ਦਵਾਈਆਂ ਦੀ ਦੁਕਾਨ ’ਤੇ ਲੁਟੇਰਿਆਂ ਨੇ ਦਿੱਤਾ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ
Wednesday, Oct 24, 2018 - 02:24 AM (IST)
ਹੁਸ਼ਿਆਰਪੁਰ, (ਅਮਰਿੰਦਰ)- ਸ਼ਹਿਰ ’ਚ ਚੋਰੀਆਂ, ਲੁੱਟਾਂ-ਖੋਹਾਂ ਅਤੇ ਸਨੈਚਿੰਗ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸੇ ਕਡ਼ੀ ਤਹਿਤ ਬੀਤੀ ਦੇਰ ਰਾਤ ਸਵਾ 11 ਵਜੇ ਦੇ ਕਰੀਬ ਫਗਵਾਡ਼ਾ ਰੋਡ ’ਤੇ ਸਿੰਘ ਮੈਡੀਕੋਜ਼ ’ਤੇ ਧਾਵਾ ਬੋਲ ਕੇ ਮੋਟਰਸਾਈਕਲ ਸਵਾਰ 3 ਨਕਾਬਪੋਸ਼ ਲੁਟੇਰੇ ਦੁਕਾਨ ਮਾਲਕ ਪਤੀ-ਪਤਨੀ ਪਰਮਜੀਤ ਕੌਰ ਤੇ ਸੁਖਵਿੰਦਰ ਸਿੰਘ ਨੂੰ ਜ਼ਖਮੀ ਕਰ ਕੇ ਸੋਨੇ ਦੀ ਚੂਡ਼ੀ, 1 ਅੰਗੂਠੀ ਅਤੇ ਕਾਊਂਟਰ ’ਚ ਪਏ 8 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਫਰਾਰ ਹੋਣ ਮੌਕੇ ਹੱਥੋਪਾਈ ਹੋਣ ਕਾਰਨ ਲੁਟੇਰੇ ਆਪਣੀ ਏਅਰ ਗੰਨ ਮੌਕੇ ’ਤੇ ਹੀ ਭੁੱਲ ਗਏ।
ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐੱਸ.ਐੱਚ.ਓ. ਗੋਬਿੰਦਰ ਕੁਮਾਰ ਬੰਟੀ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਸਾਰੀ ਘਟਨਾ ਸੀ. ਸੀ. ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਲੋਕਾਂ ਨੇ ਜ਼ਿਲਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਸ਼ਹਿਰ ’ਚ ਪੁਲਸ ਦੀ ਗਸ਼ਤ ਵਧਾਈ ਜਾਵੇ ਅਤੇ ਅਸਮਾਜਿਕ ਤੱਤਾਂ ਦੀ ਨਕੇਲ ਕੱਸੀ ਜਾਵੇ।
ਸਿੰਘ ਮੈਡੀਕੋਜ਼ ਦੇ ਮਾਲਕ ਜ਼ਖਮੀ ਪਰਮਜੀਤ ਕੌਰ ਨੇ ਦੱਸਿਆ ਕਿ ਰਾਤ 11.15 ਦੇ ਕਰੀਬ ਉਹ ਦੁਕਾਨ ਬੰਦ ਕਰਨ ਵਾਲੇ ਸੀ ਕਿ ਇਸ ਦੌਰਾਨ 2 ਲਡ਼ਕੇ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਨੂੰ ਦੁਕਾਨ ਅੰਦਰ ਧੱਕਾ ਦੇ ਕੇ ਸੁੱਟ ਦਿੱਤਾ। ਡਿੱਗਦੇ ਹੀ ਲੁਟੇਰਿਆਂ ਨੇ ਉਨ੍ਹਾਂ ਦੇ ਸਿਰ ’ਤੇ ਪਿਸਤੌਲ ਤਾਣ ਦਿੱਤੀ ਅਤੇ ਰੁਪਿਆਂ ਦੀ ਮੰਗ ਕਰਨ ਲੱਗੇ। ਇਸੇ ਦੌਰਾਨ 1 ਨੌਜਵਾਨ ਉਸ ਦੀ ਗਰਦਨ ’ਤੇ ਤਲਵਾਰ ਰੱਖ ਤੇ ਬਾਂਹ ਨੂੰ ਮਰੋਡ਼ ਕੇ ਸੋਨੇ ਦੀ ਚੂਡ਼ੀ ਅਤੇ ਅੰਗੂਠੀ ਲਾਹ ਲਈ। ਲੁਟੇਰੇ ਵਾਰ-ਵਾਰ ਕਹਿ ਰਹੇ ਸਨ ਕਿ ਜੇਕਰ ਰੁਪਿਆਂ ਬਾਰੇ ਨਾ ਦੱਸਿਆ ਤਾਂ ਗੋਲੀ ਮਾਰ ਦੇਣਗੇ। ਇਸੇ ਦੌਰਾਨ ਇਕ ਨੌਜਵਾਨ ਨੇ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ’ਚ ਉਹ ਜ਼ਖਮੀ ਹੋ ਗਏ। ਇਸ ਦੇ ਬਾਅਦ ਉਨ੍ਹਾਂ ਗੱਲੇ ’ਚ ਪਏ ਕਰੀਬ 8 ਹਜ਼ਾਰ ਰੁਪਏ ਕੱਢ ਲਏ। ਉਨ੍ਹਾਂ ਦਾ ਰੌਲਾ ਸੁਣ ਕੇ ੳੁਸ ਦੇ ਪਤੀ ਸੁਖਵਿੰਦਰ ਸਿੰਘ ਵੀ ਦੁਕਾਨ ’ਤੇ ਪਹੁੰਚ ਗਏ ਅਤੇ ਨੌਜਵਾਨਾਂ ਨੂੰ ਫਡ਼ਨ ਦਾ ਯਤਨ ਕਰਨ ਲੱਅੇ। ਹੱਥੋਪਾਈ ’ਚ ਇਕ ਨੌਜਵਾਨ ਨੇ ਉਨ੍ਹਾਂ ਨੂੰ ਫਡ਼ ਲਿਆ ਤੇ ਦੂਜੇ ਨੌਜਵਾਨ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਉੱਥੋਂ ਫ਼ਰਾਰ ਹੋ ਗਏ।
ਪੁਲਸ ਖੰਗਾਲ ਰਹੀ ਹੈ ਫੁਟੇਜ
ਮੌਕੇ ’ਤੇ ਮੌਜੂਦ ਐੱਸ.ਐੱਚ.ਓ. ਗੋਬਿੰਦਰ ਕੁਮਾਰ ਬੰਟੀ ਨੇ ਦੱÎਸਿਆ ਕਿ ਰਾਤ ਸਮੇਂ ਫੁਟੇਜ ’ਚ ਲੁਟੇਰਿਆ ਦੀ ਤਸਵੀਰ ਸਹੀ ਨਹੀਂ ਆ ਪਾਈ, ਫਿਰ ਵੀ ਪੁਲਸ ਆਸ-ਪਾਸ ਦੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਲੱਗੇ ਸੀ. ਸੀ. ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਪੁਲਸ ਜਲਦ ਲੁਟੇਰਿਆਂ ਨੂੰ ਕਾਬੂ ਕਰ ਲਵੇਗੀ।
