਰ ਕਬੀਰ ਮਾਰਕੀਟ 'ਚ ਇਕ ਹੋਰ ਠੇਕੇ ਨੂੰ ਨਿਸ਼ਾਨਾ ਬਣਾਇਆ। ਠੇਕੇ 'ਚ ਕੰਮ ਕਰਨ ਵਾਲੇ ਸੰਜੀਵ ਕੁਮਾਰ ਨੇ ਦੱਸਿਆ ਕਿ ਐਤਵਾਰ ਰਾਤ ਉਸ ਨੇ 11.30 ਵਜੇ ਠੇਕਾ ਬੰਦ ਕੀਤਾ ਸੀ। ਸਵੇਰੇ 8.30 ਵਜੇ ਆਇਆ ਤਾਂ ਠੇਕੇ ਦੇ ਤਾਲੇ ਟੁੱਟੇ ਹੋਏ ਸਨ। ਸੰਜੀਵ ਨੇ ਕਿਹਾ ਕਿ ਚੋਰ ਗੱਲੇ 'ਚੋਂ ਸਾਰੇ ਪੈਸੇ ਲੈ ਗਏ ਅਤੇ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਵੀ ਲੈ ਗਏ। ਸੰਜੀਵ ਦਾ ਕਹਿਣਾ ਹੈ ਕਿ ਲਿਸਟ ਦੇਖ ਕੇ ਹੀ ਦੱਸਿਆ ਜਾ ਸਕਦਾ ਹੈ ਕਿ ਠੇਕੇ ਤੋਂ ਕਿੰਨੀ ਸ਼ਰਾਬ ਚੋਰੀ ਕੀਤੀ ਗਈ ਹੈ। ਚੋਰ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਠੇਕੇ 'ਚੋਂ ਸੀ. ਸੀ. ਟੀ. ਵੀ. ਕੈਮਰਾ ਅਤੇ ਡੀ. ਵੀ. ਆਰ. ਵੀ ਨਾਲ ਲੈ ਗਏ। ਥਾਣਾ 8 ਅਤੇ ਥਾਣਾ ਇਕ ਦੀ ਪੁਲਸ ਇਸ ਚੋਰੀਆਂ ਨੂੰ ਟਰੇਸ ਕਰਨ 'ਚ ਜੁਟ ਗਈ ਹੈ।

ਸ਼ਹਿਰ 'ਚ ਵਧ ਰਿਹਾ ਕ੍ਰਾਈਮ ਗ੍ਰਾਫ
ਕੁਝ ਸਮੇਂ ਤੱਕ ਕਮਿਸ਼ਨਰੇਟ ਪੁਲਸ ਨੇ ਚੋਰੀ ਅਤੇ ਲੁੱਟ ਵਰਗੀਆਂ ਵਾਰਦਾਤਾਂ ਦੀ ਰੋਕਥਾਮ ਲਈ ਕਾਫੀ ਵਧੀਆ ਕੰਮ ਕੀਤਾ ਪਰ ਹੁਣ ਦੋਬਾਰਾ ਸ਼ਹਿਰ 'ਚ ਕ੍ਰਾਈਮ ਦਾ ਗਰਾਫ ਵਧਣ ਲੱਗਾ ਹੈ। ਇੰਨੇ ਅਧਿਕਾਰੀਆਂ ਦੀ ਫੌਜ ਅਤੇ ਥਾਣੇ ਦੀ ਪੁਲਸ ਚੋਰੀ ਅਤੇ ਸਨੈਚਿੰਗ ਵਰਗੀਆਂ ਵਾਰਦਾਤਾਂ ਨੂੰ ਨਾ ਹੀ ਤਾਂ ਟਰੇਸ ਕਰ ਪਾ ਰਹੀ ਹੈ ਅਤੇ ਨਾ ਹੀ ਰੋਕ ਪਾ ਰਹੀ ਹੈ। ਰਾਤ ਦੇ ਸਮੇਂ ਸ਼ਹਿਰ ਦੀ ਸਕਿਓਰਿਟੀ ਦਾ ਜਾਇਜ਼ਾ ਲੈਣ ਜੇਕਰ ਸੀ. ਪੀ. ਆਪਣੇ ਆਪ ਫੀਲਡ 'ਚ ਆਏ ਤਾਂ ਸਾਰੀ ਸੱਚਾਈ ਸਾਹਮਣੇ ਆ ਸਕਦੀ ਹੈ ।


shivani attri

Content Editor

Related News