ਸ਼ਰਧਾਲੂਆਂ ਦੀ ਬੱਸ ਪਲਟੀ, 15 ਜ਼ਖਮੀ
Saturday, Jun 08, 2019 - 11:52 AM (IST)

ਗੜ੍ਹਸ਼ੰਕਰ (ਸ਼ੋਰੀ)— ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮਾਛੀਵਾੜਾ ਤੋਂ ਮੱਥਾ ਟੇਕਣ ਆਏ ਸ਼ਰਧਾਲੂਆਂ ਦੀ ਇਕ ਬੱਸ ਬਰੇਕ ਫੇਲ ਹੋ ਜਾਣ ਨਾਲ ਪਲਟ ਗਈ, ਜਿਸ ਕਾਰਨ ਵਾਪਰੇ ਹਾਦਸੇ 'ਚ 15 ਲੋਕਾਂ ਦੇ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਬੱਸ ਚਾਰ ਬੱਸਾਂ ਦੇ ਕਾਫਲੇ 'ਚੋਂ ਇਕ ਸੀ, ਜਿਸ 'ਚ 22 ਦੇ ਕਰੀਬ ਸ਼ਰਧਾਲੂ ਸਵਾਰ ਸਨ, ਜਿਨ੍ਹਾਂ 'ਚ 15 ਨੂੰ ਸੱਟਾਂ ਲੱਗੀਆਂ। ਜ਼ਖਮੀਆਂ 'ਚੋਂ 7 ਨੂੰ ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਲਿਆਂਦਾ ਗਿਆ, ਜਦਕਿ 8 ਜ਼ਖਮੀਆਂ ਨੂੰ ਘਟਨਾ ਸਥਾਨ ਦੇ ਨਜ਼ਦੀਕ ਹਿਮਾਚਲ ਪ੍ਰਦੇਸ਼ ਦੇ ਇਕ ਨਿੱਜੀ ਹਸਪਤਾਲ 'ਚ ਪਹੁੰਚਾਇਆ ਗਿਆ। ਗੜ੍ਹਸ਼ੰਕਰ ਪਹੁੰਚੇ ਜ਼ਖਮੀਆਂ ਦੇ ਨਾਂ ਸੁਖਵਿੰਦਰ ਸਿੰਘ ਪੁੱਤਰ ਨਾਹਰ ਸਿੰਘ, ਸੁਖਵਿੰਦਰ ਕੌਰ ਪਤਨੀ ਚਰਨ ਸਿੰਘ, ਜਸਦੇਵ ਸਿੰਘ ਪੁੱਤਰੀ ਧਨੀ ਰਾਮ, ਕਿਰਨਪਾਲ ਕੌਰ ਪਤਨੀ ਅਵਤਾਰ ਸਿੰਘ, ਰਤਨ ਚੰਦ ਪੁੱਤਰ ਫਕੀਰ ਚੰਦ, ਸੋਨਾ ਪੁੱਤਰੀ ਜਸਵੀਰ ਸਿੰਘ, ਰਾਜੇਸ਼ਵਰ ਪੁੱਤਰ ਅਵਤਾਰ ਸਿੰਘ ਦੱਸੇ ਜਾ ਰਹੇ ਹਨ।