ਗਣਤੰਤਰ ਦਿਵਸ ਮੌਕੇ ਸਟੇਟ ਐਵਾਰਡ ਜੇਤੂ ਅਧਿਆਪਕ ਡਾ. ਅਰਮਨਪ੍ਰੀਤ ਨੂੰ ਕੀਤਾ ਸਨਮਾਨਿਤ

01/27/2021 9:44:58 AM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)-ਦੇਸ਼ 'ਚ 72ਵੇਂ ਗਣਤੰਤਰ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਦੇ ਪੰਜਾਬੀ ਲੈਕ. ਡਾ.ਅਰਮਨਪ੍ਰੀਤ ਸਿੰਘ ਨੂੰ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ ਵਲੋਂ ਆਹਲਾ ਉੱਚ ਅਧਿਕਾਰੀਆਂ ਦੀ ਹਾਜਰੀ ਵਿੱਚ ਸਿੱਖਿਆਿ ਖੇਤਰ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪੱਧਰੀ ਹੋਏ ਸਮਾਗਮ ਵਿੱਚ ਡਾ.ਅਰਮਨ ਪ੍ਰੀਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਸਿੱਖਿਆ, ਸਾਹਿਤ ਅਤੇ ਸਮਾਜ ਸੇਵਾ ਬਦਲੇ ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਇਹ ਸਨਮਾਨ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਆਪਣੀਆਂ ਸਿੱਖਿਆ ਅਤੇ ਸਮਾਜ ਸੇਵਾ ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖਦੇ ਹੋਏ ਡਾ. ਅਰਮਨਪ੍ਰੀਤ ਸਿੰਘ ਨੇ ਕੋਵਿਡ-19 ਦੀ ਮਹਾਮਾਰੀ ਦਰਮਿਆਨ ਸਿੱਖਿਆ ਵਿਭਾਗ ਪੰਜਾਬ ਦੀ ਆਨਲਾਇਨ ਸਿੱਖਿਆ ਦੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੇ ਵਿੱਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਅਤੇ ਲਾਕਡਾਊਨ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਅਤੇ ਦਵਾਈਆਂ ਮੁਹੱਈਆ ਕਰਵਾਉਣ ਦੇ ਸ਼ਲਾਘਾਯੋਗ ਕਾਰਜ ਵਿੱਚ ਵਿਸ਼ੇਸ਼ ਯੋਗਦਾਨ ਪਾਇਆ,ਲਾਕਡਾਊਨ ਦੌਰਾਨ ਡਾ. ਅਰਮਨ ਪ੍ਰੀਤ ਨੇ ਸਿੱਖਿਆ ਵਿਭਾਗ ਵਲੋਂ ਸ਼ੁਰੂ ਕੀਤੇ ਨਵੇਂ ਵਿਸ਼ੇ "ਸਵਾਗਤ ਜ਼ਿੰਦਗੀ" ਦਾ ਪਾਠ-ਕ੍ਮ ਤਿਆਰ ਕਰਨ ਅਤੇ ਚੈਪਟਰ ਲਿਖਣ ਲਈ ਸੌਂਪੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ। ਇਸ ਵਿਸ਼ੇ ਲਈ ਕਿਰਿਆਵਾਂ ਅਧਾਰਤ ਅਤੇ 11ਵੀਂ, 12ਵੀਂ ਜਮਾਤਾਂ ਲਈ ਆਨਲਾਇਨ ਸਿੱਖਿਆ ਦੇ ਦਰਜਨ ਤੋਂ ਵੱਧ ਇਨ੍ਹਾਂ ਦੇ ਮਿਆਰੀ ਵੀਡੀਓ ਲੈਕਚਰ ਜਲੰਧਰ ਦੂਰਦਰਸ਼ਨ ਅਤੇ ਰਾਸ਼ਟਰੀ ਚੈਨਲ ਈ ਵਿੱਦਿਆ ਵਲੋਂ ਪ੍ਰਸਾਰਿਤ ਕੀਤੇ ਗਏ ਹਨ।

ਦੋਆਬਾ ਰੇਡੀਓ ' ਵਲੋਂ ਵੀ ਇਨ੍ਹਾਂ ਦੇ ਦਰਜਨ ਤੋਂ ਵੱਧ ਆਨਲਾਈਨ ਸਿੱਖਿਆ ਦੇ ਲੈਕਚਰ ਪ੍ਰਸਾਰਿਤ ਕੀਤੇ ਗਏ ਹਨ। ਕੋਰੋਨਾ ਦੌਰ ਵਿੱਚ ਇਨ੍ਹਾਂ ਨੇ ਐਨ.ਆਰ.ਆਈ ਵੀਰਾਂ ਨੂੰ ਪ੍ਰੇਰਿਤ ਕਰਕੇ ਪਰਵਾਸੀ ਮਜ਼ਦੂਰਾਂ, ਝੁੱਗੀ-ਝੌਂਪੜੀ ਵਾਸੀਆਂ ਅਤੇ ਹੋਰ ਲੋੜਵੰਦਾਂ ਨੂੰ ਰਾਸ਼ਨ ਅਤੇ ਦਵਾਈਆਂ ਮੁਹੱਈਆ ਕਰਵਾਉਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ ।ਸਕੂਲ ਪ੍ਰਿੰਸੀਪਲ ਮੈਡਮ ਸਤਵੰਤ ਕੌਰ ਕਲੋਟੀ ਨੇ ਡਾ.ਅਰਮਨਪ੍ਰੀਤ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਸਨਮਾਨ ਨਾਲ ਸਕੂਲ ਦਾ ਜ਼ਿਲ੍ਹੇ ਵਿੱਚ ਮਾਣ ਹੋਰ ਵਧਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਜ਼ਿਲ੍ਹਾ ਸਿੱਖਿਆ ਅਫਸਰ (ਸੈ:) ਸ.ਹਰਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਰਾਕੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਇਜੀ: ਸੰਜੀਵ ਗੌਤਮ, ਉਪ ਜ਼ਿ੍ਲ੍ਹਾ ਸਿੱਖਿਆ ਅਫ਼ਸਰ ਸ.ਸੁਖਵਿੰਦਰ ਸਿੰਘ ਅਤੇ  ਜ਼ਿਲ੍ਹਾ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀ ਹਾਜ਼ਰ ਸਨ।

 


Aarti dhillon

Content Editor

Related News