ਲੁਟੇਰਾ ਗੈਂਗ ਦਾ ਪਰਦਾਫਾਸ਼, ਮੁਲਜ਼ਮਾਂ ਤੋਂ ਮੋਟਰਸਾਈਕਲ, ਆਈਫੋਨ ਤੇ ਹੋਰ ਸਾਮਾਨ ਬਰਾਮਦ
Sunday, Apr 05, 2026 - 03:05 PM (IST)
ਕਪੂਰਥਲਾ (ਭੂਸ਼ਣ, ਮਹਾਜਨ, ਮਲਹੋਤਰਾ)-ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟਾਂ-ਖੋਹਾਂ ਕਰਕੇ ਸ਼ਹਿਰ ਵਿਚ ਦਹਿਸ਼ਤ ਫੈਲਾ ਰਹੇ ਇਕ ਲੁਟੇਰਾ ਗੈਂਗ ਦਾ ਪਰਦਾਫਾਸ਼ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਇੱਕ ਨਾਬਾਲਗ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਬ ਡਿਵੀਜ਼ਨ ਸ਼ੀਤਲ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ ਦੇ ਹੁਕਮਾਂ ’ਤੇ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਅਮਨਦੀਪ ਨਾਹਰ ਨੇ ਪੁਲਸ ਟੀਮ ਨਾਲ ਸ਼ਹਿਰ ਵਿਚ ਨਾਕਾਬੰਦੀ ਕੀਤੀ ਹੋਈ ਸੀ। ਚੈਕਿੰਗ ਦੌਰਾਨ ਜਦੋਂ ਮੋਟਰਸਾਈਕਲ ਸਵਾਰ ਦੋ ਸ਼ੱਕੀ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਪਿੱਛਾ ਕਰਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਜਲੰਧਰ 'ਚ ਅਜੀਬੋ-ਗ਼ਰੀਬ ਮਾਮਲਾ! ਪਹਿਲਾਂ ਘਰ 'ਚ ਵੜੇ ਚੋਰ, ਬਣਾਇਆ ਚਿਕਨ, ਪੀਤੀ ਚਾਹ ਦੋ ਦਿਨ ਰਹਿਣ ਮਗਰੋਂ...
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਆਪਣੇ ਨਾਮ ਸੁਨੀਲ ਉਰਫ਼ ਸ਼ੰਕਰ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਮਹਿਤਾਬਗੜ੍ਹ ਕਪੂਰਥਲਾ, ਜਦਕਿ ਦੂਜਾ ਮੁਲਜ਼ਮ ਨਾਬਾਲਗ ਨਿਕਲਿਆ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਮੁਲਜ਼ਮ ਸ਼ਹਿਰ ਵਿਚ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰ ਰਹੇ ਸਨ। 1 ਅਪ੍ਰੈਲ 2026 ਨੂੰ ਇਨ੍ਹਾਂ ਮੁਲਜ਼ਮਾਂ ਨੇ ਮਹਿੰਦਰ ਦਾਸ ਪੁੱਤਰ ਉਜਾਗਰ ਰਾਮ ਵਾਸੀ ਮੁਹੱਲਾ ਸੰਤਪੁਰਾ ਕਪੂਰਥਲਾ ਤੋਂ ਕਾਲਜ ਰੋਡ ’ਤੇ ਦਾਤਰ ਦਿਖਾ ਕੇ ਪਰਸ ਖੋਹਿਆ ਸੀ।
ਪਰਸ ਵਿਚ ਦੋ ਏ. ਟੀ. ਐੱਮ. ਕਾਰਡ, ਦੋ ਆਧਾਰ ਕਾਰਡ, ਇਚ ਪੈਨ ਕਾਰਡ ਤੇ 20 ਹਜ਼ਾਰ ਰੁਪਏ ਦੀ ਨਕਦੀ ਸੀ। ਦੋਵੇਂ ਮੁਲਜ਼ਮ ਅਪਰਾਧ ਕਰਨ ਤੋਂ ਬਾਅਦ ਭੱਜ ਗਏ। ਇਸ ਮਾਮਲੇ ਵਿਚ ਪੁਲਸ ਨੇ ਸੀ. ਸੀ.ਟੀ.ਵੀ. ਫੁਟੇਜ ’ਤੇ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਦੀ ਪਛਾਣ ਕਰ ਲਈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਤੋਂ ਵਾਰਦਾਤ ’ਚ ਵਰਤਿਆ ਮੋਟਰਸਾਈਕਲ, ਇਕ ਪਰਸ ਤੇ ਆਈਫੋਨ ਬਰਾਮਦ ਕੀਤਾ। ਇਹ ਆਈਫੋਨ ਇਕ ਬਜ਼ੁਰਗ ਵਿਅਕਤੀ ਤੋਂ ਖੋਹਿਆ ਗਿਆ ਸੀ। 30 ਮਾਰਚ 2026 ਨੂੰ ਮੁਲਜ਼ਮਾਂ ਨੇ ਸੁਲਤਾਨਪੁਰ ਲੋਧੀ ਰੋਡ ’ਤੇ ਇਕ ਬਜ਼ੁਰਗ ਤੋਂ ਉਸਦਾ ਪਰਸ ਖੋਹ ਲਿਆ ਸੀ। ਜਿਸ ਦੌਰਾਨ ਸਕੂਟਰ ਤੋਂ ਡਿੱਗਣ ਕਾਰਨ ਬਜ਼ੁਰਗ ਦੇ ਸੱਟਾਂ ਵੀ ਲੱਗੀਆਂ ਸਨ। ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 3 ਦਿਨਾਂ ਲਈ ਇਹ ਰਸਤੇ ਰਹਿਣਗੇ ਬੰਦ! ਬਦਲਿਆ ਗਿਆ ਰੂਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
