ਕੇਂਦਰ ਸਰਕਾਰ ਤੋਂ ਕਰਤਾਰਪੁਰ ਦਾ ਲਾਂਘਾ ਪਹਿਲ ਦੇ ਆਧਾਰ ’ਤੇ ਖੋਲ੍ਹਣ ਦੀ ਮੰਗ
Thursday, Mar 11, 2021 - 04:26 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਸਮੂਹ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਲੰਬੇ ਸਮੇਂ ਤੋਂ ਬੰਦ ਪਿਆ ਕਰਤਾਰਪੁਰ ਦਾ ਲਾਂਘਾ ਸਰਕਾਰ ਨੂੰ ਖੋਲ੍ਹਣਾ ਚਾਹੀਦਾ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਸੰਤ ਬਾਬਾ ਸੁਖਦੇਵ ਸਿੰਘ ਜੀ ਬੇਦੀ ਡੇਰਾ ਬਾਬਾ ਨਾਨਕ ਵਾਲਿਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ ਸਮੇਂ ਕੋਰੋਨਾ ਦੇ ਚਲਦਿਆਂ ਕਰਤਾਰਪੁਰ ਦਾ ਲਾਂਘਾ ਬੰਦ ਕਰ ਦਿੱਤਾ ਸੀ ਅਤੇ ਇਸ ਸਾਲ ਵੀ ਸ੍ਰੀ ਚੋਲਾ ਸਾਹਿਬ ਦੇ ਇਤਿਹਾਸਕ ਮੇਲੇ ਦੌਰਾਨ ਜੋ ਸੰਗਤਾਂ ਡੇਰਾ ਬਾਬਾ ਨਾਨਕ ਨੂੰ ਜਾਂਦੀਆਂ ਹਨ ਉਨ੍ਹਾਂ ਦੀ ਇਹ ਦਿਲੀ ਇੱਛਾ ਹੁੰਦੀ ਹੈ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਦੇ ਵੀ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ।
ਸਰਕਾਰ ਵੱਲੋਂ ਇਹ ਲਾਂਘਾ ਬੰਦ ਕੀਤੇ ਜਾਣ ਕਾਰਨ ਇਸ ਸਾਲ ਵੀ ਹਜ਼ਾਰਾਂ ਸੰਗਤਾਂ ਸ੍ਰੀ ਕਰਤਾਰਪੁਰ ਦੇ ਦਰਸ਼ਨ ਦੀਦਾਰੇ ਕਰਨ ਤੋਂ ਵਾਂਝੇ ਰਹਿ ਗਈਆਂ ਹਨ। ਸਰਕਾਰ ਨੂੰ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਸ਼ਰਧਾ ਦਾ ਸਤਿਕਾਰ ਕਰਦੇ ਹੋਏ ਇਹ ਲਾਂਘਾ ਜਲਦ ਤੋਂ ਜਲਦ ਖੁੱਲ੍ਹਣਾ ਚਾਹੀਦਾ ਹੈ, ਇਸ ਨਾਲ ਜਿੱਥੇ ਸੰਗਤਾਂ ਦੀ ਮੰਗ ਪੂਰੀ ਹੋਵੇਗੀ, ਉਥੇ ਹੀ ਪਾਕਿਸਤਾਨ ਅਤੇ ਭਾਰਤ ਵਿਚਾਲੇ ਮਾਹੌਲ ਵੀ ਸੁਖਾਵਾਂ ਹੋਵੇਗਾ। ਇਸ ਮੌਕੇ ਬਾਬਾ ਸੁਖਦੇਵ ਸਿੰਘ ਜੀ ਬੇਦੀ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਹ ਲਾਂਘਾ ਖੋਲ੍ਹਣ ਲਈ ਜਿਥੇ ਗੁਰੂ ਚਰਨਾਂ ਵਿਚ ਅਰਦਾਸ ਕਰਨ ਉੱਥੇ ਹੀ ਗੁਰੂਆਂ ਵੱਲੋਂ ਦਰਸਾਏ ਗਏ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਮਾਰਗ ਤੇ ਚੱਲ ਆਪਣਾ ਜੀਵਨ ਸਫਲ ਕਰਨ।