ਰੇਲਵੇ ਸਟੇਸ਼ਨ ’ਤੇ GST ਵਿਭਾਗ ਦੇ ਅਧਿਕਾਰੀਆਂ ਦੀ ਰੇਡ, ਨਗਾਂ ਨੂੰ ਕਬਜ਼ੇ ’ਚ ਲੈਣ ਲਈ ਨਹੀਂ ਮਿਲੀ ਪਰਮਿਸ਼ਨ

Sunday, Aug 09, 2020 - 02:55 PM (IST)

ਰੇਲਵੇ ਸਟੇਸ਼ਨ ’ਤੇ GST ਵਿਭਾਗ ਦੇ ਅਧਿਕਾਰੀਆਂ ਦੀ ਰੇਡ, ਨਗਾਂ ਨੂੰ ਕਬਜ਼ੇ ’ਚ ਲੈਣ ਲਈ ਨਹੀਂ ਮਿਲੀ ਪਰਮਿਸ਼ਨ

ਜਲੰਧਰ(ਗੁਲਸ਼ਨ) - ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਦੇ ਅਧਿਕਾਰੀਆਂ ਨੇ ਸ਼ਨੀਵਾਰ ਸਵੇਰੇ ਸਿਟੀ ਰੇਲਵੇ ਸਟੇਸ਼ਨ ਦੇ ਪਾਰਸਲ ਵਿਭਾਗ ’ਚ ਰੇਡ ਕੀਤੀ। ਸੂਚਨਾ ਮੁਤਾਬਕ ਮੋਬਾਇਲ ਵਿੰਗ ਦੀ ਏ. ਈ. ਟੀ. ਸੀ. ਰਾਜਵਿੰਦਰ ਕੌਰ, ਸਟੇਟ ਟੈਕਸ ਅਫਸਰ ਮਨਮੋਹਨ ਅਰੋੜਾ, ਦਵਿੰਦਰ ਪੰਨੂ, ਇੰਸਪੈਕਟਰ ਵਰਿੰਦਰ ਸਵੇਰੇ ਤੜਕੇ ਹੀ ਟ੍ਰੇਨ ਆਉਣ ਤੋਂ ਪਹਿਲਾਂ ਸਟੇਸ਼ਨ ਪਹੁੰਚ ਗਏ। ਕੋਵਿਡ-19 ਸਪੈਸ਼ਲ ਪਾਰਸਲ ਟ੍ਰੇਨ ਆਉਂਦੇ ਹੀ ਉਨ੍ਹਾਂ ਨੇ ਪਾਰਸਲ ਦੇ ਨਗਾਂ ਨੂੰ ਆਪਣੇ ਸਾਹਮਣੇ ਉਤਰਵਾਇਆ।

ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੇ ਚੀਫ ਪਾਰਸਲ ਸੁਪਰਵਾਈਜ਼ਰ ਅਸ਼ਵਨੀ ਕੁਮਾਰ ਤੋਂ 29 ਨਗਾਂ ਨੂੰ ਕਬਜ਼ੇ ’ਚ ਲੈਣ ਦੀ ਡਿਮਾਂਡ ਕੀਤੀ। ਸੀ. ਪੀ. ਐੱਸ. ਨੇ ਉਨ੍ਹਾਂ ਨੂੰ ਸੀਨੀਅਰ ਡੀ. ਸੀ. ਐੱਮ. ਫਿਰੋਜ਼ਪੁਰ ਤੋਂ ਇਜਾਜ਼ਤ ਲੈਣ ਲਈ ਕਿਹਾ। ਰੇਲ ਨਿਯਮਾਂ ਮੁਤਾਬਿਕ ਫਿਰੋਜ਼ਪੁਰ ਰੇਲ ਮੰਡਲ ਦੇ ਅਧਿਕਾਰੀਆਂ ਦੀ ਇਜਾਜ਼ਤ ਦੇ ਬਿਨਾਂ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀ ਸਟੇਸ਼ਨ ਕੰਪਲੈਕਸ ਤੋਂ ਮਾਲ ਨੂੰ ਆਪਣੇ ਕਬਜ਼ੇ ਵਿਚ ਨਹੀਂ ਲੈ ਸਕਦੇ। ਇਸ ਦੇ ਲਈ ਉਨ੍ਹਾਂ ਨੂੰ ਬਕਾਇਦਾ ਰੇਲਵੇ ਤੋਂ ਇਜਾਜ਼ਤ ਲੈਣ ਤੋਂ ਇਲਾਵਾ ਬਾਂਡ ਭਰ ਕੇ ਦੇਣਾ ਪੈਂਦਾ ਹੈ।

ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀ ਸ਼ਾਮ 5 ਵਜੇ ਤਕ ਪਰਮੀਸ਼ਨ ਦੀ ਉਡੀਕ ਕਰਦੇ ਰਹੇ ਪਰ ਸ਼ਨੀਵਾਰ ਛੁੱਟੀ ਹੋਣ ਕਾਰਣ ਉਨ੍ਹਾਂ ਨੂੰ ਇਜਾਜ਼ਤ ਨਹੀਂ ਿਮਲੀ। ਜਿਸ ਤੋਂ ਬਾਅਦ ਉਨ੍ਹਾਂ ਨੇ ਸਟੇਸ਼ਨ ’ਤੇ ਪਏ 29 ਨਗਾਂ ’ਤੇ ਮਾਰਕਿੰਗ ਕਰ ਦਿੱਤੀ। ਸੂਤਰਾਂ ਮੁਤਾਬਕ ਇਨ੍ਹਾਂ ਨਗਾਂ ’ਚ ਇਲੈਕਟ੍ਰਾਨਿਕ ਦਾ ਸਾਮਾਨ, ਐੱਲ. ਈ. ਡੀ., ਰੈਡੀਮੇਡ ਅਤੇ ਹੋਰ ਕੀਮਤੀ ਸਾਮਾਨ ਦੱਸਿਆ ਜਾ ਰਿਹਾ ਹੈ। ਕਲ ਇਜਾਜ਼ਤ ਮਿਲਣ ਤੋਂ ਬਾਅਦ ਉਹ ਨਗਾਂ ਨੂੰ ਆਪਣੇ ਕਬਜ਼ੇ ’ਚ ਲੈਣਗੇ। ਅਧਿਕਾਰੀਆਂ ਨੇ ਕਿਹਾ ਕਿ ਮਾਲ ਦੀ ਵੇਰੀਫਿਕੇਸ਼ਨ ਅਤੇ ਬਿਲਾਂ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


author

Harinder Kaur

Content Editor

Related News