ਸ਼੍ਰੋਮਣੀ ਕਮੇਟੀ ਅਧੀਨ ਵੱਖ-ਵੱਖ ਗੁਰਦੁਆਰਿਆਂ ''ਚ ਕਾਰ ਸੇਵਾ ਕਾਰਜ ਜਾਰੀ : ਰਿਆੜ

12/14/2019 8:42:10 PM

ਸੁਲਤਾਨਪੁਰ ਲੋਧੀ,(ਸੋਢੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦਸ਼ਾਂ ਮੁਤਾਬਕ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ 'ਚ ਸ਼ਤਾਬਦੀ ਸਮਾਗਮਾਂ ਦੇ ਬਾਅਦ ਵੱਖ-ਵੱਖ ਵਿਕਾਸ ਕਾਰਜਾਂ ਦੀ ਕਾਰ ਸੇਵਾ ਆਰੰਭ ਕਰਵਾਈ ਜਾ ਚੁੱਕੀ ਹੈ । ਇਹ ਜਾਣਕਾਰੀ ਇਥੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਮੈਨੇਜਰ ਸਤਨਾਮ ਸਿੰਘ ਰਿਆੜ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਵਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਮੁੱਖ ਲੰਗਰ ਹਾਲ ਦੀ ਉੱਪਰਲੀ ਮੰਜ਼ਿਲ ਨੂੰ ਪਲੱਸਤਰ ਕਰਨ ਤੇ ਫਰਸ਼ 'ਤੇ ਮਾਰਬਲ ਲਗਾਉਣ ਦੀ ਸੇਵਾ ਚੱਲ ਰਹੀ ਹੈ। ਇਸ ਤੋਂ ਇਲਾਵਾ ਗੁਰਦੁਆਰਾ ਬੇਰ ਸਾਹਿਬ ਦੀ ਨਵੀਂ ਦਰਸ਼ਨੀ ਡਿਓਢੀ ਦੇ ਉਪਰਾਲੇ ਹਿੱਸੇ ਦੀ ਕਾਰ ਸੇਵਾ ਆਰੰਭ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ ਗੁਰਦੁਆਰਾ ਬੇਰ ਸਾਹਿਬ ਕੰਪਲੈਕਸ ਵਿਖੇ ਆਲੀਸ਼ਾਨ 6 ਮੰਜ਼ਿਲਾ ਸਰਾਂ ਬੇਬੇ ਨਾਨਕੀ ਨਿਵਾਸ ਤੇ ਹੇਠਾਂ ਕਾਰ ਪਾਰਕਿੰਗ ਬਣਾਈ ਗਈ ਸੀ, ਜਿਸਦਾ ਦੇਸ਼ ਵਿਦੇਸ਼ ਤੋਂ ਆ ਰਹੀਆਂ ਸੰਗਤਾਂ ਲਾਭ ਉਠਾ ਰਹੀਆਂ ਹਨ।

ਰਿਆੜ ਨੇ ਦੱਸਿਆ ਕਿ ਗੁਰਦੁਆਰਾ ਹੱਟ ਸਾਹਿਬ ਵਿਖੇ ਚੱਲ ਰਹੇ ਸਰਾਵਾਂ ਤੇ ਕਾਰ ਪਾਰਕਿੰਗ ਦੇ ਕਾਰਜ ਨੂੰ ਮੁਕੰਮਲ ਕਰਨ ਲਈ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਕਾਰ ਸੇਵਾ ਜੰਗੀ ਪੱਧਰ 'ਤੇ ਆਰੰਭ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੱਟ ਸਾਹਿਬ ਵਿਖੇ ਕਾਰ ਸੇਵਾ ਲਈ ਸਾਰਾ ਮਟੀਰੀਅਲ ਸੀਮੈਂਟ, ਬਜਰੀ, ਸਰੀਆ ਆਦਿ ਗੁਰਦੁਆਰਾ ਬੇਰ ਸਾਹਿਬ ਜੀ ਵਲੋਂ ਦਿੱਤਾ ਜਾ ਰਿਹਾ ਹੈ ਜਦਕਿ ਬਾਕੀ ਨਿਰਮਾਣ ਕਾਰਜਾਂ ਦੀ ਸਮੁੱਚੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੀ ਅਗਵਾਈ 'ਚ ਕਰਵਾਈ ਜਾ ਰਹੀ ਹੈ । ਉਨ੍ਹਾਂ ਹੋਰ ਦੱਸਿਆ ਕਿ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਵਿਖੇ ਪਵਿੱਤਰ ਵੇਈਂ ਕਿਨਾਰੇ “ਇਕ ਓਂਕਾਰ ਮੂਲ ਮੰਤਰ ਅਸਥਾਨ ਦਾ ਨਿਰਮਾਣ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਗੁਰੂ ਨਾਨਕ ਨਿਸ਼ਕਾਮ ਸੇਵਾ ਸੁਸਾਇਟੀ ਯੂ. ਕੇ. ਵਲੋਂ ਪ੍ਰਧਾਨ ਭਾਈ ਮਹਿੰਦਰ ਸਿੰਘ ਯੂ. ਕੇ. ਤੇ ਸੰਤ ਬਾਬਾ ਹਰਭਜਨ ਸਿੰਘ ਭਲਵਾਨ ਜੀ ਕਾਰ ਸੇਵਾ ਕਿਲਾ ਆਨੰਦਗੜ੍ਹ (ਸ੍ਰੀ ਆਨੰਦਪੁਰ ਸਾਹਿਬ) ਵਲੋਂ ਕਰਵਾਈ ਜਾ ਰਹੀ ਹੈ, ਜਿਥੇ ਮੂਲ ਮੰਤਰ ਅਸਥਾਨ ਦੀ ਚੌਥੀ ਮੰਜ਼ਿਲ ਦੀ ਉਸਾਰੀ ਚੱਲ ਰਹੀ ਹੈ । ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸੰਤਘਾਟ ਸਾਹਿਬ ਦੀਆਂ ਪਰਿਕਰਮਾ ਖੁੱਲ੍ਹੀਆਂ ਕਰਕੇ ਤੇ ਆਲੇ ਦੁਆਲੇ ਨੂੰ ਵੀ ਹੋਰ ਸੁੰਦਰ ਬਣਾਇਆ ਜਾ ਰਿਹਾ ਹੈ । ਇਸ ਸਮੇਂ ਉਨ੍ਹਾਂ ਨਾਲ ਗੁਰਦੁਆਰਾ ਬੇਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਸਰਬਜੀਤ ਸਿੰਘ ਧੂੰਦਾ, ਮੀਤ ਮੈਨੇਜਰ ਕੁਲਵੰਤ ਸਿੰਘ, ਭਾਈ ਹਰਜਿੰਦਰ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ , ਭਾਈ ਜਗਤਾਰ ਸਿੰਘ, ਦਿਲਬਾਗ ਸਿੰਘ, ਸਰਵਣ ਸਿੰਘ ਚੱਕਾਂ, ਚੈਂਚਲ ਸਿੰਘ, ਸਲਵੰਤ ਸਿੰਘ ਨੇ ਵੀ ਸ਼ਿਰਕਤ ਕੀਤੀ ।


Related News