ਵਾਲਮੀਕ ਸਮਾਜ ਨੇ ''ਆਪ'' ਦੀ ਸਾਬਕਾ ਹਲਕਾ ਇੰਚਾਰਜ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਦਿੱਤਾ ਧਰਨਾ

Monday, Mar 24, 2025 - 11:54 PM (IST)

ਵਾਲਮੀਕ ਸਮਾਜ ਨੇ ''ਆਪ'' ਦੀ ਸਾਬਕਾ ਹਲਕਾ ਇੰਚਾਰਜ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਦਿੱਤਾ ਧਰਨਾ

ਕਪੂਰਥਲਾ : ਬੀਤੀ ਦਿਨੀਂ ਮਨਸੂਰਵਾਲ ਦੋਨਾ ਵਿਖੇ ਜ਼ਮੀਨੀ ਵਿਵਾਦ ਦੌਰਾਨ ਆਮ ਆਦਮੀ ਪਾਰਟੀ ਦੀ ਸਾਬਕਾ ਹਲਕਾ ਇੰਚਾਰਜ ਮੰਜੂ ਰਾਣਾ ਵੱਲੋਂ ਵਾਲਮੀਕ ਸਮਾਜ ਦੇ ਆਗੂ ਚਰਨਜੀਤ ਹੰਸ ਨੂੰ ਜਾਤੀ ਸੂਚਕ ਅਤੇ ਹੋਰ ਅਪਸ਼ਬਦ ਬੋਲੇ ਜਾਣ ਕਾਰਨ ਵਾਲਮੀਕ ਭਾਈਚਾਰੇ ਦੇ ਆਗੂਆਂ ਨੇ ਰੋਸ ਪ੍ਰਗਟ ਕੀਤਾ ਸੀ। 'ਆਪ' ਦੀ ਹਲਕਾ ਇੰਚਾਰਜ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਐੱਸ. ਐੱਸ. ਪੀ. ਕਪੂਰਥਲਾ, ਡੀ. ਐੱਸ. ਪੀ. ਕਪੂਰਥਲਾ ਅਤੇ ਐੱਸ. ਐੱਚ. ਓ. ਸਿਟੀ ਨੂੰ ਦਰਖਾਸਤ ਦਿੱਤੀ ਗਈ ਸੀ ਪਰ ਕਾਫ਼ੀ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੁੰਦੀ ਦੇਖ ਅੱਜ ਵੱਖ-ਵੱਖ ਵਾਲਮੀਕ ਭਾਈਚਾਰੇ ਦੇ ਆਗੂਆਂ ਅਤੇ ਹੋਰ ਲੋਕਾਂ ਨੇ ਸਵੇਰੇ 11 ਵਜੇ ਤੋਂ ਸੁਲਤਾਨਪੁਰ ਲੋਧੀ ਰੋਡ 'ਤੇ ਡੀ. ਐੱਸ. ਪੀ. ਦਫ਼ਤਰ ਮੂਹਰੇ ਧਰਨਾ ਦੇ ਕੇ ਮੰਜੂ ਰਾਣਾ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਪੰਥਕ ਏਕਤਾ ਤੇ ਸਿਰ ਜੋੜਨਾ ਹੁਣ ਸਮੇਂ ਦੀ ਲੋੜ : ਜਥੇ.ਗੜਗੱਜ

ਦੁਪਹਿਰ ਤੱਕ ਕੋਈ ਸੁਣਵਾਈ ਨਾ ਹੁੰਦੀ ਦੇਖ ਰੋਹ ਵਿਚ ਆਏ ਵਾਲਮੀਕ ਭਾਈਚਾਰੇ ਦੇ ਲੋਕਾਂ ਨੇ ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ਜਾਮ ਕਰ ਦਿੱਤਾ, ਜਿਸ 'ਤੇ ਡੀ. ਐੱਸ. ਪੀ. ਦੀਪਕਰਨ ਸਿੰਘ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਕੋਈ ਢੁਕਵੀਂ ਕਾਰਵਾਈ ਕੀਤੀ ਜਾਵੇਗੀ। 

ਇਸ 'ਤੇ ਵਾਲਮੀਕ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਜੇਕਰ ਮੰਜੂ ਰਾਣਾ ਖ਼ਿਲਾਫ਼ ਛੇਤੀ ਹੀ ਮਾਮਲਾ ਦਰਜ ਨਾ ਕੀਤਾ ਗਿਆ ਤਾਂ 31 ਮਾਰਚ ਨੂੰ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੂੰ ਨਾਲ ਲੈ ਕੇ ਕਪੂਰਥਲਾ ਸ਼ਹਿਰ ਬੰਦ ਕੀਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ, ਜਿਸ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News