ਨਦੀਆਂ ਤੇ ਦਰਿਆਵਾਂ ਨੂੰ ਦੂਸ਼ਿਤ ਕਰਨ ''ਚ ਪੜ੍ਹੇ ਲਿਖੇ ਲੋਕਾਂ ਦਾ ਵੱਡਾ ''ਯੋਗਦਾਨ'' : ਸੰਤ ਸੀਚੇਵਾਲ

Sunday, Jan 19, 2020 - 11:34 AM (IST)

ਨਦੀਆਂ ਤੇ ਦਰਿਆਵਾਂ ਨੂੰ ਦੂਸ਼ਿਤ ਕਰਨ ''ਚ ਪੜ੍ਹੇ ਲਿਖੇ ਲੋਕਾਂ ਦਾ ਵੱਡਾ ''ਯੋਗਦਾਨ'' : ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ— ਜਲ ਸ਼ਕਤੀ ਮੰਤਰਾਲੇ ਵੱਲੋਂ ਡਾ. ਅੰਬੇਡਕਰ ਭਵਨ ਨਵੀਂ ਦਿੱਲੀ 'ਚ ਕਰਵਾਏ ਗਏ ਸਮਾਗਮ ਦੂਸ਼ਿਤ ਪਾਣੀਆਂ 'ਤੇ ਬੁਲਾਰਿਆਂ ਨੇ ਇੱਕਜੁਟ ਹੁੰਦੇ ਕਿਹਾ ਕਿ ਜੇ ਦੂਸ਼ਿਤ ਪਾਣੀਆਂ ਦਾ ਹੱਲ ਕਰਨਾ ਹੈ ਤਾਂ 'ਸੀਚੇਵਾਲ' ਇਕ ਮੱਕੇ ਦੀ ਤਰ੍ਹਾਂ ਹੈ, ਜਿੱਥੇ ਸਾਰੇ ਮਸਲਿਆਂ ਦੇ ਹੱਲ ਮਿਲ ਸਕਦੇ ਹਨ। ਮੰਤਰਾਲੇ ਵੱਲੋਂ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਉਚੇਚੇ ਤੌਰ 'ਤੇ ਸੱਦਿਆ ਗਿਆ ਸੀ। ਇਸ ਸਮਾਗਮ 'ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਗੰਧਲੇ ਪਾਣੀਆਂ ਨੂੰ ਸਾਫ ਕਰਨ ਲਈ ਲੱਗੇ ਲੋਕ, ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਜਲ ਸ਼ਕਤੀ ਮੰਤਰਾਲੇ ਦੇ ਸਾਰੇ ਸੀਨੀਅਰ ਅਧਿਕਾਰੀ ਆਏ ਹੋਏ ਸਨ। ਗੰਗਾ, ਯਮੁਨਾ ਅਤੇ ਦੇਸ਼ ਦੀਆਂ ਹੋਰ ਵੱਡੀਆਂ ਨਦੀਆਂ ਨੂੰ ਪ੍ਰਦੂਸ਼ਣ ਦੀ ਮਾਰ ਤੋਂ ਬਚਾਉਣ ਲਈ ਛੋਟੀਆਂ ਨਦੀਆਂ ਨੂੰ ਸਾਫ ਕਰਨ ਦੀ ਗੱਲ 'ਤੇ ਜ਼ੋਰ ਦਿੱਤਾ ਗਿਆ।

PunjabKesari

ਜਲ ਸ਼ਕਤੀ ਮੰਤਰਾਲੇ ਦੇ ਸਕੱਤਰ ਯੂਪੀ ਸਿੰਘ ਨੇ ਕਿਹਾ ਕਿ ਨਦੀਆਂ ਨੂੰ ਵੱਗਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨਦੀਆਂ ਕੋਈ ਪਾਈਪ ਨਹੀ ਹਨ, ਜਿਸ ਨੂੰ ਜਿੱਥੋਂ ਚਾਹਿਆਂ ਮੋੜ ਦਿੱਤਾ ਜਾਵੇ। ਨਦੀਆਂ ਵੱਗਣਗੀਆਂ ਤਦ ਹੀ ਹਲਾਤ ਸੁਧਰਨਗੇ। ਉਨ੍ਹਾਂ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਇਸ ਸਮੇਂ ਸਮੁੱਚੇ ਦੇਸ਼ ਲਈ ਪ੍ਰੇਰਣਾ ਸਰੋਤ ਹਨ, ਜਿਨ੍ਹਾਂ ਨੇ ਇਤਿਹਾਸਕ ਕਾਲੀ ਵੇਈਂ ਨੂੰ ਸਾਫ-ਸੁਥਰਾ ਰੱਖਣ ਲਈ ਕਿਸੇ ਸਰਕਾਰੀ ਮਦਦ ਦੀ ਉਡੀਕ ਕੀਤੇ ਬਿਨ੍ਹਾਂ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਮੌਕੇ ਸੰਬੋਧਨ ਕਰਦੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਉਹ ਸੰਗਤਾਂ ਨੂੰ ਨਾਲ ਲੈ ਕੇ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਕਰ ਰਹੇ ਹਨ। ਇਹ ਨਦੀਂ ਹੁਣ ਦੇਸ਼ ਦੀਆਂ ਪ੍ਰਦੂਸ਼ਿਤ ਹੋ ਚੁੱਕੀਆਂ ਨਦੀਆਂ ਨੂੰ ਸਾਫ ਕਰਨ ਲਈ ਇਕ ਮਾਡਲ ਬਣ ਚੁੱਕੀ ਹੈ।

PunjabKesari

ਉਨ੍ਹਾਂ ਕਿਹਾ ਕਿ ਨਦੀਆਂ 'ਚ ਗੰਦਗੀ ਪੈਣ ਤੋਂ ਰੋਕੀ ਜਾਵੇ ਅਤੇ ਗੰਦੇ ਪਾਣੀਆਂ ਨੂੰ ਸਾਫ ਕਰਨ ਲਈ ਟਰੀਟਮੈਂਟ ਪਲਾਂਟ ਲੱਗਣ। ਜਿਹੜੇ ਪਲਾਂਟ ਲੱਗੇ ਹੋਏ ਹਨ ਉਨ੍ਹਾਂ ਨੂੰ ਲਗਾਤਾਰ ਚਲਾਇਆ ਜਾਵੇ ਅਤੇ ਇੰਨ੍ਹਾਂ ਦਾ ਸੋਧਿਆ ਹੋਇਆ ਪਾਣੀ ਖੇਤੀ ਨੂੰ ਲੱਗਦਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਐੱਨ. ਜੀ. ਟੀ. ਦਾ ਡੰਡਾ ਹੀ ਵੱਡੇ ਸੁਧਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਪਾਣੀਆਂ ਪ੍ਰਤੀ ਲਾਪਰਵਾਹੀ ਇੰਨੀ ਜ਼ਿਆਦਾ ਰਹੀ ਹੈ ਕਿ ਨਾ ਤਾਂ ਕੁਦਰਤੀ ਸਰੋਤ ਨਦੀਆਂ ਅਤੇ ਦਰਿਆਵਾਂ ਦੇ ਪਾਣੀਆਂ ਨੂੰ ਸੰਭਾਲਿਆਂ ਗਿਆ ਅਤੇ ਨਾ ਹੀ ਧਰਤੀ ਹੇਠਲੇ ਪਾਣੀ ਨੂੰ ਸੰਭਾਲਿਆ ਗਿਆ।  ਇਸ ਵਰਤਾਰੇ ਲਈ ਲੋਕਾਂ ਨਾਲੋਂ ਵੱਧ ਜੁੰਮੇਵਾਰ ਉਹ ਅਧਿਕਾਰੀ ਹਨ, ਜਿਨ੍ਹਾਂ ਨੇ ਇਹ ਸਾਰਾ ਕੁਝ ਹੋਣ ਦਿੱਤਾ। ਸੰਤ ਸੀਚੇਵਾਲ ਨੇ ਕਿਹਾ ਕਿ ਪਾਣੀ ਤੇਲ ਤੋਂ ਮਹਿੰਗਾ ਵਿਕ ਸਕਦਾ ਸੀ, ਜੇ ਇਸ ਨੂੰ ਸੰਭਾਲ ਕੇ ਰੱਖਦੇ।

ਉਨ੍ਹਾਂ ਦੱਸਿਆ ਕਿ ਸੀਚੇਵਾਲ ਮਾਡਲ ਸਾਰੇ ਦੇਸ਼ 'ਚ ਲਾਗੂ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਦੂਸ਼ਿਤ ਪਾਣੀਆਂ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾ ਸਕਦਾ ਹੈ। ਖੇਤ ਦਾ ਪਾਣੀ ਖੇਤ 'ਚ ਰੀਚਾਰਜ਼ ਕਰਨ ਦੇ ਈਜ਼ਾਦ ਕੀਤੇ ਗਏ ਮਾਡਲ ਦਾ ਜ਼ਿਕਰ ਕਰਦੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ 'ਚ ਉਦੋਂ ਸੁਧਾਰ ਹੋ ਸਕਦਾ ਹੈ ਜਦੋਂ ਮੀਂਹ ਦਾ ਪਾਣੀ ਨੂੰ ਸੁਚੱਜੇ ਢੰਗ ਨਾਲ ਸੰਭਿਆ ਜਾਵੇ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਉਣ ਵਾਲੀਆਂ ਕਈ ਪੀੜ੍ਹੀਆਂ ਦਾ ਪਾਣੀ ਖਤਮ ਕਰਕੇ ਰੱਖ ਦਿੱਤਾ ਹੈ। ਇਸ ਦੇ ਬਾਵਜੂਦ ਵੀ ਸੰਭਲ ਨਹੀਂ ਰਹੇ। ਇਸ ਮੌਕੇ ਉਤਰ ਪ੍ਰਦੇਸ਼ ਤੋਂ ਆਈ. ਆਈ. ਟੀ. ਦੇ ਵਿਦਿਆਰਥੀਆਂ, ਮੱਧ ਪ੍ਰਦੇਸ਼ ਤੋਂ ਸਮਾਜ ਸੇਵੀ ਸੰਗਠਨ ਅਤੇ ਉਤਰਖੰਡ ਅਤੇ ਨਵੀਂ ਦਿੱਲੀ ਤੋਂ ਆਏ ਲੋਕਾਂ ਨੇ ਸੰਤ ਸੀਚੇਵਾਲ ਸਿੱਧ ਸੰਵਾਦ ਰਚਾ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ। ਇਸ ਮੌਕੇ ਜਲ ਸ਼ਕਤੀ ਮੰਤਰਾਲੇ ਦੇ ਵਧੀਕ ਸਕੱਤਰ ਜੀ. ਐੱਸ. ਅਸ਼ੋਕ ਕੁਮਾਰ, ਤੇਜ਼ਦੀਪ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।


author

shivani attri

Content Editor

Related News