ਸਰਕਾਰੀ ਕਾਲਜ ਜੰਡਿਆਲਾ ਮੰਜਕੀ ਨੂੰ ਬਿਹਤਰੀਨ ਬਣਾਇਆ ਜਾਵੇਗਾ

12/01/2019 6:42:52 PM

ਜਲੰਧਰ (ਧਵਨ)— ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਨੇ ਕਿਹਾ ਹੈ ਕਿ ਜੰਡਿਆਲਾ ਮੰਜਕੀ ਵਿਚ ਗੁਰੂ ਗੋਬਿੰਦ ਸਿਘ ਸਰਕਾਰੀ ਕਾਲਜ ਨੂੰ ਇਲਾਕੇ ਦਾ ਬਿਹਤਰੀਨ ਕਾਲਜ ਬਣਾਇਆ ਜਾਵੇਗਾ ਤੇ ਇਸ ਕਾਲਜ ਵਿਚ ਵਿਦਿਆਰਥੀਆਂ ਦੇ ਦਾਖਲੇ ਸਬੰਧੀ ਆ ਰਹੀ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਇਸ ਮਾਮਲੇ ਨੂੰ ਉਹ ਮੁੱਖ ਮੰਤਰੀ ਅਤੇ ਸਬੰਧਿਤ ਮੰਤਰੀ ਦੇ ਸਾਹਮਣੇ ਉਠਾਉਣਗੇ। ਸੰਸਦ ਮੈਂਬਰ ਚੌਧਰੀ ਨੇ ਅੱਜ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕੁਲਵੰਤ ਸਿੰਘ ਸਿੰਘ ਨਾਲ ਮਿਲ ਕੇ ਕਾਲਜ ਦਾ ਦੌਰਾ ਕੀਤਾ। 2019-20 ਸਿੱਖਿਆ ਸੈਸ਼ਨ ਵਿਚ ਕਿਸੇ ਵੀ ਵਿਦਿਆਰਥੀ ਨੇ ਇਸ ਕਾਲਜ 'ਚ ਦਾਖਲਾ ਨਹੀਂ ਲਿਆ। 1967 ਵਿਚ ਇਸ ਕਾਲਜ ਦੀ ਸਥਾਪਨਾ ਹੋਈ ਸੀ। 1983 ਵਿਚ ਤਤਕਾਲੀਨ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਸਰਕਾਰ ਨੇ ਇਸ ਕਾਲਜ ਦਾ ਮੁੜ ਨਾਮਕਰਨ ਕੀਤਾ ਸੀ। ਜ਼ਿਕਰਯੋਗ ਹੈ ਕਿ ਜੰਡਿਆਲਾ ਮੰਜਕੀ ਦਰਬਾਰਾ ਸਿੰਘ ਦਾ ਗ੍ਰਹਿ ਖੇਤਰ ਸੀ।

ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਨੇ ਕਿਹਾ ਕਿ ਕਾਲਜ 'ਚ ਚੰਗੀਆਂ ਕਲਾਸਾਂ ਅਤੇ ਹੋਰ ਮੁੱਢਲਾ ਢਾਂਚਾ ਮੌਜੂਦ ਹੈ ਪਰ ਫਿਰ ਵੀ ਇਸ ਵਿਚ ਵਿਦਿਆਰਥੀਆਂ ਵਲੋਂ ਦਾਖਲਾ ਨਾ ਲੈਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਨਕੋਦਰ, ਫਗਵਾੜਾ ਅਤੇ ਫਿਲੌਰ 'ਚ ਨਵੇਂ ਵਿੱਦਿਅਕ ਅਦਾਰੇ ਬਣ ਜਾਣ ਕਾਰਣ ਵਿਦਿਆਰਥੀਆਂ ਦਾ ਝੁਕਾਅ ਉਨ੍ਹਾਂ ਵੱਲ ਚਲਾ ਗਿਆ, ਜਿਸ ਕਾਰਣ ਹੌਲੀ-ਹੌਲੀ ਵਿਦਿਆਰਥੀਆਂ ਦੀ ਗਿਣਤੀ ਘੱਟ ਹੁੰਦੀ ਗਈ। ਉਨ੍ਹਾਂ ਕਿਹਾ ਕਿ ਕਾਲਜ 'ਚ ਅਜੇ ਤੱਕ ਗਰੀਬ ਪਰਿਵਾਰਾਂ ਨਾਲ ਸਬੰਧਿਤ ਵਿਦਿਆਰਥੀ ਹੀ ਸਿੱਖਿਆ ਪ੍ਰਾਪਤ ਕਰ ਰਹੇ ਸਨ। ਜੰਡਿਆਲਾ ਮੰਜਕੀ ਵਿਚ ਹੁਣ ਆਬਾਦੀ 12,000 ਤੱਕ ਪਹੁੰਚ ਚੁੱਕੀ ਹੈ। ਇਸ ਲਈ ਜ਼ਰੂਰੀ ਹੋ ਗਿਆ ਹੈ ਕਿ ਸਥਾਨਕ ਵਿਦਿਆਰਥੀਆਂ ਨੂੰ ਕਾਲਜ ਵਿਚ ਦਾਖਲਾ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਗਰੀਬ ਅਤੇ ਦਰਮਿਆਨੇ ਵਰਗ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਇਸ ਕਾਲਜ ਿਵਚ ਦਾਖਲਾ ਦਿਵਾਉਣਾ ਜ਼ਰੂਰੀ ਹੈ।

ਉਨ੍ਹਾਂ ਪ੍ਰਿੰਸੀਪਲ ਗੁਰਚਰਨ ਸਿੰਘ ਤੇ ਸਥਾਨਕ ਨਾਗਰਿਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਪੰਜਾਬ ਸਰਕਾਰ ਤੇ ਉਪਰਲੇ ਪੱਧਰ ਤੱਕ ਉਠਾਉਣਗੇ ਤਾਂ ਜੋ ਇਸ ਸਮੱਸਿਆ ਦਾ ਹੱਲ ਹੋ ਸਕੇ। ਇਸ ਮੌਕੇ ਕਾਂਗਰਸੀ ਆਗੂ ਪ੍ਰੇਮ ਸਿੰਘ, ਮੱਖਣ ਸਿੰਘ, ਅਮਰਜੀਤ, ਲਕਸ਼ਮੀ ਜੌਹਲ, ਜ਼ੋਰਾਵਰ ਨੰਬਰਦਾਰ ਤੇ ਬਲਰਾਜ ਬਾਜ ਆਦਿ ਮੌਜੂਦ ਸਨ।


shivani attri

Content Editor

Related News