ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ, ਖੇਤੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ: ਸੰਤ ਸੀਚੇਵਾਲ
Friday, Mar 08, 2024 - 11:46 AM (IST)
ਲੋਹੀਆਂ ਖ਼ਾਸ (ਰਾਜਪੂਤ)-ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਸਾਨਾਂ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਕਿਹਾ ਕਿ ਖੇਤੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਪਿੰਡ ਗੱਟਾ ਮੁੰਡੀ ਕਾਸੂ ਵਿਚ ਹੜ੍ਹ ਪ੍ਰਭਾਵਿਤ ਇਲਾਕੇ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪੱਧਰਾ ਕਰਨ ਦੀ ਚੱਲ ਰਹੀ ਮੁਹਿੰਮ ਦੀ ਦੇਖ-ਰੇਖ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ ਕਈ ਦਿਨਾਂ ਤੋਂ ਲੱਗੇ ਹੋਏ ਹਨ। ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਵੱਲੋਂ ਸਾਂਝੇ ਤੌਰ ’ਤੇ ਅਕਾਲ ਪੁਰਖ ਦੇ ਸ਼ੁਕਰਾਨੇ ਲਈ ਸ਼ੁਰੂ ਕੀਤੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਤਹਿਤ ਬੀਤੇ ਦਿਨ 2 ਹੋਰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਹੜ੍ਹਾਂ ਦੌਰਾਨ ਕੀਤੀ ਗਈ ਸੇਵਾ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਨੌਜਵਾਨਾਂ ਦਾ ਸੰਤ ਸੀਚੇਵਾਲ ਵੱਲੋਂ ਸਨਮਾਨ ਕੀਤਾ ਗਿਆ।
ਇਹ ਵੀ ਪੜ੍ਹੋ: ਭਾਜਪਾ ਦੀਆਂ ਨਜ਼ਰਾਂ 2027 ’ਚ CM ਅਹੁਦੇ ’ਤੇ, ਅਕਾਲੀ ਦਲ ਕੇਂਦਰ ’ਚ 2 ਅਹਿਮ ਮੰਤਰਾਲਿਆਂ ਦਾ ਚਾਹਵਾਨ
ਇਸ ਮੌਕੇ ਵੱਡੀ ਗਿਣਤੀ ’ਚ ਉਨ੍ਹਾਂ ਪਿੰਡਾਂ ਤੋਂ ਸੰਗਤਾਂ ਇਸ ਸਮਾਗਮ ’ਚ ਹਾਜ਼ਰ ਸਨ, ਜਿਹੜੇ ਪਿੰਡ 8 ਮਹੀਨੇ ਪਹਿਲਾਂ ਹੜ੍ਹਾਂ ਦੌਰਾਨ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਘਿਰੇ ਹੋਏ ਸਨ। ਕਿਸਾਨਾਂ ਦੀਆਂ ਜ਼ਮੀਨਾਂ ’ਚ 40 ਤੋਂ 50 ਫੁੱਟ ਤੱਕ ਪਏ ਟੋਇਆਂ ਨੂੰ ਪੂਰਨ ਦਾ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਸਫ਼ਲਤਾ ਪੂਰਵਕ ਜਾਰੀ ਹੈ। ਇਹ ਕਾਰਜ ਕਰੀਬਨ 50 ਫ਼ੀਸਦੀ ਤੱਕ ਮੁਕੰਮਲ ਹੋ ਚੁੱਕਾ ਹੈ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਨਵੀਆਂ ਚੁਣੌਤੀਆਂ ਵਿਚੋਂ ਦੀ ਲੰਘ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਦੇਸ਼ ਦੇ 310 ਜ਼ਿਲ੍ਹੇ ਜਲਵਾਯੂ ਪਰਿਵਰਤਨ ਦੀ ਮਾਰ ਹੇਠ ਆਏ ਹੋਏ ਹਨ, ਜਿਨ੍ਹਾਂ ਵਿਚੋਂ 9 ਜ਼ਿਲ੍ਹੇ ਪੰਜਾਬ ਦੇ ਹਨ। ਜਲੰਧਰ ਜ਼ਿਲ੍ਹਾ ਜਲਵਾਯੂ ਪਰਿਵਰਤਨ ਦੀ ਸਭ ਤੋਂ ਵੱਧ ਮਾਰ ਹੇਠ ਆਇਆ ਹੋਇਆ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਬਦਲੇ ਹੋਏ ਹਾਲਾਤ ’ਚ ਆ ਰਹੀਆਂ ਚੁਣੌਤੀਆਂ ਲਈ ਤਿਆਰ ਰਹਿਣ। ਹੁਣ ਜਦੋਂ ਮਾਰਚ ਮਹੀਨੇ ਦਾ ਦੂਜਾ ਹਫਤਾ ਸ਼ੁਰੂ ਹੋ ਚੁੱਕਾ ਹੈ ਤਾਂ ਅਜੇ ਵੀ ਠੰਢ ਜਨ-ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ ਜਦਕਿ ਇਸ ਵੇਲੇ ਨਿਸਰ ਰਹੀਆਂ ਕਣਕਾਂ ਲਈ ਹਲਕਾ ਗਰਮ ਮੌਸਮ ਦਾ ਹੋਣਾ ਬਹੁਤ ਜ਼ਰੂਰੀ ਹੈ।
ਸੰਤ ਸੀਚੇਵਾਲ ਨੇ ਦੱਸਿਆ ਕਿ ਸ੍ਰੀ ਆਖੰਡ ਪਾਠਾਂ ਦੀ ਲੜੀ ਦੀ ਸਮਾਪਤੀ 9 ਮਾਰਚ ਨੂੰ ਸਮੁੱਚੇ ਇਲਾਕੇ ਦੀ ਹਾਜ਼ਰੀ ’ਚ ਅਰਦਾਸ ਕਰ ਕੇ ਕੀਤੀ ਜਾਵੇਗੀ। ਸੰਤ ਸੀਚੇਵਾਲ ਨੇ ਪੰਜਾਬ ਦੇ ਉਨ੍ਹਾਂ ਸਾਰਿਆਂ ਨੌਜਵਾਨਾਂ ਤੇ ਸੰਗਤਾਂ ਨੂੰ ਇਸ ਸ਼ੁਕਰਾਨੇ ਦੀ ਅਰਦਾਸ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ, ਜਿਨ੍ਹਾਂ ਵੱਲੋਂ ਦਿਨ ਰਾਤ ਕੀਤੀ ਗਈ ਸੇਵਾ ਸਦਕਾ ਅੱਜ ਇਲਾਕਾ ਮੁੜ ਤੋਂ ਪੈਰਾਂ ’ਤੇ ਖੜ੍ਹ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ 350 ਫੁੱਟ ਦੇ ਕਰੀਬ ਪਹਿਲਾਂ ਪਾੜ ਮਹਿਜ਼ 5 ਦਿਨਾਂ ਵਿਚ ਅਤੇ ਦੂਜਾ 950 ਫੁੱਟ ਕਰੀਬ ਦੇ ਪਾੜ ਨੂੰ 18 ਦਿਨਾਂ ਵਿਚ ਬੰਨ੍ਹ ਕੇ ਪੰਜਾਬ ਦੇ ਲੋਕਾਂ ਇਕ ਵੱਡਾ ਇਤਿਹਾਸ ਰਚਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਨਸ਼ਾ ਤਸਕਰਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ (ਵੀਡੀਓ)
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8