ਕੈਮਿਸਟ ਸ਼ਾਪਸ ''ਤੇ ਡਰੱਗ ਇੰਸਪੈਕਟਰ ਨੇ ਮਾਰੀ ਰੇਡ, ਕਈਆਂ ਤੋਂ ਮਿਲਿਆਂ ਪਾਬੰਦੀਸ਼ੁਦਾ ਦਵਾਈਆਂ
Friday, Mar 28, 2025 - 04:43 PM (IST)

ਕਪੂਰਥਲਾ (ਜ.ਬ.)- ਪੰਜਾਬ ਸਰਕਾਰ ਦੇ ਹੁਕਮਾਂ ’ਤੇ ਸੂਬੇ ਭਰ ’ਚ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਡਰੱਗ ਇੰਸਪੈਕਟਰ ਕਪੂਰਥਲਾ ਅਨੁਪਮਾ ਕਾਲੀਆ ਨੇ ਸਿਟੀ ਪੁਲਸ ਦੇ ਸਹਿਯੋਗ ਨਾਲ ਸ਼ਹਿਰ ਦੇ ਅੰਮ੍ਰਿਤਸਰ ਰੋਡ ’ਤੇ ਸਥਿਤ ਪਬਲਿਕ ਮੈਡੀਕਲ ਹਾਲ ਵਿਖੇ ਚੈਕਿੰਗ ਦੌਰਾਨ 6 ਕਿਸਮਾਂ ਦੀਆਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕੀਤੀਆਂ, ਜਿਸ ਦੇ ਆਧਾਰ ’ਤੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਕੈਮਿਸਟ ਸ਼ਾਪ ਦੇ ਮਾਲਕ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਤੇਜ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਪੁਲਸ ਤੇ ਡਰੱਗ ਇੰਸਪੈਕਟਰਾਂ ਦੀਆਂ ਟੀਮਾਂ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ ਤੇ ਜ਼ਿਲ੍ਹੇ ਭਰ ’ਚ ਕਈ ਮੈਡੀਕਲ ਸਟੋਰਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਤਹਿਤ ਵੱਡੀ ਗਿਣਤੀ ’ਚ ਮੈਡੀਕਲ ਸਟੋਰਾਂ ਖਿਲ਼ਾਫ ਕਾਰਵਾਈ ਕੀਤੀ ਗਈ ਹੈ। ਇਸ ਨੂੰ ਅੱਗੇ ਵਧਾਉਂਦੇ ਹੋਏ ਵੀਰਵਾਰ ਨੂੰ ਡਰੱਗ ਇੰਸਪੈਕਟਰ ਕਪੂਰਥਲਾ ਅਨੁਪਮਾ ਕਾਲੀਆ ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਨਾਲ ਲੈ ਕੇ ਕਪੂਰਥਲਾ ਦੇ ਅੰਮ੍ਰਿਤਸਰ ਰੋਡ ’ਤੇ ਸਥਿਤ ਪਬਲਿਕ ਮੈਡੀਕਲ ਹਾਲ ਵਿਖੇ ਚੈਕਿੰਗ ਕੀਤੀ।
ਇਹ ਵੀ ਪੜ੍ਹੋ- ਮਿਆਂਮਾਰ ਤੇ ਥਾਈਲੈਂਡ 'ਚ ਆਏ ਭੂਚਾਲ 'ਤੇ PM ਮੋਦੀ ਨੇ ਜਤਾਈ ਚਿੰਤਾ, ਹਰ ਸੰਭਵ ਮਦਦ ਦਾ ਦਿਵਾਇਆ ਭਰੋਸਾ
ਚੈਕਿੰਗ ਦੌਰਾਨ ਪਬਲਿਕ ਮੈਡੀਕਲ ਹਾਲ ਤੋਂ 6 ਕਿਸਮਾਂ ਦੀਆਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕੀਤੀਆਂ ਗਈਆਂ, ਜੋ ਕਿ ਪ੍ਰੀਗਾਬਾਲਿਨ ਸਾਲਟ ਦੀਆਂ ਸਨ ਅਤੇ ਇਹ ਸਾਲਟ ਪਾਬੰਦੀਸ਼ੁਦਾ ਹੈ। ਬਰਾਮਦ ਕੀਤੀਆਂ ਗਈਆਂ ਪਾਬੰਦੀਸ਼ੁਦਾ ਦਵਾਈਆਂ ਦੀ ਕੀਮਤ ਲਗਭਗ 2,300 ਰੁਪਏ ਦੱਸੀ ਜਾ ਰਹੀ ਹੈ। ਇਸ ਪੂਰੀ ਬਰਾਮਦਗੀ ਸਬੰਧੀ ਸਬੰਧਤ ਫਰਮ ਖਿਲਾਫ ਅਗਲੇਰੀ ਕਾਰਵਾਈ ਲਈ ਲਾਇਸੈਂਸਿੰਗ ਅਥਾਰਟੀ ਜਲੰਧਰ ਨੂੰ ਰਿਪੋਰਟ ਭੇਜੀ ਜਾ ਰਹੀ ਹੈ।
ਇਸ ਪੂਰੇ ਮਾਮਲੇ ’ਚ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਪ੍ਰੀਗਾਬਾਲਿਨ ਸਾਲਟ ਵੇਚਣ ਦੇ ਇਲਜ਼ਾਮ ’ਚ ਥਾਣਾ ਸਿਟੀ ਕਪੂਰਥਲਾ ਨੇ ਦੁਕਾਨ ਮਾਲਕ ਨਰੇਸ਼ ਕੁਮਾਰ ਪੁੱਤਰ ਲਾਹੌਰੀ ਲਾਲ ਵਾਸੀ ਦੀਵਾਨਾ ਮੁਹੱਲਾ, ਕਪੂਰਥਲਾ ਖਿਲਾਫ ਧਾਰਾ 223 ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਰੱਗ ਇੰਸਪੈਕਟਰ ਕਪੂਰਥਲਾ ਅਨੁਪਮਾ ਕਾਲੀਆ ਨੇ ਦੱਸਿਆ ਕਿ ਜ਼ਿਲੇ ਭਰ ’ਚ ਕੈਮਿਸਟ ਦੀਆਂ ਦੁਕਾਨਾਂ ਦੀ ਚੈਕਿੰਗ ਜਾਰੀ ਰਹੇਗੀ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਕੈਮਿਸਟ ਨੂੰ ਬਖਸ਼ਿਆ ਨਹੀਂ ਜਾਵੇਗਾ। ਅਜਿਹੇ ਕੈਮਿਸਟਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਪੂਰੀ ਮੁਹਿੰਮ ਕਪੂਰਥਲਾ ਪੁਲਸ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਬਾਰੇ ਉਨ੍ਹਾਂ ਦੇ ਵਿਭਾਗ ਤੇ ਪੁਲਸ ਨੂੰ ਸੂਚਿਤ ਕਰਨ ਤਾਂ ਜੋ ਅਜਿਹੇ ਕੈਮਿਸਟਾਂ ਦੇ ਲਾਇਸੈਂਸ ਰੱਦ ਕੀਤੇ ਜਾ ਸਕਣ।
ਇਹ ਵੀ ਪੜ੍ਹੋ- ਜਿਸ ਦੋਸਤ ਨੂੰ ਭਰਾ ਮੰਨਿਆ, ਉਸੇ ਨਾਲ ਭੱਜ ਗਈ ਘਰਵਾਲੀ, ਕਿਹਾ- 'ਚੰਗਾ ਹੋਇਆ, ਨਹੀਂ ਤਾਂ ਮੇਰੀ ਵੀ....'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e