ਕਸ਼ਮੀਰ ''ਚ ਇਕ ਵੀ ਦਿਨ ਆਮਦਨ ਕਰ ਵਿਭਾਗ ਦੇ ਦਫਤਰ ਬੰਦ ਨਹੀਂ ਕੀਤੇ ਗਏ : ਬਿਨਯ ਕੁਮਾਰ ਝਾ

11/11/2019 2:05:07 PM

ਜਲੰਧਰ— ਆਮਦਨ ਕਰ ਵਿਭਾਗ ਲੁਧਿਆਣਾ ਦੇ ਪ੍ਰਿੰਸੀਪਲ ਚੀਫ ਕਮਿਸ਼ਨਰ ਬਿਨਯ ਕੁਮਾਰ ਝਾ ਨੇ ਕਿਹਾ ਕਿ ਆਮਦਨ ਕਰ ਵਿਭਾਗ ਵੀ ਦੇਸ਼ ਦੇ ਨਿਰਮਾਣ ਅਤੇ ਵਿਕਾਸ 'ਚ ਆਪਣਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਹਰੇਕ ਵਿਅਕਤੀ ਨੂੰ ਈਮਾਨਦਾਰੀ ਨਾਲ ਟੈਕਸ ਦਾ ਭੁਗਤਾਨ ਕਰਨਾ ਪਵੇਗਾ। ਬਿਨਯ ਕੁਮਾਰ ਪੰਜਾਬ ਕੇਸਰੀ ਗਰੁੱਪ ਵੱਲੋਂ ਬੀਤੇ ਕਰਵਾਏ ਗਏ 116ਵੇਂ ਸ਼ਹੀਦ ਪਰਿਵਾਰ ਫੰਡ ਸਮਾਰੋਹ 'ਚ ਸੰਬੋਧਨ ਕਰ ਰਹੇ ਸਨ। ਝਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਜੰਮੂ-ਕਸ਼ਮੀਰ 'ਚ ਅੱਤਵਾਦ ਦੇ ਜਾਰੀ ਰਹਿਣ ਦੇ ਬਾਵਜੂਦ ਇਕ ਵੀ ਦਿਨ ਆਮਦਨ ਕਰ ਵਿਭਾਗ ਦੇ ਦਫਤਰ ਬੰਦ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਆਮਦਨ ਕਰ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਕਿੰਨੀ ਬਹਾਦਰੀ ਨਾਲ ਕਸ਼ਮੀਰ 'ਚ ਖਰਾਬ ਹਾਲਾਤ 'ਚ ਵੀ ਕੰਮ ਕਰ ਰਹੇ ਹਨ। ਇਸ ਤਰ੍ਹਾਂ ਕਸ਼ਮੀਰ 'ਚ ਜਦ ਵੀ ਕਰਫਿਊ ਲੱਗਾ, ਉਦੋਂ ਵਿਭਾਗ ਦੇ ਅਧਿਕਾਰੀਆਂ ਨੇ ਇਕ ਵੀ ਦਿਨ ਆਪਣਾ ਕੰਮ ਬੰਦ ਨਹੀਂ ਕੀਤਾ। ਬਾਰਾਮੂਲਾ 'ਚ ਵੀ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਹਮੇਸ਼ਾ ਦੇਸ਼ ਦਾ ਝੰਡਾ ਉੱਚਾ ਹੀ ਰੱਖਿਆ। ਝਾ ਨੇ ਕਿਹਾ ਕਿ ਸਰਹੱਦ 'ਤੇ ਜਵਾਨ ਦੇਸ਼ ਦੀ ਖਾਤਿਰ ਲੜ ਰਹੇ ਅਤੇ ਉਸ ਹਾਲਤ 'ਚ ਵੀ ਸਾਨੂੰ ਆਪਣੀ ਜ਼ਿੰਮੇਵਾਰੀ ਦੇਸ਼ ਦੇ ਪ੍ਰਤੀ ਈਮਾਨਦਾਰੀ ਨਾਲ ਨਿਭਾਉਣੀ ਪੈਣੀ ਹੈ। ਝਾ ਨੇ ਕਿਹਾ ਕਿ ਆਮਦਨ ਕਰ ਵਿਭਾਗ ਨੇ ਵੀ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਲੈ ਕੇ ਮੁਹਿੰਮ ਚਲਾਈ ਹੋਈ ਹੈ। ਜਿਸ 'ਚ ਸਾਰੇ ਅਧਿਕਾਰੀ ਅਤੇ ਕਰਮਚਾਰੀ ਤਾਂ ਆਪਣਾ ਹਿੱਸਾ ਪਾ ਹੀ ਰਹੇ ਹਨ ਅਤੇ ਨਾਲ ਹੀ ਇਸ ਕੰਮ 'ਚ ਸਮਾਜ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਈਮਾਨਦਾਰੀ ਨਾਲ ਟੈਕਸ ਭਰਨ ਦੀ ਪ੍ਰ੍ਰੇਰਣਾ ਦਿੰਦੇ ਹੋਏ ਕਿਹਾ ਕਿ ਇਸ ਨਾਲ ਹੀ ਦੇਸ਼ ਮਜ਼ਬੂਤ ਹੋਵੇਗਾ ਅਤੇ ਦੇਸ਼ ਦੀ ਤਾਕਤ ਵਧੇਗੀ, ਦੇਸ਼ ਤਾਕਤਵਰ ਹੋਵੇਗਾ ਤਾਂ ਕੋਈ ਵੀ ਸਾਡੇ ਵੱਲ ਅੱਖ ਚੁੱਕ ਕੇ ਨਹੀਂ ਦੇਖ ਸਕੇਗਾ।

PunjabKesari
ਜੋ ਦੇਸ਼ ਆਪਣੇ ਸ਼ਹੀਦਾਂ ਦਾ ਸਨਮਾਨ ਨਹੀਂ ਕਰਦੇ, ਉਹ ਜ਼ਿਆਦਾ ਦਿਨ ਤੱਕ ਜਿਊਂਦੇ ਨਹੀਂ ਰਹਿੰਦੇ : ਮੇਜਰ ਜਨਰਲ ਆਰ.ਕੇ. ਸਿੰਘ
ਪ੍ਰੋਗਰਾਮ 'ਚ ਸ਼ਿਰਕਤ ਕਰਨ ਆਏ ਮੇਜਰ ਜਨਰਲ ਆਰ. ਕੇ. ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਫੌਜ ਦੀ 35 ਵਰ੍ਹਿਆਂ ਦੀ ਸਰਵਿਸ 'ਚ ਕਈ ਲੜਾਈਆਂ ਦੇਖੀਆਂ ਪਰ ਇਕ ਲੜਾਈ ਅਜਿਹੀ ਹੁੰਦੀ ਹੈ, ਜਿਸ 'ਚ ਸਾਡੇ ਹੌਸਲੇ ਟੁੱਟ ਜਾਂਦੇ ਹਨ। ਉਹ ਹੈ ਜਦ ਕਿਸੇ ਸ਼ਹੀਦ ਹੋਏ ਸਾਥੀ ਪਰਿਵਾਰ ਦੇ ਸਾਹਮਣੇ ਅਫਸੋਸ ਜਤਾਉਣਾ ਪੈਂਦਾ ਹੈ। ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੁੰਦਾ ਹੈ, ਹਿੰਮਤ ਨਹੀਂ ਹੁੰਦੀ ਕਿ ਅਸੀਂ ਪਰਿਵਾਰ ਦਾ ਸਾਹਮਣਾ ਵੀ ਕਰ ਸਕੀਏ। ਕਿਸੇ ਵੀ ਤਰ੍ਹਾਂ ਮੂੰਹ ਲੁਕਾ ਕੇ ਇੱਧਰ-ਉੱਧਰ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਜੋ ਦੇਸ਼ ਆਪਣੇ ਵੀਰਾਂ ਦੀ ਦੇਖਭਾਲ ਨਹੀਂ ਕਰ ਸਕਦੇ, ਉਹ ਕਦੇ ਮਹਾਨ ਨਹੀਂ ਹੋ ਸਕਦੇ ਪਰ ਖੁਸ਼ੀ ਦੀ ਗੱਲ ਹੈ ਕਿ ਸਾਡੇ ਦੇਸ਼ ਅਤੇ ਪੰਜਾਬ 'ਚ ਸ਼ਹੀਦ ਪਰਿਵਾਰਾਂ ਦੀ ਬਹੁਤ ਦੇਖਭਾਲ ਕੀਤੀ ਜਾਂਦੀ ਹੈ। ਇਸ ਕੰਮ ਨੂੰ ਸਿਰੇ ਚੜ੍ਹਾਉਣ ਲਈ ਹਿੰਦ ਸਮਾਚਾਰ ਸਮੂਹ ਅਤੇ ਸ਼ਹੀਦ ਪਰਿਵਾਰ ਫੰਡ ਦਾ ਵੀ ਸ਼ਲਾਘਾਯੋਗ ਯੋਗਦਾਨ ਰਿਹਾ ਹੈ।

PunjabKesari
ਕਸ਼ਮੀਰ 'ਚ ਅੱਤਵਾਦੀਆਂ ਦੇ ਹੱਥੋਂ 40 ਹਜ਼ਾਰ ਲੋਕ ਸ਼ਹੀਦ ਹੋ ਚੁੱਕੇ ਹਨ : ਕਵਿੰਦਰ ਗੁਪਤਾ
ਇਸ ਮੌਕੇ ਜੰਮੂ-ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਕਵਿੰਦਰ ਗੁਪਤਾ ਨੇ ਕਿਹਾ ਕਿ ਸਿਆਸਤ 'ਚ ਚੰਗੇ ਲੋਕਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੱਖਾਂ ਜਵਾਨਾਂ ਨੇ ਜੰਮੂ-ਕਸ਼ਮੀਰ 'ਚ ਆਪਣੀਆਂ ਸ਼ਹੀਦੀਆਂ ਦਿੱਤੀਆਂ ਹਨ। ਗੁਪਤਾ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਲਗਭਗ 40 ਹਜ਼ਾਰ ਬੇਗੁਨਾਹ ਲੋਕਾਂ ਦੀਆਂ ਅੱਤਵਾਦੀਆਂ ਨੇ ਹੱਤਿਆਵਾਂ ਕੀਤੀਆਂ। 
ਉਨ੍ਹਾਂ ਕਿਹਾ ਕਿ ਕਸ਼ਮੀਰੀ ਭਾਈਚਾਰਾ ਅੱਜ ਵੀ ਅੱਤਵਾਦ ਦੇ ਵਿਰੁੱਧ ਲੜ ਰਿਹਾ ਹੈ ਅਤੇ ਆਉਣ ਵਾਲੇ ਸਮੇਂ 'ਚ ਉਹ ਉਮੀਦ ਕਰਦੇ ਹਨ ਕਿ ਜੰਮੂ-ਕਸ਼ਮੀਰ 'ਚ ਵੀ ਅਮਨ ਅਤੇ ਸ਼ਾਂਤੀ ਦਾ ਮਾਹੌਲ ਕਾਇਮ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਖਾਹਿਸ਼ ਹੈ ਕਿ ਪੂਰੇ ਹਿੰਦੋਸਤਾਨ ਦੇ ਲੋਕ ਇਕ ਹੀ ਥਾਲੀ 'ਚ ਖਾਣਾ ਖਾਣ। ਖਾਣਾ ਖਾਂਦੇ ਸਮੇਂ ਇਹ ਨਹੀਂ ਦੇਖਿਆ ਜਾਣਾ ਚਾਹੀਦਾ ਹੈ ਕਿ ਕੌਣ ਹਿੰਦੂ ਅਤੇ ਕੌਣ ਮੁਸਲਮਾਨ ਹੈ। ਜਾਤ ਦਾ ਵੀ ਭੇਦਭਾਵ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਰਾਮ ਮੰਦਿਰ ਨੂੰ ਲੈ ਕੇ ਇਤਿਹਾਸਕ ਫੈਸਲਾ ਆਇਆ ਹੈ ਜਿਸ ਦਾ ਸਾਰੇ ਧਰਮਾਂ ਦੇ ਲੋਕਾਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਸਵਾਗਤ ਕੀਤਾ ਹੈ।


shivani attri

Content Editor

Related News