5 ਮਹੀਨੇ ਬੀਤਣ ਦੇ ਬਾਅਦ ਵੀ ਨਹੀਂ ਹੋਇਆ ਰੇਲਵੇ ਸਟੇਸ਼ਨ ਦਾ ਸੁੰਦਰੀਕਰਨ

09/23/2019 11:52:30 AM

ਕਪੂਰਥਲਾ (ਮਹਾਜਨ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਰੇਲ ਮੰਤਰਾਲੇ ਵੱਲੋਂ ਰੇਲਵੇ ਸਟੇਸ਼ਨ ਕਪੂਰਥਲਾ ਦੇ ਸੁੰਦਰੀਕਰਨ ਨੂੰ ਲੈ ਕੇ 85 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ ਅਤੇ ਇਹ ਕੰਮ ਮਈ ਮਹੀਨੇ ਸ਼ੁਰੂ ਹੋ ਗਿਆ ਸੀ। ਕਰੀਬ 5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕੰਮ ਪੂਰਾ ਨਾ ਹੋਣ ਪਾਉਣਾ ਵਿਭਾਗ ਦੀ ਅਣਦੇਖੀ ਦਾ ਪ੍ਰਮਾਣ ਦੇ ਰਿਹਾ ਹੈ।
ਜ਼ਿਕਰਯੋਗ ਹੈ ਕਿ ਰੇਲ ਮੰਤਰੀ ਪਿਊਸ਼ ਗੋਇਲ ਵੱਲੋਂ ਰੇਲਵੇ ਸਟੇਸ਼ਨਾਂ ਨੂੰ ਆਧੁਨੀਕਰਨ ਕਰਨ ਦੀਆਂ ਘੋਸ਼ਣਾਵਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਤਹਿਤ ਰੇਲਵੇ ਸਟੇਸ਼ਨ ਕਪੂਰਥਲਾ 'ਚ ਪੂਰੇ ਰੇਲਵੇ ਸਟੇਸ਼ਨ ਦੇ ਪਲੇਟਫਾਰਮਾਂ ਨੂੰ ਹਾਈ ਲੈਵਲ ਕਰਨਾ, ਸਟੇਸ਼ਨ ਨੂੰ ਖੂਬਸੂਰਤ ਟਾਈਲਾਂ ਨਾਲ ਚਮਕਾਉਣ ਤੇ ਕਪੂਰਥਲਾ ਰੇਲਵੇ ਸਟੇਸ਼ਨ ਨੂੰ ਸੂਬੇ ਦੇ ਖੂਬਸੂਰਤ ਰੇਲਵੇ ਸਟੇਸ਼ਨਾਂ ਦੀ ਲਿਸਟ 'ਚ ਸ਼ਾਮਲ ਕਰਨਾ ਸੀ ਪਰ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਵਿਕਾਸ ਕੰਮਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਇਹ ਕੰਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪੂਰੇ ਹੋਣ ਦੀ ਸੰਭਾਵਨਾ ਨਾ ਦੇ ਬਰਾਬਰ ਦਿਖਾਈ ਦੇ ਰਹੀ ਹੈ।

5 ਮਹੀਨਿਆਂ 'ਚ ਸਿਰਫ ਅੱਧਾ ਹੀ ਪਲੇਟਫਾਰਮ ਹੋਇਆ ਤਿਆਰ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਜ਼ਿਲਾ ਕਪੂਰਥਲਾ 'ਚ ਪ੍ਰਕਾਸ਼ ਪੁਰਬ ਨੂੰ ਲੈ ਕੇ ਲੱਖਾਂ ਦੀ ਗਿਣਤੀ 'ਚ ਦੇਸ਼-ਵਿਦੇਸ਼ 'ਚੋਂ ਸ਼ਰਧਾਲੂਆਂ ਦੇ ਆਉਣ ਦਾ ਅਨੁਮਾਨ ਹੈ ਅਤੇ ਸੁਲਤਾਨਪੁਰ ਲੋਧੀ ਇਥੋਂ ਸਿਰਫ 27 ਕਿ. ਮੀ. ਦੀ ਦੂਰੀ 'ਤੇ ਹੈ ਤੇ ਕਪੂਰਥਲਾ ਜ਼ਿਲੇ ਦੇ ਰੇਲਵੇ ਸਟੇਸ਼ਨ ਤੋਂ ਸੁਲਤਾਨਪੁਰ ਲੋਧੀ ਦੇ ਲਈ ਯਾਤਰੀਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ ਪਰ ਕਪੂਰਥਲਾ ਸਟੇਸ਼ਨ ਦੇ ਵਿਕਾਸ ਵੱਲ ਧਿਆਨ ਦਿੱਤਾ ਜਾਵੇ ਤਾਂ ਇਥੇ ਪਲੇਟਫਾਰਮ ਦੀ ਹਾਲਤ ਖਸਤਾ ਬਣੀ ਹੋਈ ਹੈ। ਪਲੇਟਫਾਰਮ ਨੂੰ ਦੋਬਾਰਾ ਬਣਾਉਣ ਲਈ ਉਸ ਨੂੰ ਤੋੜਿਆ ਗਿਆ ਹੈ, ਜਿਸ ਕਾਰਨ ਰੋਜ਼ਾਨਾ ਸਵੇਰੇ-ਸ਼ਾਮ ਕਪੂਰਥਲਾ ਤੋਂ ਜਲੰਧਰ ਅਤੇ ਫਿਰੋਜ਼ਪੁਰ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਗ੍ਹਾ-ਜਗ੍ਹਾ ਤੋੜੇ ਗਏ ਪਲੇਟਫਾਰਮ ਦੇ ਕਾਰਨ ਕਈ ਵਾਰ ਤਾਂ ਯਾਤਰੀ ਡਿੱਗ ਕੇ ਸੱਟਾਂ ਵੀ ਲਵਾ ਚੁੱਕੇ ਹਨ।

PunjabKesari

ਇਸ ਤੋਂ ਇਲਾਵਾ ਕਛੂਆ ਚਾਲ ਨਾਲ ਚੱਲ ਰਹੇ ਸਟੇਸ਼ਨ ਦੇ ਨਿਰਮਾਣ ਕੰਮ ਦੌਰਾਨ ਉੱਡਣ ਵਾਲੀ ਧੂੜ ਮਿੱਟੀ ਨਾਲ ਵੀ ਸਟੇਸ਼ਨ 'ਤੇ ਬੈਠੇ ਯਾਤਰੀਆਂ ਨੂੰ ਦਿੱਕਤਾਂ ਹੋ ਰਹੀਆਂ ਹਨ। ਰੋਜ਼ਾਨਾ ਰੇਲ ਗੱਡੀ 'ਚ ਸਫਰ ਕਰਨ ਵਾਲੇ ਯਾਤਰੀਆਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸਟੇਸ਼ਨ ਨੂੰ ਅਪਗ੍ਰੇਡ ਕਰਨ ਦੇ ਚੱਲ ਰਹੇ ਕੰਮ ਕਛੂਆ ਚਾਲ ਦੇ ਕਾਰਣ ਕਰੀਬ ਪੰਜ ਮਹੀਨਿਆਂ ਤੋਂ ਪਲੇਟਫਾਰਮ ਨੰਬਰ 1 ਦਾ ਅੱਧਾ ਹੀ ਨਿਰਮਾਣ ਹੋ ਪਾਇਆ ਹੈ। ਜਦਕਿ ਅੱਧੇ ਪਲੇਟਫਾਰਮ ਦਾ ਕੰਮ ਬਾਕੀ ਹੈ। ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਪ੍ਰਕਾਸ਼ ਪੁਰਬ ਨਵੰਬਰ ਮਹੀਨੇ 'ਚ ਮਨਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਭਾਰੀ ਗਿਣਤੀ 'ਚ ਸ਼ਰਧਾਲੂਆਂ ਦੇ ਆਉਣ-ਜਾਣ ਦਾ ਸਿਲਸਿਲਾ ਜਾਰੀ ਹੋ ਜਾਵੇਗਾ। ਜੇਕਰ ਇਹ ਕੰਮ ਇਸ ਤਰ੍ਹਾਂ ਹੀ ਧੀਮੀ ਗਤੀ ਨਾਲ ਹੁੰਦੇ ਰਹੇ ਤਾਂ ਬਾਹਰ ਤੋਂ ਜਾਣ ਵਾਲੇ ਸ਼ਰਧਾਲੂਆਂ ਨੂੰ ਜਿੱਥੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉੱਥੇ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਵੀ ਸੱਟ ਪਹੁੰਚ ਸਕਦੀ ਹੈ।

ਸਟੇਸ਼ਨ 'ਤੇ ਯਾਤਰੀਆਂ ਦੀ ਸਹੂਲਤ ਲਈ ਨਹੀਂ ਹੈ ਆਧੁਨਿਕ ਕੰਟੀਨ
550 ਸਾਲਾ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ ਆਉਣ ਵਾਲੀ ਸੰਗਤ ਦੀ ਆਮਦ ਨੂੰ ਦੇਖਦੇ ਹੋਏ ਰੇਲ ਮੰਤਰਾਲਾ ਵੱਲੋਂ ਦੂਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਲਈ ਸੁਲਤਾਨਪੁਰ ਲੋਧੀ ਤੱਕ ਸਪੈਸ਼ਲ ਰੇਲ ਗੱਡੀਆਂ ਦੇ ਰੂਟ ਸ਼ੁਰੂ ਕੀਤੇ ਜਾ ਰਹੇ ਹਨ। ਇਹ ਸਭ ਗੱਡੀਆਂ ਕਪੂਰਥਲਾ ਸਟੇਸ਼ਨ ਤੋਂ ਹੋ ਕੇ ਸੁਲਤਾਨਪੁਰ ਲੋਧੀ ਦੇ ਲਈ ਰਵਾਨਾ ਹੋਣਗੀਆਂ ਪਰ ਕਪੂਰਥਲਾ ਸਟੇਸ਼ਨ 'ਤੇ ਕੋਈ ਕੰਟੀਨ ਨਾ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯਾਤਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਰੇਲ ਮੰਤਰਾਲਾ ਨੂੰ ਚਾਹੀਦਾ ਹੈ ਕਿ ਉਹ ਕਪੂਰਥਲਾ ਸਟੇਸ਼ਨ 'ਤੇ ਆਧੁਨਿਕ ਕੰਟੀਨ ਦੀ ਸਹੂਲਤ ਉਪਲੱਬਧ ਕਰਵਾਏ, ਜਿਸ 'ਚ ਖਾਣ ਪੀਣ ਦੇ ਨਾਲ-ਨਾਲ ਬੁੱਕ ਸਟਾਲ, ਨਿਊਜ਼ ਪੇਪਰ ਆਦਿ ਦੀ ਸਹੂਲਤ ਹੋਵੇ।

ਕੀ ਕਹਿੰਦੇ ਹਨ ਸਟੇਸ਼ਨ ਮਾਸਟਰ
ਇਸ ਸਬੰਧੀ ਰੇਲਵੇ ਸਟੇਸ਼ਨ ਕਪੂਰਥਲਾ ਦੇ ਸੁਪਰਡੈਂਟ ਰਾਕੇਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਰੇਲਵੇ ਦੇ ਕੰਮਾਂ ਲਈ ਸਾਡਾ ਇੰਜੀਨੀਅਰਿੰਗ ਵਿੰਗ ਹੀ ਨਿਰਮਾਣ ਕੰਮ ਦੀ ਦੇਖਰੇਖ ਕਰ ਰਿਹਾ ਹੈ ਅਤੇ ਇੰਜੀਨੀਅਰਿੰਗ ਵਿੰਗ ਦੇ ਇੰਚਾਰਜ ਲੋਹੀਆਂ ਸੈਕਸ਼ਨ 'ਚ ਹਨ। ਇਸ ਬਾਰੇ ਉਹੀ ਪੁਸ਼ਟੀ ਕਰ ਸਕਦੇ ਹਨ। ਜਦੋਂ ਰੇਲਵੇ ਵਰਕਸ ਲੋਹੀਆਂ ਸੈਕਸ਼ਨ ਦੇ ਇੰਚਾਰਜ ਇੰਜੀਨੀਅਰ ਵਿਜੈ ਕੁਮਾਰ ਨਾਲ ਸੰਪਰਕ ਕਰਨ ਦੇ ਲਈ ਉਨ੍ਹਾਂ ਦੇ ਮੋਬਾਇਲ ਨੰਬਰ 'ਤੇ ਵਾਰ-ਵਾਰ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।


shivani attri

Content Editor

Related News