ਫਗਵਾੜਾ ''ਚ ਬੇਖ਼ੌਫ਼ ਲੁਟੇਰੇ, ਘਰ ਦੇ ਬਾਹਰ ਬੈਠੀ ਮਹਿਲਾ ਦੇ ਕੰਨਾਂ ਤੋਂ ਝਪਟੀਆਂ ਸੋਨੇ ਦੀਆਂ ਵਾਲੀਆਂ

Wednesday, Sep 09, 2026 - 12:45 PM (IST)

ਫਗਵਾੜਾ ''ਚ ਬੇਖ਼ੌਫ਼ ਲੁਟੇਰੇ, ਘਰ ਦੇ ਬਾਹਰ ਬੈਠੀ ਮਹਿਲਾ ਦੇ ਕੰਨਾਂ ਤੋਂ ਝਪਟੀਆਂ ਸੋਨੇ ਦੀਆਂ ਵਾਲੀਆਂ

ਫਗਵਾੜਾ (ਜਲੋਟਾ)- ਫਗਵਾੜਾ ਦੇ ਬੰਗਾ ਰੋਡ ਸਥਿਤ ਗੁਰੂ ਰਵਿਦਾਸ ਨਗਰ ਇਲਾਕੇ ਵਿੱਚ ਬੇਖ਼ੌਫ਼ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਲੁਟੇਰਿਆਂ ਵੱਲੋਂ ਆਪਣੇ ਘਰ ਦੇ ਬਾਹਰ ਬੈਠੀ ਇੱਕ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦੇ ਦੋਵੇਂ ਕੰਨਾਂ ਤੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਗਈਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ ਹਨ। ਇਸ ਘਟਨਾ ਮਗਰੋਂ ਪੂਰੇ ਇਲਾਕੇ 'ਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਜਾਣਕਾਰੀ ਮੁਤਾਬਕ ਪੀੜਤ ਮਹਿਲਾ ਆਸ਼ਾ ਰਾਣੀ ਪਤਨੀ ਫ਼ਕੀਰ ਚੰਦ (ਸਾਬਕਾ ਪੰਚ) ਬੀਤੀ ਸ਼ਾਮ ਨੂੰ ਆਪਣੇ ਘਰ ਦੇ ਬਾਹਰ ਬੈਠੀ ਹੋਈ ਸੀ। ਇਸੇ ਦੌਰਾਨ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਨੌਜਵਾਨ ਉੱਥੇ ਪਹੁੰਚੇ। ਵਾਰਦਾਤ ਨੂੰ ਅੰਜਾਮ ਦੇਣ ਲਈ ਇਕ ਲੁਟੇਰੇ ਨੇ ਮੋਟਰਸਾਈਕਲ ਨੂੰ ਸਟਾਰਟ ਹਾਲਤ 'ਚ ਗਲੀ ਦੇ ਮੋੜ 'ਤੇ ਖੜ੍ਹਾ ਰੱਖਿਆ, ਜਦਕਿ ਉਸ ਦੇ ਦੂਜੇ ਸਾਥੀ ਨੇ ਪਿੱਛੋਂ ਆ ਕੇ ਅਚਾਨਕ ਮਹਿਲਾ 'ਤੇ ਹਮਲਾ ਕੀਤਾ ਅਤੇ ਝਪਟਾ ਮਾਰ ਕੇ ਉਸ ਦੇ ਦੋਵੇਂ ਕੰਨਾਂ ਤੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ। ਪੀੜਤਾ ਮੁਤਾਬਕ ਲੁਟੇਰਿਆਂ ਨੇ ਆਪਣੇ ਮੂੰਹ ਰੁਮਾਲ ਨਾਲ ਢੱਕੇ ਹੋਏ ਸਨ, ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਇਸ ਘਟਨਾ 'ਚ ਪੀੜਤ ਪਰਿਵਾਰ ਦਾ ਹਜ਼ਾਰਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਪਾਕਿਸਤਾਨੀ ਹਥਿਆਰ ਤਸਕਰੀ ਦਾ ਪਰਦਾਫ਼ਾਸ਼, ਹਥਿਆਰਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਪੀੜਤ ਪਰਿਵਾਰ ਅਤੇ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਵਾਰਦਾਤ ਤੋਂ ਤੁਰੰਤ ਬਾਅਦ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ ਪਰ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਦੀ ਕੋਈ ਟੀਮ ਮੌਕੇ 'ਤੇ ਜਾਂਚ ਲਈ ਨਹੀਂ ਪਹੁੰਚੀ। ਸਥਾਨਕ ਨਾਗਰਿਕਾਂ ਨੇ ਪੁਲਸ ਪ੍ਰਸ਼ਾਸਨ ਦੀ ਸੁਸਤ ਕਾਰਜਪ੍ਰਣਾਲੀ ਅਤੇ ਮਾੜੀ ਕਾਨੂੰਨ ਵਿਵਸਥਾ 'ਤੇ ਗੰਭੀਰ ਚਿੰਤਾ ਅਤੇ ਰੋਸ ਪ੍ਰਗਟਾਇਆ ਹੈ।

ਇਹ ਵੀ ਪੜ੍ਹੋ: ਪੰਜਾਬ DGP ਗੌਰਵ ਯਾਦਵ ਦੀ ਸਖ਼ਤੀ! ਸਰਹੱਦੋਂ ਪਾਰ ਉੱਭਰ ਰਹੇ ਖ਼ਤਰਿਆਂ ਸਬੰਧੀ ਹਦਾਇਤਾਂ ਕੀਤੀਆਂ ਜਾਰੀ

ਸਾਬਕਾ ਪੰਚ ਫ਼ਕੀਰ ਚੰਦ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਕਾਰਨ ਹੁਣ ਲੋਕ ਆਪਣੇ ਘਰਾਂ ਦੇ ਬਾਹਰ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਮਹੱਲਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਪੁਲਿਸ ਗਸ਼ਤ ਤੁਰੰਤ ਵਧਾਈ ਜਾਵੇ, ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਲੁਟੇਰਿਆਂ ਦਾ ਸੁਰਾਗ ਲਗਾ ਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪੀੜਤਾ ਨੂੰ ਇਨਸਾਫ਼ ਦਿਵਾਇਆ ਜਾਵੇ।

ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਘਟਨਾ! ਦੋ ਨੌਜਵਾਨਾਂ ਨੇ ਕੁੜੀ ਦੀ ਰੋਲ਼ੀ ਪੱਤ, ਪੇਟ ਦਰਦ ਮਗਰੋਂ ਖੁੱਲ੍ਹੇ ਭੇਤ ਨੇ ਉਡਾਏ ਹੋਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News