520 ਪਿੰਡਾਂ ਨੂੰ ਮਿਲੇਗਾ ਸ਼ੁੱਧ ਪਾਣੀ, 629 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟ ਆਰੰਭੇ : ਰਜ਼ੀਆ ਸੁਲਤਾਨਾ

03/05/2019 5:28:34 PM

ਨੂਰਪੁਰਬੇਦੀ (ਭੰਡਾਰੀ)— ਪਿੰਡ ਸਸਕੌਰ ਵਿਖੇ 48 ਪਿੰਡਾਂ ਨੂੰ ਨਹਿਰੀ ਪ੍ਰੋਜੈਕਟ ਤਹਿਤ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ 27 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਪ੍ਰੋਜੈਕਟ ਦਾ ਉਦਘਾਟਨ ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਉਚੇਰੀ ਸਿੱਖਿਆ ਵਿਭਾਗ ਪੰਜਾਬ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਕੀਤਾ। ਉਨ੍ਹਾਂ ਬਟਨ ਦੱਬ ਕੇ ਪ੍ਰੋਜੈਕਟ ਦਾ ਆਰੰਭ ਕਰਵਾਇਆ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਸੂਬੇ ਦੇ ਇਕ ਹਿੱਸੇ ਨੂੰ ਹੀ ਨਹੀਂ ਸਗੋਂ ਪੰਜਾਬ ਦੇ ਸਮੁੱਚੇ ਪਿੰਡਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਪ੍ਰਦਾਨ ਕਰਨਾ ਹੈ, ਜਿਸ ਤਹਿਤ 629 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੇ 520 ਪਿੰਡਾਂ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪਾਇਲਟ ਪ੍ਰਾਜੈਕਟ ਤਹਿਤ 19 ਫਰਵਰੀ ਨੂੰ ਜ਼ਿਲਾ ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਵਿਖੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ। 

ਉਨ੍ਹਾਂ ਨੇ ਕਿਹਾ ਕਿ ਨੀਤੀ ਆਯੋਗ ਤਹਿਤ ਸੂਬੇ ਦੇ 102 ਹੋਰ ਪਿੰਡਾਂ 'ਚ 22 ਕਰੋੜ ਦੀ ਲਾਗਤ ਨਾਲ ਲੋਕਾਂ ਨੂੰ ਸ਼ੁੱਧ ਪਾਣੀ ਦੇਣ ਲਈ ਪ੍ਰਾਜੈਕਟ ਆਰੰਭ ਕੀਤੇ ਗਏ ਹਨ। ਪੀਣ ਵਾਲੇ ਪਾਣੀ ਦੇ ਨਮੂਨਿਆਂ ਦੀ ਜਾਂਚ ਲਈ ਮੋਹਾਲੀ ਵਿਖੇ ਪਹਿਲਾਂ ਹੀ ਇਕ ਲੈਬ ਚੱਲ ਰਹੀ ਹੈ ਜਦਕਿ ਹੁਣ ਸ੍ਰੀ ਅੰਮ੍ਰਿਤਸਰ ਵਿਖੇ 6 ਕਰੋੜ ਦੀ ਲਾਗਤ ਨਾਲ ਇਕ ਹੋਰ ਲੈਬ ਸਥਾਪਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦਿਨੋ-ਦਿਨ ਪਾਣੀ ਦੇ ਡਿੱਗ ਰਹੇ ਪੱਧਰ 'ਤੇ ਚਿੰਤਾ ਜ਼ਾਹਰ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਵਰਤੋਂ ਸੁਚੱਜੇ ਢੰਗ ਨਾਲ ਕੀਤੀ ਜਾਵੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੀਣ ਵਾਲੇ ਪਾਣੀ ਲਈ ਤਰਸਣਾ ਨਾ ਪਵੇ।

ਉਚੇਰੀ ਸਿੱਖਿਆ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਕੰਟਰੈਕਟ 'ਤੇ ਕੰਮ ਕਰਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਸਬੰਧੀ ਕੈਬਨਿਟ 'ਚ ਮੁੱਦਾ ਵਿਚਾਰਿਆ ਜਾਵੇਗਾ। ਇਸ ਤੋਂ ਇਲਾਵਾ ਏਡਿਡ ਸਕੂਲਾਂ ਦੇ ਮੁਲਾਜ਼ਮਾਂ, 5178 ਅਧਿਆਪਕਾਂ ਅਤੇ ਅਕਾਲੀ-ਭਾਜਪਾ ਸਰਕਾਰ ਦੌਰਾਨ ਸਰਕਾਰੀਕਰਨ ਹੋਏ ਖੇਤਰ ਦੇ ਸੰਤ ਬਾਬਾ ਸੇਵਾ ਸਿੰਘ ਗਰਲਜ਼ ਖਾਲਸਾ ਕਾਲਜ (ਸਰਕਾਰੀ) ਮੁੰਨੇ ਦੇ ਫਾਰਗ ਕੀਤੇ ਅਧਿਆਪਕਾਂ ਸਬੰਧੀ ਪੁੱਛਣ 'ਤੇ ਉਹ ਕੋਈ ਸੰਤੋਸ਼ਜਨਕ ਜਵਾਬ ਨਾ ਦੇ ਸਕੇ ਅਤੇ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਦੇ ਕੇ ਕੈਬਨਿਟ 'ਚ ਮੁੱਦਾ ਵਿਚਾਰਨ ਦੀ ਗੱਲ ਕਹੀ।

140 ਰੁਪਏ ਪ੍ਰਤੀ ਮਹੀਨਾ ਦੇਣਾ ਹੋਵੇਗਾ ਪਾਣੀ ਦਾ ਬਿੱਲ
ਕੈਬਨਿਟ ਮੰਤਰੀ ਨੇ ਕਿਹਾ ਕਿ ਉਕਤ 48 ਪਿੰਡਾਂ ਦੇ ਪ੍ਰਤੀ ਪਿੰਡ ਇਕ ਹਜ਼ਾਰ ਦੀ ਆਬਾਦੀ ਦੇ ਹਿਸਾਬ ਨਾਲ ਪ੍ਰਤੀ ਵਿਅਕਤੀ 70 ਲਿਟਰ ਪਾਣੀ ਰੋਜ਼ਾਨਾ ਸਪਲਾਈ ਕੀਤਾ ਜਾਵੇਗਾ। ਉਨ੍ਹਾਂ ਨੇ ਨਾਲ ਹੀ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਵਿਭਾਗ ਵੱਲੋਂ ਮੁਫਤ ਪਾਣੀ ਪ੍ਰਦਾਨ ਨਹੀਂ ਕੀਤਾ ਜਾਵੇਗਾ ਜਦਕਿ ਪ੍ਰਤੀ ਘਰ ਨੂੰ ਸ਼ੁੱਧ ਪਾਣੀ ਦੀ ਖਪਤ ਲਈ 140 ਰੁਪਏ ਪ੍ਰਤੀ ਮਹੀਨਾ ਬਿੱਲ ਅਦਾ ਕਰਨਾ ਹੋਵੇਗਾ। ਘਰਾਂ 'ਚ ਪਾਣੀ ਦੇ ਮੀਟਰ ਲਗਾਉਣ ਦੀ ਵੀ ਯੋਜਨਾ ਹੈ ਅਤੇ ਜਿਸ ਸਬੰਧੀ ਵਿਚਾਰ ਕਰਨ ਲਈ ਜਲਦ 48 ਪਿੰਡਾਂ ਦੀਆਂ ਪੰਚਾਇਤਾਂ ਨਾਲ ਵਿਭਾਗ ਵੱਲੋਂ ਤਾਲਮੇਲ ਸਥਾਪਤ ਕਰਕੇ ਮੀਟਿੰਗ ਕੀਤੀ ਜਾਵੇਗੀ।
ਇਸ ਮੌਕੇ ਬਲਾਕ ਪ੍ਰਧਾਨ ਜਸਵੀਰ ਸਿੰਘ ਸਸਕੌਰ, ਵਿਭਾਗ ਦੇ ਐਡੀਸ਼ਨਲ ਸੈਕਟਰੀ ਪਰਮਜੀਤ ਸਿੰਘ, ਸਰਪੰਚ ਦਰਸ਼ਨ ਸਿੰਘ ਢਾਹਾਂ, ਵਿਜੇ ਕੁਮਾਰ ਪਿੰਕਾ, ਰਾਧੇ ਕ੍ਰਿਸ਼ਨ, ਰਾਣਾ ਜੈਨ ਸਿੰਘ, ਪ੍ਰੀਤਮ ਸਿੰਘ ਮਵਾ, ਡਾ. ਪ੍ਰੇਮ ਦਾਸ ਬਜਰੂੜ, ਗੁਰਦਿਆਲ ਸਿੰਘ ਖੇੜੀ, ਲਾਡੀ ਸੈਣੀ, ਗੁਰਨਾਮ ਦਾਸ, ਸ਼ਿੰਗਾਰਾ ਸਿੰਘ, ਹੈਪੀ ਸਸਕੌਰ, ਵੇਦ ਪ੍ਰਕਾਸ਼ ਤੇ ਨੰਦ ਸੈਣੀ ਸਹਿਤ ਵਿਭਾਗ ਦੇ ਅਧਿਕਾਰੀ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਹਾਜ਼ਰ ਸਨ।


Related News