ਭੁਲੱਥ ਪਹੁੰਚੇ ਬਸਪਾ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦਾ ਵੱਡਾ ਬਿਆਨ
Saturday, Nov 21, 2026 - 07:40 PM (IST)
ਭੁਲੱਥ (ਰਜਿੰਦਰ)- ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਅੱਜ ਹਲਕਾ ਭੁਲੱਥ ਦੇ ਪਿੰਡ ਮਕਸੂਦਪੁਰ ਵਿਖੇ ਪੁੱਜੇ। ਜਿੱਥੇ ਉਨ੍ਹਾਂ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਸੰਵਿਧਾਨ ਦਿਵਸ ਮੌਕੇ 26 ਨਵੰਬਰ ਨੂੰ ਫਿਲੌਰ ਵਿਖੇ ਸੂਬਾ ਪੱਧਰੀ 'ਪੰਜਾਬ ਸੰਭਾਲੋ ਰੈਲੀ' ਕੀਤੀ ਜਾ ਰਹੀ ਹੈ। ਜਿਸ ਸੰਬੰਧੀ ਉਹ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਇਥੇ ਆਏ ਹਨ।
ਉਨ੍ਹਾਂ ਦਸਿਆ ਕਿ ਇਸ ਰੈਲੀ ਵਿਚ ਮੁੱਖ ਮਹਿਮਾਨ ਵਜੋਂ ਬਸਪਾ ਦੇ ਨੈਸ਼ਨਲ ਕਨਵੀਨਰ ਆਕਾਸ਼ ਆਨੰਦ ਪਹੁੰਚ ਰਹੇ ਹਨ, ਇਸ ਲਈ ਭੁਲੱਥ ਹਲਕੇ ਤੋਂ ਪਾਰਟੀ ਵਰਕਰ ਵੱਡੀ ਗਿਣਤੀ ਵਿਚ ਬੱਸਾਂ ਦੇ ਕਾਫਲੇ ਲੈ ਕੇ ਫਿਲੌਰ ਰੈਲੀ ਵਿੱਚ ਪਹੁੰਚਣ। ਅਵਤਾਰ ਸਿੰਘ ਕਰੀਮਪੁਰੀ ਨੇ ਆਖਿਆ ਕਿ ਪੰਜਾਬ ਦੀ ਜਨਤਾ ਨੇ ਮਨ ਬਣਾ ਲਿਆ ਹੈ ਕਿ ਪੰਜਾਬ ਨੂੰ ਉਜਾੜਨ ਵਾਲੀ ਕਾਂਗਰਸ, ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਰੱਦ ਕਰਕੇ ਇੱਕ ਮੌਕਾ ਬਸਪਾ ਨੂੰ ਦੇਣਾ ਹੈ। ਉਨ੍ਹਾਂ ਆਖਿਆ ਕਿ ਹੁਕਮਰਾਨ ਦੇਸ਼ ਅਤੇ ਪ੍ਰਦੇਸ਼ ਨੂੰ ਕਿਵੇਂ ਚਲਾਉਣ , ਸੰਵਿਧਾਨ ਇਸ ਸੰਬੰਧੀ ਮਾਰਗ ਦਰਸ਼ਕ ਕਰਦਾ ਹੈ। ਪਰ ਸੰਵਿਧਾਨ ਦੇ ਪ੍ਰਤੀ ਅੱਜ ਤੱਕ ਦੇ ਹਾਕਮ ਇਮਾਨਦਾਰ ਨਹੀਂ ਰਹੇ, ਹਾਕਮਾਂ ਨੇ ਆਪਣੇ ਅਹੁੱਦੇ ਦੀ ਸਹੁੰ ਚੁੱਕ ਕੇ ਸੰਵਿਧਾਨ ਨੂੰ ਜਮੀਨੀ ਪੱਧਰ 'ਤੇ ਲਾਗੂ ਨਹੀਂ ਕੀਤਾ। ਇਸੇ ਕਰਕੇ ਸੰਵਿਧਾਨ ਦਾ ਜੋ ਲਾਭ ਦੇਸ਼ ਵਾਸੀਆਂ ਨੂੰ ਮਿਲਣਾ ਚਾਹੀਦਾ ਸੀ, ਉਹ ਹਾਲੇ ਤੱਕ ਮਿਲ ਨਹੀਂ ਸਕਿਆ।

ਉਨ੍ਹਾਂ ਆਖਿਆ ਕਿ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਸੰਵਿਧਾਨ ਵਿਚ ਸਾਰਿਆਂ ਲਈ ਮੁਫ਼ਤ ਤੇ ਲਾਜ਼ਮੀ ਸਿੱਖਿਆ ਦਾ ਪ੍ਰਾਵਧਾਨ ਕੀਤਾ ਹੋਇਆ ਹੈ। ਜੇਕਰ ਮਾਪੇ ਮਜ਼ਦੂਰ ਜਾਂ ਅਨਪੜ੍ਹ ਹਨ ਅਤੇ ਆਪਣੇ ਬੱਚੇ ਨੂੰ ਸਕੂਲ ਨਹੀਂ ਭੇਜਦੇ ਤਾਂ ਹੁਕਮਰਾਨ ਦੀ ਡਿਊਟੀ ਬਣਦੀ ਹੈ ਕਿ ਉਹ ਆਪਣੀ ਮਸ਼ੀਨਰੀ ਭੇਜੇ ਅਤੇ ਮਾਪਿਆਂ ਨੂੰ ਪੜ੍ਹਾਈ ਦੀ ਅਹਿਮੀਅਤ ਤੋਂ ਜਾਣੂ ਕਰਵਾਏ। ਉਨ੍ਹਾਂ ਆਖਿਆ ਕਿ ਹਾਕਮਾਂ ਨੇ ਹਲਦੀ ਮੁਫ਼ਤ ਦੇਣੀ ਤਾਂ ਮਨਜ਼ੂਰ ਕਰ ਲਈ, ਪਰ ਸਿੱਖਿਆ ਮੁਫਤ ਦੇਣੀ ਮਨਜ਼ੂਰ ਨਹੀਂ ਕੀਤੀ। ਉਨ੍ਹਾਂ ਕਿਹਾ ਕਿ 200 ਗ੍ਰਾਮ ਹਲਦੀ ਭਿਖਾਰੀ ਪੈਦਾ ਕਰਦੀ ਹੈ, ਜਦਕਿ ਸਿੱਖਿਆ ਅਧਿਕਾਰੀ ਪੈਦਾ ਕਰਦੀ ਹੈ। ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਬਦਹਾਲ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਲਈ ਬਸਪਾ ਨੂੰ ਅੱਗੇ ਲਿਆਉਣਾ ਬਹੁਤ ਜਰੂਰੀ ਹੈ ਤਾਂ ਜੋ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਨਾਲ-ਨਾਲ, ਲੈਂਡ ਤੇ ਰੇਤ ਮਾਫੀਆ ਦਾ ਖਾਤਮਾ ਕੀਤਾ ਜਾ ਸਕੇ।
ਵਿਧਾਨ ਸਭਾ ਹਲਕਾ ਭੁਲੱਥ ਤੋਂ ਪਾਰਟੀ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਬਿੱਟੂ ਤੇ ਹਲਕਾ ਪ੍ਰਧਾਨ ਸੁਖਦੇਵ ਸਿੰਘ ਬੱਬੀ ਨੇ ਇਥੇ ਪਹੁੰਚੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਤਰਸੇਮ ਥਾਪਰ ਜਨਰਲ ਸਕੱਤਰ ਪੰਜਾਬ, ਰਾਕੇਸ਼ ਕੁਮਾਰ ਦਾਤਾਰਪੁਰੀ ਸਕੱਤਰ ਪੰਜਾਬ, ਜ਼ਿਲ੍ਹਾ ਪ੍ਰਧਾਨ ਡਾ. ਜਸਵੰਤ ਸਿੰਘ ਦਾ ਸਵਾਗਤ ਕੀਤਾ। ਜਦਕਿ ਜ਼ਿਲਾ ਵਾਈਸ ਪ੍ਰਧਾਨ ਪ੍ਰਗਟ ਸੰਧੂ ਨੇ ਮੀਟਿੰਗ ਵਿਚ ਪਹੁੰਚੇ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਸਕੱਤਰ ਬਿੰਦਰ ਮਸੀਹ ਅਤੇ ਸਰਬਜੀਤ ਨੰਗਲ ਲੁਬਾਣਾ, ਸੈਕਟਰ ਪ੍ਰਧਾਨ ਭਜਨ ਸਿੰਘ, ਅਵਤਾਰ ਸਿੰਘ ਨਿੱਕਾ ਚੱਕੋਕੀ ਤੇ ਜਸਵਿੰਦਰ ਸਿੰਘ ਨਿੱਕੀ ਮਿਆਣੀ, ਸੁਖਵੰਤ ਸਿੰਘ ਚੌਗਾਵਾਂ ਕੈਸ਼ੀਅਰ, ਮਲਕੀਤ ਸਿੰਘ ਢਿੱਲਵਾਂ, ਅਜੀਤ ਸਿੰਘ ਮੰਡ ਤਲਵੰਡੀ, ਹਰਮਨ ਚੱਕੋਕੀ, ਸੱਤਪਾਲ ਭੱਟੀ, ਰਾਕੇਸ਼ ਕੁਮਾਰ ਚੋਪੜਾ, ਇੰਦਰਜੀਤ ਸਿੰਘ, ਜੀਵਨ ਕੁਮਾਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਜਥੇਦਾਰ ਕੁਲਦੀਪ ਸਿੰਘ ਗੜਗੱਜ ਗੁ. ਸ੍ਰੀ ਬੇਰ ਸਾਹਿਬ ਹੋਏ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
