ਟਰਾਂਸਪੋਰਟ ਨਗਰ ਦੇ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨ

Wednesday, Oct 24, 2018 - 02:59 AM (IST)

ਟਰਾਂਸਪੋਰਟ ਨਗਰ ਦੇ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨ

ਰੂਪਨਗਰ,   (ਵਿਜੇ)-  ਟਰਾਂਸਪੋਰਟ ਨਗਰ ਰੂਪਨਗਰ ਨੂੰ ਸਥਾਪਤ ਹੋਏ 25 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਇੱਥੇ ਲੋਕ ਬਿਜਲੀ, ਪਾਣੀ ਅਤੇ ਹੋਰ ਸੁਵਿਧਾਵਾਂ ਤੋਂ ਵਾਂਝੇ ਚੱਲੇ ਰਹੇ ਆ ਰਹੇ ਹਨ। ਇਨ੍ਹਾਂ ਲੋਕਾਂ ਦੀ ਮੰਗ ਹੈ ਕਿ ਮੁੱਢਲੀਆਂ ਸੁਵਿਧਾਵਾਂ ਤੁਰੰਤ ਬਹਾਲ ਕੀਤੀਆਂ ਜਾਣ।  ਨਗਰ ਸੁਧਾਰ ਟਰੱਸਟ ਰੂਪਨਗਰ ਦੁਆਰਾ ਕਰੀਬ 25 ਸਾਲ ਪਹਿਲਾਂ ਰੂਪਨਗਰ-ਚੰਡੀਗਡ਼੍ਹ ਮਾਰਗ ਦੇ ਨੇਡ਼ੇ ਟਰਾਂਸਪੋਰਟ ਨਗਰ ਸਥਾਪਤ ਕੀਤਾ ਗਿਆ ਸੀ, ਤਾਂ ਕਿ ਉੱਥੇ ਮੋਟਰ ਮਕੈਨਿਕ, ਟਰਾਂਸਪੋਰਟਰ ਅਤੇ ਹੋਰ ਲੋਕ ਜਾ ਕੇ ਆਪਣਾ ਕੰਮ ਕਰ ਸਕਣ। ਇਸ ਸਬੰਧ ’ਚ ਟਰੱਸਟ ਦੁਆਰਾ ਉੱਥੇ ਚਾਰ ਬਲਾਕਾਂ ’ਚ 403 ਦੁਕਾਨਾਂ ਨਿਰਮਿਤ ਕੀਤੀਆਂ ਗਈਆਂ ਸਨ ਅਤੇ 23 ਸ਼ੋਅਰੂਮ ਲਈ ਸਾਈਟ ਬਣਾਈ ਗਈ ਸੀ। ਜਿਸ ਤੋਂ ਟਰੱਸਟ ਨੂੰ ਕਰੋਡ਼ਾਂ ਰੁਪਏ ਦੀ ਆਮਦਨ ਹੋਈ ਸੀ ਅਤੇ ਟਰੱਸਟ ਨੇ ਵਾਅਦਾ ਕੀਤਾ ਸੀ ਕਿ ਨਿਲਾਮੀ ਦੇ ਤਿੰਨ ਸਾਲ ਦੇ ਅੰਦਰ-ਅੰਦਰ ਦੁਕਾਨਦਾਰਾਂ ਨੂੰ ਸਾਰੀਆਂ ਸੁਵਿਧਾਵਾਂ ਪ੍ਰਦਾਨ ਕਰ ਦਿੱਤੀਆਂ ਜਾਣਗੀਆਂ ਜੋ ਕਿ ਹਾਲੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ। ਟਰੱਸਟ ਨੇ ਉਥੇ ਟਾਇਲਾਂ ਲਾ ਕੇ ਫਰਸ਼ ਪੂਰਾ ਕਰ ਦਿੱਤਾ ਸੀ। ਪਰ ਹੁਣ ਬਿਜਲੀ ਵਿਭਾਗ ਉਨ੍ਹਾਂ  ਟਾਇਲਾਂ ਨੂੰ ਖੋਦ ਕੇ ਆਪਣੀਆਂ ਤਾਰਾਂ ਵਿਛਾ ਰਿਹਾ ਹੈ। ਜਿਸ ਕਾਰਨ ਉੱਥੇ ਫਰਸ਼ ਦੀ ਹਾਲਤ ਖਰਾਬ ਹੋ ਗਈ ਹੈ। ਉਸ ਦੇ ਬਾਵਜੂਦ ਵੀ ਬਿਜਲੀ ਬੋਰਡ ਨੇ ਹਾਲੇ ਤੱਕ ਉੱਥੇ ਟਰਾਂਸਫਾਰਮਰ ਨਹੀਂ ਰੱਖੇ ਅਤੇ ਨਾ ਹੀ ਰੈਗੂਲਰ ਬਿਜਲੀ ਕੁਨੈਕਸ਼ਨ ਜਾਰੀ ਕੀਤੇ।  ਇਸ ਤੋਂ  ਇਲਾਵਾ ਇੱਥੇ ਬਾਥਰੂਮਾਂ ਦੀ ਵਿਵਸਥਾ ਵੀ ਕਾਫੀ ਖਸਤਾ ਹੈ , ਟਰਾਂਸਪੋਰਟ ਨਗਰ ਦੇ ਅਵਤਾਰ ਕ੍ਰਿਸ਼ਨ ਰਾਣਾ, ਹੇਮਰਾਜ, ਸੰਜੇ ਕੁਮਾਰ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਸੁਭਾਸ਼ ਚੰਦਰ, ਸਰਵਜੀਤ, ਜਗਤਾਰ ਸਿੰਘ, ਜਗਦੀਸ਼ ਸਿੰਘ, ਗੁਰਬਚਨ ਸਿੰਘ, ਅਜੇ ਕੁਮਾਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਾਥਰੂਮਾਂ ਲਈ   ਵੱਖ  ਵਿਵਸਥਾ  ਅਤੇ  ਡਾਕਘਰ, ਬੈਂਕ, ਏ.ਟੀ.ਐੱਮ., ਢਾਬਿਆਂ ਅਤੇ ਹੋਰ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣ। ਟਰਾਂਸਪੋਰਟ ਨਗਰ ਦੇ ਦੁਖੀ ਦੁਕਾਨਦਾਰਾਂ ਨੇ ਬੇਵਸ ਹੋ ਕੇ ਟਰੱਸਟ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ  ਅਤੇ ਸੁਵਿਧਾਵਾਂ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਭੁੱਖ ਹਡ਼ਤਾਲ ਕਰਨ ਲਈ ਮਜਬੂਰ ਹੋ ਜਾਣਗੇ। ਸੂਬਾ ਸਰਕਾਰ ਨੇ ਟਰਾਂਸਪੋਰਟ ਨਗਰ ਨਾਲ ਹੀ ਰੂਪਨਗਰ ਦਾ ਨਵਾਂ ਬੱਸ ਅੱਡਾ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ। ਜਿਸ ਦੇ ਲਈ ਜ਼ਮੀਨ ਪ੍ਰਾਪਤ ਕਰ ਲਈ ਗਈ ਹੈ। ਪਰ ਕਈ ਸਾਲਾਂ ਤੋਂ ਬੱਸ ਅੱਡੇ ਦਾ ਨਿਰਮਾਣ ਵਿਚਾਲੇ ਲਟਕਿਆ ਹੋਇਆ ਹੈ। ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।
 


Related News