ਹਰੇ ਨਗਰ ਕੀਰਤਨ ਬਦਲਣਗੇ ਪੰਜਾਬ ਦੀ ਤਸਵੀਰ: ਸੰਤ ਸੀਚੇਵਾਲ

Wednesday, Nov 22, 2023 - 01:16 PM (IST)

ਸੁਲਤਾਨਪੁਰ ਲੋਧੀ (ਧੀਰ)-ਸ੍ਰੀ ਗੁਰੂ ਨਾਨਕ ਦੇਵ ਜੀ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ‘ਹਰਾ ਨਗਰ ਕੀਰਤਨ’ ਆਹਲੀ ਕਲਾਂ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਪਹੁੰਚਿਆ। ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਇਹ ਦੂਜਾ ਨਗਰ ਕੀਰਤਨ ਹੈ, ਜਿਸ ਰਾਹੀਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸਭ ਤੋਂ ਵੱਧ ਧਿਆਨ ਪੰਜਾਬ ਦੇ ਗੰਧਲੇ ਹੋ ਰਹੇ ਵਾਤਾਵਰਣ 'ਤੇ ਦੇ ਰਹੇ ਹਨ। ਸੰਤ ਸੀਚੇਵਾਲ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਜੀਵਨਸ਼ੈਲੀ ਦੇ ਹਵਾਲੇ ਦੇ ਕੇ ਸੰਗਤਾਂ ਨੂੰ ਦੱਸਿਆ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਕੁਦਰਤ ਨਾਲ ਪਿਆਰ ਕਰਦੇ ਸਨ ਅਤੇ ਸਾਦਾ ਜੀਵਨ ਬਤੀਤ ਕਰਕੇ ਉਨ੍ਹਾਂ ਨੇ ਕੁੱਲ ਲੋਕਾਈ ਨੂੰ ਸੁਨੇਹਾ ਦਿੱਤਾ ਕਿ ਹਵਾ, ਪਾਣੀ ਅਤੇ ਧਰਤੀ ਸਾਡੇ ਲਈ ਸਭ ਤੋਂ ਵੱਧ ਸਤਿਕਾਰਯੋਗ ਹਨ। ਇਸ ਨਗਰ ਕੀਰਤਨ ਨੇ ਬਿਆਸ ਦਰਿਆ ਦੇ ਧੁੱਸੀ ਬੰਨ੍ਹ ਤੋਂ 10 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਦੋਵਾਂ ਨਗਰ ਕੀਰਤਨਾਂ ਵਿੱਚ 10 ਹਜ਼ਾਰ ਦੇ ਕਰੀਬ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਜਾ ਚੁੱਕਾ ਹੈ। ਇਨ੍ਹਾਂ ਬੂਟਿਆਂ ਵਿੱਚ ਜ਼ਿਆਦਾਤਰ ਮੈਡੀਸਨਲ ਪਲਾਂਟ ਹਨ। ਉਨ੍ਹਾਂ ਕਿਹਾ ਕਿ 03 ਦਸੰਬਰ ਤੱਕ ਕੁੱਲ 5 ਨਗਰ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ 25 ਹਜ਼ਾਰ ਤੋਂ ਵੱਧ ਬੂਟੇ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਧੂੰਅੇ ਦੀ ਮਾਰ ਹੇਠ ਆਇਆ ਹੋਇਆ ਹੈ ਅਤੇ ਸਾਹ ਲੈਣਾ ਔਖਾ ਹੋਇਆ ਹੈ। ਇਸ ਸੰਕਟ ਦੇ ਸਥਾਈ ਹੱਲ ਲਈ ਬੂਟੇ ਲਾਉਣੇ ਬੇਹੱਦ ਜ਼ਰੂਰੀ ਹਨ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਹਰੇ ਨਗਰ ਕੀਰਤਨ ਪੰਜਾਬ ਦੀ ਤਸਵੀਰ ਅਤੇ ਤਕਦੀਰ ਬਦਲਣ ਵਿੱਚ ਸਹਾਈ ਹੋਣਗੇ ਪੰਜਾਬ ਤਦ ਹੀ ਖ਼ੁਸ਼ਹਾਲ ਹੋਵੇਗਾ ਜਦੋਂ ਇਹ ਹਰਿਆ ਭਰਿਆ ਬਣੇਗਾ। ਸੰਤ ਸੀਚੇਵਾਲ ਨੇ ਕਿਹਾ ਕਿ ਧੂੰਏ ਨਾਲ ਧੁਆਂਖੇ ਜਾ ਰਹੇ ਪੰਜਾਬ ਨੂੰ ਬੂਟਿਆਂ ਨਾਲ ਹੀ ਸਾਫ਼-ਸੁਥਰਾ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ, ਜਾਣੋ ਕੀ ਹੈ ਮੁੱਖ ਮੰਗ

PunjabKesari

ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਨੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਬੂਟਿਆਂ ਦਾ ਪ੍ਰਸ਼ਾਦ ਲਿਆ। ਜਥੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਵਿੱਚ ਵੀ ਚੇਤਨਾ ਵਧੀ ਹੈ ਕਿ ਉਹ ਬੂਟੇ ਹੁਣ ਲਾਉਂਦੇ ਹਨ ਅਤੇ ਉਨ੍ਹਾਂ ਨੂੰ ਸੰਭਾਲਦੇ ਵੀ ਹਨ। ਉਨ੍ਹਾਂ ਕਿਹਾ ਕਿ ਮੰਡ ਇਲਾਕੇ ਵਿੱਚ ਝੋਨੇ ਦੀ ਫਸਲ ਵੱਡੇ ਪੱਧਰ ਤੇ ਤਬਾਹ ਹੋ ਗਈ ਸੀ ਤੇ ਕਿਸਾਨ ਹੁਣ ਝੋਨੇ ਦਾ ਬਦਲ ਵੀ ਸੋਚਣ ਲੱਗ ਪਏ ਹਨ।

ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸ਼ਹੀਦ ਬਾਜ਼ ਸਿੰਘ ਜੀ ਪਿੰਡ ਆਹਲੀ ਖੁਰਦ ਤੋਂ ਚੱਲ ਕੇ ਪਿੰਡ ਆਹਲੀ ਕਲਾਂ, ਬੂਲੇ, ਹਜ਼ਾਰਾ, ਭੀਮਾਂ, ਚੱਕ, ਹਾਜ਼ੀਪੁਰ, ਕਬੀਰਪੁਰ, ਲੋਧੀਵਾਲ, ਭਾਗੋ ਬੁੱਢਾ, ਬੂਸੋਵਾਲ, ਤਰਫਹਾਜ਼ੀ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਹੁੰਦੇ ਹੋਏ ਪਵਿੱਤਰ ਵੇਈਂ ਦੇ ਕੰਢੇ-ਕੰਢੇ ਗੁਰਦੁਆਰਾ ਗੁਰਪ੍ਰਕਾਸ਼ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਆ ਕੇ ਸੰਪੂਰਨ ਹੋਇਆ। ਇਸ ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਹੋਇਆ ਸੀ। ਪੂਰੇ ਨਗਰ ਕੀਰਤਨ ਦੌਰਾਨ ਇਹ ਮੰਡ ਇਲਾਕਾ ਬਾਬੇ ਨਾਨਕ ਦੇ ਰੰਗਾਂ ਵਿੱਚ ਰੰਗਾਂ ਹੋਇਆ ਸੀ ਅਤੇ ਇਸ ਇਲਾਕੇ ਦਾ ਦ੍ਰਿਸ਼ ਨਾਨਕਮਈ ਦਿਖਾਈ ਦੇ ਰਿਹਾ ਸੀ। ਸੰਗਤਾਂ ਵੱਲੋਂ ਨਗਰ ਕੀਰਤਨ ਦੇ ਪਿੱਛੇ-ਪਿੱਛੇ ਗੁਰਬਾਣੀ ਦਾ ਗਾਇਨ ਕੀਤਾ ਜਾ ਰਿਹਾ ਸੀ।

ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਤੇ ਕਾਲਜ਼ ਦੇ ਬੱਚਿਆਂ ਵੱਲੋਂ ਨਗਰ ਕੀਰਤਨ ਦੇ ਅੱਗੇ-ਅੱਗੇ ਤਖਤੀਆਂ ਰਾਹੀ ਵਾਤਾਵਰਣ ਦੇ ਸੁਨੇਹਾ ਦਿੱਤਾ ਜਾ ਰਿਹਾ ਸੀ। ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਜਾ ਰਿਹਾ ਸੀ ਤੇ ਸੰਗਤਾਂ ਲਈ ਫਲ਼ਾਂ ਆਦਿ ਦਾ ਲੰਗਰ ਲਗਾਇਆ ਗਿਆ ਸੀ। ਸਕੂਲ ਦੇ ਬੱਚਿਆਂ ਵੱਲੋਂ ਨਗਰ ਕੀਰਤਨ ਦੌਰਾਨ ਕੀਤਾ ਜਾ ਰਿਹਾ ਕੀਰਤਨ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਰਿਹਾ ਸੀ। ਗੱਤਕਾ ਖਿਡਾਰੀਆਂ ਵੱਲੋਂ ਵੀ ਪੂਰੇ ਨਗਰ ਕੀਰਤਨ ਦੌਰਾਨ ਗੱਤਕੇ ਦੇ ਜ਼ੌਹਰ ਵਿਖਾਏ ਗਏ। ਇਸ ਮੌਕੇ ਨਗਰ ਕੀਰਤਨ ਦੌਰਾਨ ਸੰਤ ਸੁਖਜੀਤ ਸਿੰਘ, ਸੰਤ ਗੁਰਮੇਜ਼ ਸਿੰਘ ਸੈਦਰਾਣਾ ਸਾਹਿਬ, ਸੁਰਜੀਤ ਸਿੰਘ ਸ਼ੰਟੀ, ਅਮਰੀਕ ਸਿੰਘ, ਗੁਰਦੀਪ ਸਿੰਘ, ਸਪਰੰਚ ਤਜਿੰਦਰ ਸਿੰਘ, ਤੀਰਥ ਸਿੰਘ, ਸਰਪੰਚ ਜੋਗਾ ਸਿੰਘ, ਸਤਨਾਮ ਸਿੰਘ ਅਤੇ ਇਲਾਕੇ ਭਰ ਦੀ ਸੰਗਤ ਵੱਡੀ ਗਿਣਤੀ ਵਿੱਚ ਸ਼ਾਮਲ ਸੀ।

ਇਹ ਵੀ ਪੜ੍ਹੋ: ਪੰਜਾਬ ਦਾ ਇਕ ਹੋਰ ਫ਼ੌਜੀ ਜਵਾਨ ਡਿਊਟੀ ਦੌਰਾਨ ਹੋਇਆ ਸ਼ਹੀਦ, ਪਰਿਵਾਰ 'ਚ ਛਾਈ ਸੋਗ ਦੀ ਲਹਿਰ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


shivani attri

Content Editor

Related News