ਰੇਲ ਕੋਚ ਫੈਕਟਰੀ ਤੋਂ ਸਾਲ 2019-20 ਦਾ 1000ਵਾਂ ਸਵਾਰੀ ਡੱਬਾ ਤਿਆਰ ਹੋ ਕੇ ਰਵਾਨਾ

Thursday, Jan 09, 2020 - 01:57 PM (IST)

ਰੇਲ ਕੋਚ ਫੈਕਟਰੀ ਤੋਂ ਸਾਲ 2019-20 ਦਾ 1000ਵਾਂ ਸਵਾਰੀ ਡੱਬਾ ਤਿਆਰ ਹੋ ਕੇ ਰਵਾਨਾ

ਕਪੂਰਥਲਾ (ਮੱਲ੍ਹੀ)— ਰੇਲ ਕੋਚ ਫੈਕਟਰੀ ਕਪੂਰਥਲਾ 'ਚ ਨਿਰਮਾਣ ਕੀਤਾ ਗਿਆ ਵਿੱਤੀ ਸਾਲ 2019-20 ਦਾ 1000ਵਾਂ ਸਵਾਰੀ ਡੱਬਾ ਬੀਤੇ ਦਿਨ ਆਰ. ਸੀ. ਐੱਫ. ਦੇ ਮਹਾ ਪ੍ਰਬੰਧਕ ਰਵਿੰਦਰ ਗੁਪਤਾ ਵੱਲੋਂ ਸਭ ਕਰਮਚਾਰੀਆਂ ਦੀ ਹਾਜ਼ਰੀ 'ਚ ਖੁਸ਼ੀ ਅਤੇ ਉਤਸ਼ਾਹ ਭਰੇ ਵਾਤਾਵਰਣ 'ਚ ਰਵਾਨਾ ਕੀਤਾ ਗਿਆ। ਬੀਤੇ ਦਿਨ ਜਦਕਿ ਟ੍ਰੇਡ ਯੂਨੀਅਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਅਜਿਹੇ ਮੌਕੇ 'ਤੇ ਆਰ. ਸੀ. ਐੱਫ. ਵੱਲੋਂ ਆਪਣੇ ਕੋਚ ਉਤਪਾਦਨ 'ਚ ਇਕ ਪ੍ਰਾਪਤੀ ਹਾਸਲ ਕਰਨਾ ਸਭ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਖੁਸ਼ੀ ਦੀ ਗੱਲ ਹੈ। ਇਸ ਮੌਕੇ 'ਤੇ ਆਰ. ਸੀ. ਐੱਫ. ਦੇ ਮਹਾ ਪ੍ਰਬੰਧਕ ਤੋਂ ਇਲਾਵਾ ਪ੍ਰਿੰਸੀਪਲ ਚੀਫ ਮਕੈਨੀਕਲ ਇੰਜੀਨੀਅਰ ਆਰ. ਕੇ. ਮੰਗਲਾ, ਸਭ ਵਿਭਾਗ ਪ੍ਰਧਾਨ ਅਧਿਕਾਰੀ, ਸੁਪਰਵਾਈਜ਼ਰਜ਼ ਤੇ ਕਰਮਚਾਰੀ ਹਾਜ਼ਰ ਸਨ।

ਮਹਾ ਪ੍ਰਬੰਧਕ ਰਵਿੰਦਰ ਗੁਪਤਾ ਨੇ ਕਿਹਾ ਕਿ ਆਰ. ਸੀ. ਐੱਫ. ਵੱਲੋਂ ਇਸ ਸਾਲ ਵਧੇ ਹੋਏ ਐੱਲ. ਐੱਚ. ਬੀ. ਡੱਬਿਆਂ ਦੇ ਟੀਚੇ ਦੇ ਬਾਵਜੂਦ ਵੀ ਘੱਟ ਸਮੇਂ 'ਚ 1000ਵੇਂ ਡੱਬੇ ਦਾ ਨਿਰਮਾਣ ਇਕ ਉਤਸ਼ਾਹਜਨਕ ਪ੍ਰਾਪਤੀ ਹੈ। ਉਨ੍ਹਾਂ ਸਭ ਕਰਮਚਾਰੀਆਂ ਅਤੇ ਸੁਪਰਵਾਈਜ਼ਰਜ਼ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਵੱਲੋਂ ਇਸ ਪ੍ਰਾਪਤੀ ਲਈ ਦਿੱਤੇ ਗਏ ਵੱਡਮੁੱਲੇ ਯੋਗਦਾਨ ਨੂੰ ਸਰਾਹਿਆ। ਉਨ੍ਹਾਂ ਕਿਹਾ ਕਿ ਆਰ. ਸੀ. ਐੱਫ. ਦੇਸ਼ ਦੀ ਸਭ ਤੋਂ ਆਧੁਨਿਕ ਫੈਕਟਰੀ ਹੈ, ਜਿੱਥੇ ਜਰਮਨੀ ਤੋਂ ਐੱਲ. ਐੱਚ. ਬੀ. ਟੈਕਨਾਲੋਜੀ ਪ੍ਰਾਪਤ ਕਰ ਕੇ ਸਟੇਨਲੈੱਸ ਸਟੀਲ ਦੇ ਡੱਬਿਆਂ ਦਾ ਨਿਰਮਾਣ ਸ਼ੁਰੂ ਹੋਇਆ ਅਤੇ ਅੱਜ ਇਸ ਦੀ ਸੰਰਚਨਾ ਤੇ ਇਸ 'ਚ ਲਗਾਈਆਂ ਗਈਆਂ ਮਸ਼ੀਨਾਂ ਵਿਸ਼ਵ ਪੱਧਰੀ ਹਨ। ਲਗਾਤਾਰ ਵਿਸਥਾਰ ਕਰ ਰਹੀ ਦੇਸ਼ ਦੀ ਅਰਥਵਿਵਸਥਾ 'ਚ ਉੱਚ ਪੱਧਰ ਦੇ ਡੱਬਿਆਂ ਦੀ ਭਾਰੀ ਮੰਗ ਹੈ। ਗੁਪਤਾ ਨੇ ਵੀ ਕਿਹਾ ਕਿ ਅਗਲੇ ਵਿੱਤੀ ਸਾਲ 'ਚ ਆਰ. ਸੀ. ਐੱਫ. 2000 ਤੋਂ ਵੱਧ ਸਵਾਰੀ ਡੱਬਿਆਂ ਦੇ ਨਿਰਮਾਣ ਦਾ ਟੀਚਾ ਪ੍ਰਾਪਤ ਕਰੇਗਾ ਅਤੇ 1000 ਡੱਬਿਆਂ ਦਾ ਨਿਰਮਾਣ ਅਕਤੂਬਰ ਮਹੀਨੇ ਤਕ ਪੂਰਾ ਕਰਨ ਲਈ ਭਰਪੂਰ ਯਤਨ ਕੀਤੇ ਜਾਣਗੇ।


author

shivani attri

Content Editor

Related News