ਐਕਟਿਵਾ ਸਵਾਰ ਭੈਣਾਂ ਨੂੰ ਸ਼ਰਾਬੀ ਟਰੈਕਟਰ ਚਾਲਕ ਨੇ ਮਾਰੀ ਟੱਕਰ, ਇਕ ਦੀ ਮੌਤ

03/25/2019 11:00:27 AM

ਜਲੰਧਰ (ਜ.ਬ.) — ਦੋਆਬਾ ਚੌਕ ਤੋਂ ਸੋਢਲ ਚੌਕ ਜਾਂਦੀ ਰੋਡ 'ਤੇ ਗੁਰਦੁਆਰਾ ਸਾਹਿਬ ਦੇ ਬਾਹਰ ਸੜਕ ਕੰਢੇ ਐਕਟਿਵਾ 'ਤੇ ਬੈਠੀਆਂ ਚਚੇਰੀਆਂ ਭੈਣਾਂ ਨੂੰ ਤੇਜ਼ ਰਫਤਾਰ ਟਰੈਕਟਰ-ਟਰਾਲੀ ਨੇ ਟੱਕਰ ਮਾਰ ਦਿੱਤੀ। ਚਾਲਕ ਸ਼ਰਾਬ ਦੇ ਨਸ਼ੇ 'ਚ ਧੁੱਤ ਸੀ। ਟੱਕਰ ਤੋਂ ਬਾਅਦ ਐਕਟਿਵਾ 'ਤੇ ਬੈਠੀ ਵਿਦਿਆਰਥਣ ਸੜਕ ਵੱਲ ਡਿੱਗ ਗਈ, ਜਿਸ ਉਪਰੋਂ ਟਰਾਲੀ ਦਾ ਟਾਇਰ ਨਿਕਲ ਗਿਆ। ਮੌਕੇ 'ਤੇ ਹੀ ਵਿਦਿਆਰਥਣ ਦੀ ਮੌਤ ਹੋ ਗਈ ਜਦਕਿ ਚਚੇਰੀ ਭੈਣ ਦੂਜੇ ਪਾਸੇ ਡਿੱਗ ਕੇ ਜ਼ਖਮੀ ਹੋ ਗਈ। ਹਾਦਸੇ ਸਮੇਂ ਵਿਦਿਆਰਥਣ ਦੇ ਪਿਤਾ ਸਾਮਾਨ ਲੈਣ ਦੁਕਾਨ 'ਚ ਗਏ ਹੋਏ ਸਨ।

PunjabKesari
ਐਤਵਾਰ ਦੁਪਹਿਰ ਕਰੀਬ 4 ਵਜੇ 10ਵੀਂ ਜਮਾਤ ਦੀ ਵਿਦਿਆਰਥਣ ਜਸਲੀਨ ਕੌਰ (16) ਵਾਸੀ ਪ੍ਰੀਤ ਨਗਰ ਆਪਣੇ ਪਿਤਾ ਇੰਦਰਪਾਲ ਸਿੰਘ ਨਾਲ ਘਰੇਲੂ ਸਾਮਾਨ ਲੈਣ ਨਿਕਲੀ ਸੀ। ਜਸਲੀਨ ਨੇ ਆਪਣੀ ਘੜੀ 'ਚ ਸੈੱਲ ਪੁਆਉਣਾ ਸੀ ਜਿਸ ਕਾਰਨ ਉਹ ਪਿਤਾ ਨਾਲ ਆ ਗਈ। ਸੈੱਲ ਪੁਆਉਣ ਤੋਂ ਬਾਅਦ ਜਸਲੀਨ ਆਪਣੇ ਪਿਤਾ ਦੇ ਨਾਲ ਘਰੇਲੂ ਸਾਮਾਨ ਖਰੀਦਣ ਐਕਟਿਵਾ 'ਤੇ ਪ੍ਰੀਤ ਨਗਰ ਸਥਿਤ ਗੁਰਦੁਆਰਾ ਦੇ ਬਾਹਰ ਆ ਗਈ। ਇੰਦਰਪਾਲ ਐਕਟਿਵਾ ਖੜ੍ਹੀ ਕਰਕੇ ਦੁਕਾਨ 'ਚ ਘਰੇਲੂ ਸਾਮਾਨ ਖਰੀਦਣ ਗਏ ਤਾਂ ਇਸ ਦੌਰਾਨ ਜਸਲੀਨ ਦੀ ਚਚੇਰੀ ਭੈਣ ਆ ਗਈ। ਦੋਵੇਂ ਇਕ ਦੂਜੇ ਨਾਲ ਗੱਲਾਂ ਕਰਦੀਆਂ ਐਕਟਿਵਾ 'ਤੇ ਬੈਠ ਗਈਆਂ। ਕੁਝ ਹੀ ਮਿੰਟਾਂ ਬਾਅਦ ਪਿਛਿਓਂ ਆ ਰਹੀ ਟਰੈਕਟਰ-ਟਰਾਲੀ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਝਟਕਾ ਲੱਗਣ ਨਾਲ ਜਸਲੀਨ ਸੜਕ 'ਤੇ ਆ ਡਿੱਗੀ ਅਤੇ ਟਰਾਲੀ ਦਾ ਪਿਛਲਾ ਟਾਇਰ ਜਸਲੀਨ ਉਪਰੋਂ ਨਿਕਲ ਗਿਆ। ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਚਚੇਰੀ ਭੈਣ ਦੂਜੇ ਪਾਸੇ ਡਿੱਗਣ ਕਾਰਨ ਬਚ ਗਈ।

PunjabKesari

ਚੀਕਾਂ ਸੁਣ ਕੇ ਇੰਦਰਪਾਲ ਤੁਰੰਤ ਬਾਹਰ ਆਏ ਅਤੇ ਬੇਟੀ ਨੂੰ ਉਠਾ ਕੇ ਹਸਪਤਾਲ ਲੈ ਗਏ। ਡਾਕਟਰਾਂ ਨੇ ਜਸਲੀਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਲੋਕਾਂ ਨੇ ਟਰੈਕਟਰ ਟਰਾਲੀ ਚਾਲਕ ਨੂੰ ਕਾਬੂ ਕਰ ਲਿਆ। ਸੂਚਨਾ ਮਿਲਦਿਆਂ ਹੀ ਥਾਣਾ ਨੰ. 8 ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਟਰੈਕਟਰ ਟਰਾਲੀ ਚਾਲਕ ਨੂੰ ਹਿਰਾਸਤ 'ਚ ਲੈ ਲਿਆ। ਜਸਲੀਨ ਦੀ ਚਚੇਰੀ ਭੈਣ ਨੂੰ ਸੱਟਾਂ ਲੱਗੀਆਂ ਹਨ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਧਰ, ਥਾਣਾ ਨੰ. 8 ਦੇ ਮੁਖੀ ਪਰਮਦੀਪ ਸਿੰਘ ਦਾ ਕਹਿਣਾ ਹੈ ਕਿ ਟਰੈਕਟਰ ਟਰਾਲੀ ਚਾਲਕ ਲਖਬੀਰ ਸਿੰਘ ਉਰਫ ਹੈਪੀ ਪੁੱਤਰ ਮੁਲਖ ਰਾਜ ਵਾਸੀ ਨੂਰਪੁਰ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਦਿਖਾ ਦਿੱਤੀ ਹੈ। ਹੈਪੀ ਨੂਰਪੁਰ 'ਚ ਕਿਰਾਏ 'ਤੇ ਰਹਿੰਦਾ ਹੈ, ਜਿਸ ਸਮੇਂ ਹਾਦਸਾ ਹੋਇਆ ਉਦੋਂ ਹੈਪੀ ਨੇ ਰੱਜ ਕੇ ਸ਼ਰਾਬ ਪੀਤੀ ਹੋਈ ਸੀ, ਜਿਸ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਵੀ ਕਰਵਾਇਆ ਗਿਆ।


shivani attri

Content Editor

Related News