ਨਕਾਬਪੋਸ਼ ਲੁਟੇਰਿਆਂ ਨੇ ਫਿਜ਼ੀਓਥੈਰੇਪਿਸਟ ’ਤੇ ਦਾਤਰ ਨਾਲ ਕੀਤਾ ਹਮਲਾ, ਨਕਦੀ ਸਣੇ ਬੈਗ ਖੋਹ ਕੇ ਫਰਾਰ

06/15/2024 4:12:32 AM

ਜਲੰਧਰ (ਮਹੇਸ਼)- ਜਲੰਧਰ ਹਾਈਟਸ ਪੁਲਸ ਚੌਕੀ ਤੋਂ ਥੋੜੀ ਦੂਰੀ ’ਤੇ ਸਥਿਤ ਪਿੰਡ ਕਾਦੀਆਂਵਾਲੀ ਦੇ ਪੈਟਰੋਲ ਪੰਪ ਨੇੜੇ ਬੀਤੀ ਰਾਤ 11 ਵਜੇ ਦੇ ਕਰੀਬ ਐਕਟਿਵਾ ਤੇ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ 30 ਸਾਲਾ ਫਿਜ਼ੀਓਥੈਰੇਪੀ ਡਾਕਟਰ ਨੂੰ ਘੇਰ ਕੇ ਉਸ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ ਤੇ ਉਸ ਦਾ ਬੈਗ ਖੋਹ ਕੇ ਫਰਾਰ ਹੋ ਗਏ। ਈਕੋਹੋਮ ਪਿੰਡ ਕਾਦੀਆਂਵਾਲੀ ਥਾਣਾ ਸਦਰ ਜਮਸ਼ੇਰ ਜਲੰਧਰ ਵਾਸੀ ਉਕਤ ਫਿਜ਼ੀਓਥੈਰੇਪੀ ਡਾਕਟਰ ਜਸਬੀਰ ਸਿੰਘ ਪੁੱਤਰ ਅਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਸਾਊਥ ਸਿਟੀ ’ਚ ਫਿਜ਼ੀਓਥੈਰੇਪੀ ਸੈਂਟਰ ਹੈ।

ਹਰ ਰੋਜ਼ ਦੀ ਤਰ੍ਹਾਂ ਉਹ ਦੇਰ ਰਾਤ ਮਰੀਜ਼ ਦੇਖ ਕੇ ਆਪਣੀ ਐਕਟਿਵਾ ’ਤੇ ਘਰ ਜਾ ਰਿਹਾ ਸੀ ਕਿ ਰਸਤੇ ’ਚ ਲੁਟੇਰਿਆਂ ਨੇ ਉਸ ਨੂੰ ਘੇਰ ਕੇ ਉਸ ’ਤੇ ਹਮਲਾ ਕਰ ਦਿੱਤਾ ਤੇ ਉਸ ਦਾ ਬੈਗ ਖੋਹ ਲਿਆ। ਬੈਗ ’ਚ 45 ਹਜ਼ਾਰ ਰੁਪਏ ਨਕਦ, ਏ.ਟੀ.ਐੱਮ., ਪੈਨ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਕਾਰਡ, ਸਕੂਟਰੀ ਦੀ ਆਰ.ਸੀ., ਆਈ.ਡੀ. ਕਾਰਡ, ਸਿਮ ਨੰ. 9000947302, ਓਪੋ ਮੋਬਾਈਲ ਫੋਨ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ।

ਇਹ ਵੀ ਪੜ੍ਹੋ- ਬਾਜਵਾ ਤੋਂ ਬਾਅਦ ਹੁਣ ਚਰਨਜੀਤ ਚੰਨੀ ਪਹੁੰਚੇ ਸੁੰਦਰ ਸ਼ਾਮ ਅਰੋੜਾ ਦੇ ਘਰ, ਕੀ ਜਲਦੀ ਫੜਨਗੇ ਕਾਂਗਰਸ ਦਾ 'ਹੱਥ' ?

ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਉਸ ਨੇ ਵੀ ਲੁਟੇਰਿਆਂ ਦਾ ਸਾਹਮਣਾ ਵੀ ਕੀਤਾ ਪਰ ਉਨ੍ਹਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਹ ਭੱਜਣ ’ਚ ਕਾਮਯਾਬ ਹੋ ਗਏ। ਉਸ ਨੇ ਦੱਸਿਆ ਕਿ ਉਸ ਨੇ ਘਟਨਾ ਵਾਲੀ ਥਾਂ ਤੋਂ ਪੁਲਸ ਦੀ ਮਦਦ ਲਈ 100 ਨੰਬਰ ’ਤੇ ਫੋਨ ਕੀਤਾ, ਜਿਸ ਤੋਂ ਬਾਅਦ ਅੱਧੇ ਘੰਟੇ ਬਾਅਦ ਜਲੰਧਰ ਹਾਈਟਸ ਚੌਕੀ ਦੀ ਪੁਲੀਸ ਮੌਕੇ ’ਤੇ ਪੁੱਜੀ ਤੇ ਉਸ ਦੇ ਬਿਆਨ ਲਏ। ਪੀੜਤ ਡਾਕਟਰ ਨੇ ਮੌਕੇ ’ਤੇ ਲੁਟੇਰਿਆਂ ਦੀ ਜੋ ਵੀਡੀਓ ਬਣਾਈ ਸੀ, ਉਹ ਵੀ ਪੁਲਸ ਨੂੰ ਸੌਂਪ ਦਿੱਤੀ ਹੈ।

ਪੁਲਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਜਾਰੀ ਹੈ ਪਰ ਅਜੇ ਤੱਕ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ ਕਾਫੀ ਹਨੇਰਾ ਸੀ, ਜਿਸ ਦਾ ਲੁਟੇਰਿਆਂ ਨੇ ਫਾਇਦਾ ਉਠਾਇਆ । ਕੋਈ ਵੀ ਸਟ੍ਰੀਟ ਲਾਈਟ ਕੰਮ ਨਹੀਂ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਰਾਤ ਸਮੇਂ ਇਸ ਸੜਕ ’ਤੇ ਪੁਲਸ ਗਸ਼ਤ ਨੂੰ ਯਕੀਨੀ ਬਣਾਇਆ ਜਾਵੇ ਤੇ ਬੰਦ ਪਈਆਂ ਲਾਈਟਾਂ ਨੂੰ ਵੀ ਚਾਲੂ ਕੀਤਾ ਜਾਵੇ ਅਤੇ ਨਾਲ-ਨਾਲ ਸੜਕ ’ਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਾਏ ਜਾਣ। ਉਸ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਲੁਟੇਰਿਆਂ ਦਾ ਪਤਾ ਲਾ ਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਸ ਦਾ ਬੈਗ ਉਸ ਨੂੰ ਵਾਪਸ ਦਿਵਾਇਆ ਜਾਵੇ।

ਇਹ ਵੀ ਪੜ੍ਹੋ- ਟਰੇਨਾਂ ਭਰ ਕੇ ਪਹੁੰਚੇ ਪ੍ਰਵਾਸੀ : ਝੋਨੇ ਦੀ ਬੀਜਾਈ ਦੇ ਮੱਦੇਨਜ਼ਰ ਸਟੇਸ਼ਨ ’ਤੇ ਸ਼ੁਰੂ ਹੋਈ ‘ਜੁਗਾੜ’ ਦੀ ਕਵਾਇਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News