ਸ਼ਹਿਰ 'ਚੋਂ ਕੂੜਾ ਚੁਕਾਉਣ ਦੇ ਸਿਸਟਮ ਨੂੰ ਪਾਰਦਰਸ਼ੀ ਬਣਾਉਣ ਲੱਗੀ ਸੈਨੀਟੇਸ਼ਨ ਕਮੇਟੀ

05/21/2020 1:59:08 PM

ਜਲੰਧਰ (ਖੁਰਾਣਾ) - ਮੇਅਰ ਜਗਦੀਸ਼ ਰਾਜਾ ਨੇ ਕਈ ਮਹੀਨੇ ਪਹਿਲਾਂ ਨਿਗਮ ਦੀਆਂ ਐਡਹਾਕ ਕਮੇਟੀਆਂ ਦਾ ਗਠਨ ਕੀਤਾ ਸੀ, ਜਿਨ੍ਹਾਂ ਵਿਚੋਂ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਬਲਰਾਜ ਠਾਕੁਰ, ਮੈਂਬਰ ਕੌਂਸਲਰ ਜਗਦੀਸ਼ ਸਮਰਾਏ ਅਤੇ ਕੌਂਸਲਰ ਅਵਤਾਰ ਸਿੰਘ ਆਦਿ ਨੇ ਹੁਣ ਸਰਗਰਮੀ ਨਾਲ ਸ਼ਹਿਰ ਤੋਂ ਕੂੜਾ ਚੁੱਕਣ ਦੇ ਕੰਮ ਨੂੰ ਪਾਰਦਰਸ਼ੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ ।

ਪਿਛਲੇ ਕਈ ਦਿਨਾਂ ਤੋਂ ਸੈਨੀਟੇਸ਼ਨ ਕਮੇਟੀ ਦੇ ਸਾਰੇ ਮੈਂਬਰ ਮੇਅਰ ਜਗਦੀਸ਼ ਰਾਜਾ ਨੂੰ ਨਾਲ ਲੈ ਜਾ ਕੇ ਕੂੜੇ ਨਾਲ ਭਰੇ ਵਾਹਨਾਂ ਦਾ ਤੋਲ ਕਰਵਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਅਲਾਟ ਪੈਟਰੋਲ-ਡੀਜ਼ਲ ਦੀ ਸਹੀ ਮਾਤਰਾ ਦਾ ਪਤਾ ਲੱਗ ਸਕੇ । ਅੱਜ ਵੀ ਸੈਨੀਟੇਸ਼ਨ ਕਮੇਟੀ ਦੇ ਇਹ ਮੈਂਬਰ ਮੇਅਰ ਨੂੰ ਨਾਲ ਲੈ ਕੇ ਕਪੂਰਥਲਾ ਰੋਡ ’ਤੇ ਸਥਿਤ ਕੰਡੇ ’ਤੇ ਡਟੇ ਰਹੇ, ਜਿਨ੍ਹਾਂ ਨਾਲ ਕੌਂਸਲਰ ਜਗਦੀਸ਼ ਦਕੋਹਾ, ਕੌਂਸਲਰ ਬਲਬੀਰ ਅੰਗੂਰਾਲ, ਕੌਂਸਲਰ ਲਖਬੀਰ ਬਾਜਵਾ ਅਤੇ ਕੌਂਸਲਰ ਬੰਟੀ ਨੀਲਕੰਠ ਸਮੇਤ ਹੋਰ ਵੀ ਮੌਜੂਦ ਸਨ । ਇਨ੍ਹਾਂ ਸਾਰੇ ਮੈਂਬਰਾਂ ਨੇ ਅੱਜ ਨੋਟ ਕੀਤਾ ਕਿ ਨਿਗਮ ਦੀਆਂ 47 ਗੱਡੀਆਂ ਨੇ 96 ਚੱਕਰ ਲਗਾ ਕੇ ਕੁੱਲ 375 ਟਨ ਕੂੜਾ ਚੁੱਕਿਆ, ਜਦੋਂਕਿ ਨਿੱਜੀ ਠੇਕੇਦਾਰ ਦੀਆਂ 5 ਗੱਡੀਆਂ ਨੇ 100 ਟਨ ਕੂੜਾ ਚੁੱਕਿਆ ।

ਸਾਰੀਆਂ ਗੱਡੀਆਂ ’ਤੇ ਲੱਗ ਰਹੀਆਂ ਨੰਬਰ ਪਲੇਟਾਂ

ਸੈਨੀਟੇਸ਼ਨ ਕਮੇਟੀ ਦੇ ਯਤਨਾਂ ਨਾਲ ਕੂੜਾ ਚੁੱਕਣ ਵਾਲੇ ਸਾਰੇ ਵਾਹਨਾਂ 'ਤੇ ਨੰਬਰ ਪਲੇਟਾਂ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ । ਕਮੇਟੀ ਮੈਂਬਰਾਂ ਨੇ ਅੱਜ ਵਧੀਕ ਕਮਿਸ਼ਨਰ ਹਰਚਰਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ 50 ਫੀਸਦੀ ਵਾਹਨਾਂ ’ਤੇ ਨੰਬਰ ਪਲੇਟਾਂ ਨਹੀਂ ਲੱਗੀਆਂ ਹਨ । ਵਧੀਕ ਕਮਿਸ਼ਨਰ ਨੇ ਤੁਰੰਤ ਵਰਕਸ਼ਾਪ ਸੁਪਰਡੈਂਟ ਮਨਦੀਪ ਦੀ ਡਿਊਟੀ ਲਗਾਈ, ਜਿਨ੍ਹਾਂ ਨੇ ਦੱਸਿਆ ਕਿ ਕੁਝ ਦਿਨਾਂ ਵਿਚ ਸਾਰੀਆਂ ਗੱਡੀਆਂ ’ਤੇ ਨੰਬਰ ਲਿਖਣ ਦਾ ਕੰਮ ਪੂਰਾ ਹੋ ਜਾਵੇਗਾ ।

ਮੇਨ ਡੰਪ ਸਥਾਨਾਂ 'ਤੇ ਬਣਨਗੇ ਵਿਸ਼ੇਸ਼ ਰੈਂਪ

ਸੈਨੀਟੇਸ਼ਨ ਕਮੇਟੀ ਨੇ ਸ਼ਹਿਰ ਦੇ ਮੇਨ ਡੰਪ ਸਥਾਨਾਂ 'ਤੇ ਰੈਂਪ ਬਣਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਥੇ ਜਾ ਰਹੇ ਟੈਂਪੂ ਅਤੇ ਰੇਹੜੇ ਸਿੱਧੇ ਕੰਪੈਕਟਰ ਵਿਚ ਚਲੇ ਜਾਣ ਅਤੇ ਉਥੇ ਦਾ ਕੂੜਾ ਜ਼ਮੀਨ ’ਤੇ ਨਾ ਆਵੇ । ਇਸ ਤਰ੍ਹਾਂ ਦਾ ਪਹਿਲਾ ਰੈਂਪ ਮਾਡਲ ਟਾਊਨ ਸ਼ਮਸ਼ਾਨਘਾਟ ਡੰਪ 'ਤੇ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ।

ਇਸ ਤੋਂ ਇਲਾਵਾ ਸੈਨੀਟੇਸ਼ਨ ਕਮੇਟੀ ਕੋਸ਼ਿਸ਼ ਕਰ ਰਹੀ ਹੈ ਕਿ ਟਰਾਲੀਆਂ ਅਤੇ ਛੋਟੀਆਂ ਗੱਡੀਆਂ ਨੂੰ ਵਰਿਆਣਾ ਡੰਪ 'ਤੇ ਨਾ ਭੇਜ ਕੇ ਉਨ੍ਹਾਂ ਨੂੰ ਸੈਕੰਡਰੀ ਡੰਪ ’ਤੇ ਹੀ ਕੂੜਾ ਸੁਟਣ ਲਈ ਕਿਹਾ ਜਾਵੇ । ਨਿਗਮ ਕਮਿਸ਼ਨਰ ਨੇ ਸੈਨੀਟੇਸ਼ਨ ਕਮੇਟੀ ਦੇ ਮੈਂਬਰਾਂ ਅਤੇ ਮੇਅਰ ਨੂੰ ਇਹ ਵੀ ਭਰੋਸਾ ਦਿੱਤਾ ਕਿ ਜਲਦ ਹੀ ਨਿਗਮ ਦੀਆਂ ਕੰਡਮ ਹੋ ਚੁੱਕੀਆਂ ਗੱਡੀਆਂ ਨੂੰ ਕੱਢ ਦਿੱਤਾ ਜਾਵੇਗਾ । ਸੈਨੀਟੇਸ਼ਨ ਕਮੇਟੀ ਦੇ ਮੈਂਬਰਾਂ ਨੇ ਦਸਿਆ ਕਿ ਕੰਡੇ ’ਤੇ ਜਾ ਕੇ ਕੂੜੇ ਵਾਲੀਆਂ ਗੱਡੀਆਂ ਦੇ ਚੱਕਰ ਅਤੇ ਉਨ੍ਹਾਂ ਦੀ ਟਾਈਮਿੰਗ ਆਦਿ ਦੀ ਜਾਂਚ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ।।
 


Harinder Kaur

Content Editor

Related News