ਸੁਖਬੀਰ ਪੰਥਕ ਨਹੀਂ, ਵੱਖਰੀ ਪੰਜਾਬੀ ਪਾਰਟੀ ਬਣਾਵੇ : ਰਵੀਇੰਦਰ ਸਿੰਘ

10/09/2021 12:15:46 PM

ਜਲੰਧਰ ( ਚਾਵਲਾ)-ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ (ਸਾਬਕਾ ਸਪੀਕਰ) ਨੇ ਬਾਦਲਾਂ ਨੂੰ ਨਿਸ਼ਾਨੇ ’ਤੇ ਲਿਆ ਹੈ। ਸਾਬਕਾ ਸਪੀਕਰ ਨੇ ਦਾਅਵੇ ਨਾਲ ਕਿਹਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਪੰਥਕ ਨਹੀ ਹੈ। ਉਹ ਤਾਂ ਕਾਰਪੋਰੇਟਰ ਹਨ, ਜਿਨ੍ਹਾਂ ਨੇ ਸਿੱਖ ਸੰਸਥਾਵਾਂ ’ਤੇ ਕਬਜ਼ੇ ਕਰਕੇ ਆਪਣੇ ਨਿੱਜੀ ਸਵਾਰਥਾਂ ਲਈ ਮਹਾਨ ਧਾਰਮਿਕ ਸੰਸਥਾਵਾਂ ਦਾ ਸਿਆਸੀਕਰਨ ਕਰ ਦਿੱਤਾ ਹੈ। ਉਨ੍ਹਾਂ ਪੰਥਕ ਮੁੱਖੀਆਂ ਨਾਲ ਗੱਲਬਾਤ ਕਰਕੇ ਬਾਦਲਾਂ ਖ਼ਿਲਾਫ਼ ਠੋਸ ਰਣਨੀਤੀ ਘੜਨ ਦੀ ਗੱਲ ਕਹੀ। ਉਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰਜਾਂ ਪਿਆਰਿਆਂ ਨੂੰ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਕਾਰਵਾਈ ਕਰਨ ਲਈ ਬੇਨਤੀ ਕਰਦਿਆਂ ਕਿਹਾ ਕਿ ਉਹ ਮਨਮਤ ਕਰ ਰਿਹਾ ਹੈ। ਰਵੀਇੰਦਰ ਸਿੰਘ ਨੇ ਸੁਖਬੀਰ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਜੇਕਰ ਬਾਦਲ ਪਰਿਵਾਰ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ’ਚ ਵਿਸ਼ਵਾਸ਼ ਨਹੀ ਤਾਂ ਉਹ ਸਿੱਖ ਕੌਮ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਣ, ਜਿਸ ਦੀ ਬਦੌਲਤ ਉਸ ਨੇ 10-15 ਸਾਲ ਸਰਕਾਰ ਚਲਾਈ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਦੀ ਥਾਂ ਪੰਥ ’ਚੋਂ ਛੇਕੇ ਸਾਧ ਨੂੰ ਪ੍ਰਫੁੱਲਿਤ ਕਰਕੇ ਕੌਮ ਦਾ ਭਾਰੀ ਨੁਕਸਾਨ ਕੀਤਾ।

ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਪੁੱਜਾ ਅਕਾਲੀ ਦਲ ਦਾ ਵਫ਼ਦ, ਬੀਬੀ ਬਾਦਲ ਨੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨਾਲ ਦੁੱਖ਼ ਕੀਤਾ ਸਾਂਝਾ

ਸਾਬਕਾ ਸਪੀਕਰ ਰਵੀਇੰਦਰ ਸਿਘ ਨੇ ਦੋਸ਼ ਲਾਇਆ ਕਿ ਬਾਦਲਾਂ ਕਾਰਨ ਸਿੱਖ ਵਿਰੋਧੀ ਤਾਕਤਾਂ ਨੇ ਸਿੱਖ ਪ੍ਰਭਾਵ ਵਾਲੇ ਸੂਬੇ ’ਚ ਪੈਰ ਜਮਾਉਣ ਲਈ ਹਰ ਸੰਭਵ ਯਤਨ ਕੀਤੇ ਅਤੇ ਪੰਜਾਬ ਸਮੇਤ ਦੇਸ਼ ਦੇ ਅੰਨਦਾਤਿਆਂ ਨੂੰ ਦਿੱਲੀਆਂ ਦੀਆਂ ਸੜਕਾਂ ’ਤੇ ਰੋਲਿਆ। ਉਨ੍ਹਾਂ ਬਾਦਲਾਂ ਨੂੰ ਸਵਾਲ ਕੀਤਾ ਕਿ ਅੰਮ੍ਰਿਤ ਛਕਣ ਬਾਅਦ ਵੀ ਅੰਧ-ਵਿਸ਼ਵਾਸ਼ ਵਿੱਚ ਯਕੀਨ ਰੱਖਿਆ ਜਾ ਸਕਦਾ ਹੈ? ਇਸ ਪ੍ਰਤੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕੌਮ ਦੇ ਧਾਰਮਿਕ ਆਗੂਆਂ ਨੂੰ ਸਪੱਸ਼ਟ ਰੂਪ ’ਚ ਕਿਹਾ ਕਿ ਜੇਕਰ ਉਹ ਇਨਸਾਫ ਨਾ ਕਰ ਸਕੇ ਤਾਂ ਸਿੱਖੀ ਸਿਧਾਂਤ ਤੋਂ ਸਿੱਖਾਂ ਦਾ ਵਿਸ਼ਵਾਸ਼ ਉੱਠ ਜਾਵੇਗਾ। ਸਾਬਕਾ ਸਪੀਕਰ ਨੇ ਖਾਮੋਸ਼ ਸਿੱਖ ਕੌਮ ਨੂੰ ਜ਼ੋਰ ਦਿੱਤਾ ਕਿ ਉਹ ਬਾਦਲਾਂ ਖ਼ਿਲਾਫ਼ ਅੱਗੇ ਆਉਣ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦੀ ਲਾਲਸਾ ਰਿਸ਼ਤਿਆਂ ’ਤੇ ਪਈ ਭਾਰੀ, ਦੋਸਤਾਂ ਨਾਲ ਮਿਲ ਕੇ ਪੁੱਤ ਨੇ ਕੀਤਾ ਪਿਤਾ ਦਾ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News