ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ’ਚ ਜੋੜ ਮੇਲਾ ਸ਼ੁਰੂ

Sunday, Nov 22, 2026 - 05:12 PM (IST)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ’ਚ ਜੋੜ ਮੇਲਾ ਸ਼ੁਰੂ

ਸੁਲਤਾਨਪੁਰ ਲੋਧੀ (ਸੋਢੀ)-ਸਿੱਖ ਧਰਮ ਦੇ ਬਾਨੀ ਮਨੁੱਖਤਾ ਦੇ ਰਹਿਬਰ ਸਾਹਿਬ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਅੱਜ ਤੋਂ ਹੀ ਪੁੱਜੀਆਂ ਭਾਰੀ ਗਿਣਤੀ ਸੰਗਤਾਂ ਨਾਲ ਜੋੜ ਮੇਲਾ ਸ਼ੁਰੂ ਹੋ ਗਿਆ ਹੈ। ਸਵੇਰ ਤੋਂ ਹੀ ਦੂਰ-ਦੁਰਾਡੇ ਤੋਂ ਸੰਗਤਾਂ ਗੱਡੀਆਂ ਕਾਰਾਂ, ਜੀਪਾਂ ਰਾਹੀਂ ਗੁਰਦੁਆਰਾ ਬੇਰ ਸਾਹਿਬ ਲਈ ਪੁੱਜ ਰਹੀਆਂ ਸਨ, ਜਿਨ੍ਹਾਂ ਨੂੰ ਪਾਰਕਿੰਗ ਲਈ ਕਾਫ਼ੀ ਜੱਦੋ-ਜ਼ਹਿਦ ਕਰਨੀ ਪਈ। ਟਰੈਫਿਕ ਕੰਟਰੋਲ ਕਰਨ ਲਈ ਅੱਜ ਸਵੇਰ ਤੋਂ ਦੁਪਹਿਰ ਤੱਕ ਪੁਲਸ ਦਾ ਕੋਈ ਵੀ ਚੰਗੇ ਪ੍ਰਬੰਧ ਨਾ ਹੋਣ ਕਾਰਨ ਸੰਗਤਾਂ ਜਾਮ ਵਿਚ ਲੰਮਾ ਸਮਾਂ ਫਸੀਆਂ ਰਹੀਆਂ।

ਇਹ ਵੀ ਪੜ੍ਹੋ: ਜਲੰਧਰ ਵਿਖੇ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼! ਇਲਾਕੇ 'ਚ ਫੈਲੀ ਸਨਸਨੀ, ਕਤਲ ਦਾ ਖ਼ਦਸ਼ਾ

PunjabKesari

ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਵੀ ਵੱਖ-ਵੱਖ ਥਾਵਾਂ ਤੋਂ ਪੈਦਲ ਯਾਤਰਾ ਅਤੇ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜੇ ਅਤੇ ਸੰਗਤਾਂ ਨਤਮਸਤਕ ਹੋ ਕੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਗੁਰਦੁਆਰਾ ਬੇਰ ਸਾਹਿਬ ਦਰਬਾਰ ਅੰਦਰ ਅਤੇ ਦਰਸ਼ਨੀ ਡਿਊੜੀ ਤੋਂ ਮੁੱਖ ਰਸਤੇ ਵਿਚ ਫੁੱਲਾਂ ਨਾਲ ਸ਼ਰਧਾਲੂਆਂ ਵੱਲੋਂ ਕੀਤੀ ਮਨਮੋਹਣੀ ਸਜਾਵਟ ਵੇਖ ਕੇ ਸੰਗਤਾਂ ਨੇ ਦਰਬਾਰ ਦੇ ਬਾਹਰ ਖੂਬ ਸੈਲਫੀਆਂ ਕੀਤੀਆਂ। ਇਸ ਸਮੇ ਵੱਖ ਵੱਖ ਪਿੰਡਾਂ ਤੇ ਦੂਜੇ ਸ਼ਹਿਰਾਂ ਤੋਂ ਸਜਾਏ ਨਗਰ ਕੀਰਤਨ ਅਤੇ ਪੈਦਲ ਯਾਤਰਾਵਾਂ ਗੁਰਦੁਆਰਾ ਬੇਰ ਸਾਹਿਬ ਪੁੱਜ ਰਹੀਆਂ ਹਨ। ਵੱਡੀ ਗਿਣਤੀ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਹਨ।

PunjabKesari

ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਅੰਦਰ ਸਜੇ ਅੱਜ ਦੇ ਦੀਵਾਨ ਵਿਚ ਬੇਰ ਸਾਹਿਬ ਦੇ ਹਜੂਰੀ ਰਾਗੀ ਭਾਈ ਕੰਵਲਜੀਤ ਸਿੰਘ, ਭਾਈ ਜੁਝਾਰ ਸਿੰਘ ਰਾਗੀ ਬੇਰ ਸਾਹਿਬ, ਭਾਈ ਦਿਲਬਾਗ ਸਿੰਘ ਪ੍ਰਧਾਨ ਰਾਗੀ ਸਭਾ, ਭਾਈ ਰੋਬਿਨਜੀਤ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਸੰਤੋਖ ਸਿੰਘ, ਭਾਈ ਗੁਰਪ੍ਰੀਤ ਸਿੰਘ ਆਦਿ ਹੋਰ ਰਾਗੀ ਜਥਿਆਂ ਨੇ ਗੁਰਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ ਤੇ ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਨੇ ਅਰਦਾਸ ਕੀਤੀ। ਗਿਆਨੀ ਸਤਨਾਮ ਸਿੰਘ ਹੈੱਡ ਗ੍ਰੰਥੀ ਨੇ ਹੁਕਮਨਾਮਾ ਸਰਵਣ ਕਰਵਾਇਆ। ਭਾਈ ਕਰਨਜੀਤ ਸਿੰਘ ਹਜ਼ੂਰੀ ਕਥਾ ਵਾਚਕ ਨੇ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਸੁਣਾਈ। ਸ਼ਰਧਾਲੂ ਸੰਗਤਾਂ ਵੱਲੋਂ ਫੁੱਲਾਂ ਅਤੇ ਰੰਗ ਬਿਰੰਗੀਆਂ ਝੰਡੀਆਂ ਨਾਲ ਸਜਾਏ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਉਪਰੰਤ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਪ ਅਸਥਾਨ ਥੜ੍ਹਾ ਸਾਹਿਬ ਤੇ ਬੇਰੀ ਸਾਹਿਬ ਦੇ ਵੀ ਦਰਸ਼ਨ ਕੀਤੇ।

PunjabKesari

ਇਹ ਵੀ ਪੜ੍ਹੋ:ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਇਸ ਸਮੇਂ ਜਿੱਥੇ ਗੁਰਦੁਆਰਾ ਬੇਰ ਸਾਹਿਬ ਦੇ ਮੁੱਖ ਲੰਗਰ ਹਾਲ ਵਿਖੇ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ, ਉੱਥੇ ਗੁਰੂ ਨਾਨਕ ਸੇਵਕ ਜਥਾ ਬਾਹਰਾ ਦੇ ਸੇਵਾਦਾਰਾਂ ਵੱਲੋਂ ਬਾਬਾ ਹਰਜੀਤ ਸਿੰਘ ਗੁਰਦੁਆਰਾ ਦਮਦਮਾ ਸਾਹਿਬ ਠੱਟੇ ਵਾਲਿਆਂ ਦੀ ਅਗਵਾਈ ਹੇਠਾਂ ਚਾਹ ਪਕੌੜੇ ਦੇ ਲੰਗਰ ਲਗਾਏ। ਇਸ ਦੇ ਇਲਾਵਾ ਪ੍ਰਕਾਸ਼ ਪੁਰਬ ਜੋੜ ਮੇਲੇ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਤੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਕਾਹਲਵਾਂ ਨੇ ਸੰਗਤਾਂ ਨੂੰ ਹੁੰਮ ਹੁਮਾ ਕੇ ਸਲਾਨਾ ਜੋੜ ਮੇਲੇ ਤੇ ਪੁੱਜਣ ਦੀ ਅਪੀਲ ਕੀਤੀ।

PunjabKesari

ਸ਼੍ਰੋਮਣੀ ਕਮੇਟੀ ਮੈਂਬਰ ਜਥੇ ਜਰਨੈਲ ਸਿੰਘ ਡੋਗਰਾਂਵਾਲ ਨੇ ਗੱਲਬਾਤ ਕਰਦੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ 22 ਨਵੰਬਰ ਨੂੰ ਦੀ ਦੇਰ ਰਾਤ ਨੂੰ ਢਾਈ ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। 23 ਨਵੰਬਰ ਦੀ ਸਵੇਰ 10 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਸੁਲਤਾਨਪੁਰ ਲੋਧੀ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ ਵਿਆਹ ਸਮਾਗਮ ਦੌਰਾਨ ਵਾਪਰੀ ਵੱਡੀ ਵਾਰਦਾਤ! ਚੱਲ ਗਈ ਗੋਲ਼ੀ, ਮੌਕੇ 'ਤੇ ਹੋਇਆ...

PunjabKesari

ਇਸ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡ. ਹਰਜਿੰਦਰ ਸਿੰਘ ਧਾਮੀ ਵੀ ਪੁਜਣਗੇ। 23 ਦੀ ਸ਼ਾਮ ਨੂੰ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਉੱਚ ਕੋਟੀ ਦੇ ਰਾਗੀ, ਢਾਡੀ, ਕਥਾ ਵਾਚਕ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ 25 ਨਵੰਬਰ ਦੀ ਸਵੇਰ ਤੱਕ ਗੁਰੂ ਜਸ਼ ਸੁਣਾਉਂਣਗੇ। ਉਨ੍ਹਾਂ ਦੱਸਿਆ ਕਿ ਮਹਾਨ ਗੁਰਪੁਰਬ ਜੋੜ ਮੇਲੇ ਤੇ ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਗੁ. ਬੇਰ ਸਾਹਿਬ ਨਤਮਸਤਕ ਹੋਣਗੇ ।

PunjabKesari

ਬੇਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਕਾਹਲਵਾਂ ਤੇ ਹੈਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਨੇ ਦੱਸਿਆ ਕਿ 24 ਨਵੰਬਰ ਦੀ ਸ਼ਾਮ 7 ਵਜੇ ਸ਼ਾਨਦਾਰ ਦੀਪਮਾਲਾ ਹੋਵੇਗੀ ਤੇ ਇਸ ਵਾਰ ਸ਼ਾਹੀ ਆਤਿਸ਼ਬਾਜੀ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 24 ਨਵੰਬਰ ਦੀ ਦੇਰ ਰਾਤ ਨੂੰ 1.30 ਵਜੇ ਪਾਏ ਜਾਣਗੇ ਤੇ ਫੁੱਲਾਂ ਦੀ ਵਰਖਾ ਹੋਵੇਗੀ। ਗਿਆਨੀ ਸਤਨਾਮ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੇਰ ਸਾਹਿਬ ਨੇ ਦੱਸਿਆ ਕਿ ਮੈਨੇਜਰ ਭਗਵੰਤ ਸਿੰਘ ਦੀ ਅਗਵਾਈ ਹੇਠਾਂ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹਨ ।

PunjabKesari

ਇਸ ਸਮੇ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਇੰਜ.ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ, ਜਥੇ ਕੁਲਦੀਪ ਸਿੰਘ ਬੂਲੇ ਪ੍ਰਧਾਨ ਦੋਆਬਾ ਜੋਨ ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ, ਚੇਅਰਮੈਨ ਜਥੇ ਸੁਰਜੀਤ ਸਿੰਘ ਢਿੱਲੋਂ, ਬੀਬੀ ਬਲਜੀਤ ਕੌਰ ਕਮਾਲਪੁਰ, ਭਾਈ ਹਰਜੀਤ ਸਿੰਘ ਜ਼ਿਲ੍ਹਾ ਇੰਚਾਰਜ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ, ਜਸਵਿੰਦਰ ਸਿੰਘ ਥਿੰਦ ਰਿਕਾਰਡ ਕੀਪਰ, ਸੁਖਵਿੰਦਰ ਸਿੰਘ ਕੌੜਾ ਖਜਾਨਚੀ ਤੇ ਪਵਨਦੀਪ ਸਿੰਘ, ਜਰਨੈਲ ਸਿੰਘ ਅਕਾਉਟੈਟ, ਰਣਜੀਤ ਸਿੰਘ ਠੱਟਾ, ਸਰਵਣ ਸਿੰਘ ਚੱਕਾਂ ਇੰਚਾਰਜ ਦਰਬਾਰ ਸਾਹਿਬ ਤੇ ਹੋਰ ਹਸਤੀਆਂ ਹਾਜ਼ਰ ਸਨ।

ਇਹ ਵੀ ਪੜ੍ਹੋ: ਡਿਬਰੂਗੜ੍ਹ ਜੇਲ੍ਹ ਪਹੁੰਚੇ MP ਅੰਮ੍ਰਿਤਪਾਲ ਸਿੰਘ, ਦਾਦੀ ਦੇ ਸਸਕਾਰ ਮਗਰੋਂ ਪਰਤੇ ਵਾਪਸ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News