ਕਾਂਗਰਸ ਦੇ ਵੱਡੇ ਗੜ੍ਹ ’ਚ ਤਬਦੀਲ ਹੋ ਚੁੱਕੇ ਕਪੂਰਥਲਾ ਸ਼ਹਿਰ ’ਚ ‘ਆਪ’ ਰਹੀ ਅੱਗੇ
Wednesday, Mar 16, 2022 - 05:50 PM (IST)
ਕਪੂਰਥਲਾ (ਮਹਾਜਨ)-ਪਿਛਲੇ 20 ਸਾਲਾਂ ਦੌਰਾਨ ਕਾਂਗਰਸ ਪਾਰਟੀ ਦੇ ਵੱਡੇ ਗੜ੍ਹ ’ਚ ਤਬਦੀਲ ਹੋ ਚੁੱਕੇ ਕਪੂਰਥਲਾ ਸ਼ਹਿਰ ਨੇ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ‘ਆਪ’ ਦੇ ਹੱਕ ’ਚ ਇਕ ਵੱਡਾ ਫਤਵਾ ਦੇ ਕੇ ਜਿੱਥੇ ਕਾਂਗਰਸੀ ਖੇਤਰਾਂ ਨੂੰ ਹੈਰਾਨ ਕਰ ਦਿੱਤਾ ਹੈ, ਉੱਥੇ ਹੀ 50 ਵਾਰਡਾਂ 'ਤੇ ਆਧਾਰਿਤ ਕਪੂਰਥਲਾ ਸ਼ਹਿਰ ਦੇ ਜ਼ਿਆਦਾਤਰ ਵਾਰਡਾਂ ’ਚ ਕਾਂਗਰਸ ਕਾਫ਼ੀ ਪਿਛਡ਼ਦੀ ਨਜ਼ਰ ਆਈ ਹੈ, ਜੋ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਲਈ ਚਿੰਤਾ ਦਾ ਇਕ ਵੱਡਾ ਵਿਸ਼ਾ ਬਣ ਗਈ ਹੈ।
ਗੌਰ ਹੋਵੇ ਕਿ 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਏ ਨਤੀਜਿਆਂ ਨੇ ਜਿੱਥੇ ਪੂਰੇ ਸੂਬੇ ਨੂੰ ਹੈਰਾਨ ਕਰ ਦਿੱਤਾ ਹੈ, ਉੱਥੇ ਹੀ ਸੂਬੇ ਦੀ ਜਨਤਾ ਨੇ ‘ਆਪ’ ਦੇ ਹੱਕ ’ਚ ਜ਼ਬਰਦਸਤ ਫਤਵਾ ਦਿੱਤਾ ਹੈ। ਜਿਸ ਨਾਲ ਕਪੂਰਥਲਾ ਵਿਧਾਨ ਸਭਾ ਸੀਟ ਵੀ ਅਣਛੂਹੀ ਨਹੀਂ ਰਹੀ ਹੈ। ਬੀਤੇ 20 ਸਾਲਾਂ ਤੋਂ ਕਪੂਰਥਲਾ ਸ਼ਹਿਰ ਅਤੇ ਪੇਂਡੂ ਖੇਤਰਾਂ ’ਚ ਲਗਭਗ ਇਕ ਸਵਾਲ ਦਬਦਬਾ ਰੱਖਣ ਵਾਲੇ ਰਾਣਾ ਪਰਿਵਾਰ ਦੇ ਲਈ ਇਸ ਵਾਰ ਦੀ ਚੋਣ ਜਿੱਥੇ ਬੇਹੱਦ ਚੁਣੌਤੀਪੂਰਨ ਸਾਬਤ ਹੋਈ, ਉੱਥੇ ਹੀ ਪੇਂਡੂ ਖੇਤਰ ’ਚ ਮਿਲੇ ਲਗਭਗ 10 ਹਜ਼ਾਰ ਵੋਟ ਦੇ ਵਾਧੇ ਨੇ ਰਾਣਾ ਪਰਿਵਾਰ ਨੂੰ ਇਕ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ। ਸ਼ਹਿਰ ’ਚ ਲੰਬੇ ਸਮੇਂ ਦੇ ਬਾਅਦ ਕਾਂਗਰਸ ਪਾਰਟੀ ਨੂੰ ਇੰਨਾ ਵੱਡਾ ਝੱਟਕਾ ਵੇਖਣ ਨੂੰ ਮਿਲਿਆ। ਇਸ ਪੂਰੀ ਚੋਣ ਦੌਰਾਨ ਕਰੀਬ ਇਕ ਸਾਲ ਪਹਿਲਾਂ ਸ਼ਹਿਰ ’ਚ ਨਗਰ ਨਿਗਮ ਨੂੰ ਲੈ ਕੇ 50 ਵਾਰਡਾਂ ਦੀ ਚੋਣ ‘ਚ ਕਾਂਗਰਸ ਪਾਰਟੀ ਨੇ 47 ਵਾਰਡਾਂ ਨੂੰ ਜਿੱਤ ਕੇ ਜਿੱਥੇ ਇਕ ਵੱਡੀ ਜਿੱਤ ਹਾਸਲ ਕੀਤੀ ਸੀ, ਉੱਥੇ ਹੀ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਸ਼ਹਿਰ ’ਚ ਵੱਡੇ ਪੱਧਰ ’ਤੇ ਪਿਛੜਦੀ ਨਜ਼ਰ ਆਈ।
ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਬੁਝਾਏ 2 ਘਰਾਂ ਦੇ ਚਿਰਾਗ, ਹੋਲੇ-ਮਹੱਲੇ 'ਤੇ ਜਾ ਰਹੇ 2 ਸਕੇ ਭਰਾਵਾਂ ਸਣੇ 3 ਮੁੰਡਿਆਂ ਦੀ ਮੌਤ
ਆਲਮ ਤਾਂ ਇਹ ਹੈ ਕਿ 11-12 ਵਾਰਡਾਂ ਨੂੰ ਛੱਡ ਕੇ ਜ਼ਿਆਦਾਤਰ ਵਾਰਡਾਂ ’ਚ ਕਾਂਗਰਸ ਆਮ ਆਮਦੀ ਪਾਰਟੀ ਤੋਂ ਪਿਛੜਦੀ ਨਜ਼ਰ ਆਈ, ਜਿਸ ਕਾਰਨ ਆਮ ਆਦਮੀ ਪਾਰਟੀ ਨੂੰ ਸ਼ਹਿਰ ’ਚ ਲਗਭਗ 3000 ਵੋਟਾਂ ਦੀ ਲੀਡ ਮਿਲੀ ਪਰ ਪੇਂਡੂ ਖੇਤਰਾਂ ’ਚ ਮਿਲੀ 10 ਹਜ਼ਾਰ ਵੋਟਾਂ ਦੀ ਲੀਡ ਕਾਰਨ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਆਪਣੀ ਸੀਟ ਨੂੰ ਲਗਭਗ 7000 ਵੋਟਾਂ ਦੇ ਫਰਕ ਨਾਲ ਬਚਾਉਣ ’ਚ ਕਾਮਯਾਬ ਰਹੇ।
ਗੌਰ ਹੋਵੇ ਕਿ ਸਾਲ 2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਭਾਜਪਾ ਦੀ ਲਹਿਰ ਦੇ ਬਾਵਜੂਦ ਵੀ ਕਪੂਰਥਲਾ ਸ਼ਹਿਰ ਤੋਂ ਕਾਂਗਰਸ ਨੂੰ ਭਾਰੀ ਵਾਧਾ ਮਿਲਿਆ ਸੀ ਅਤੇ 2017 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਤਾਂ ਕਪੂਰਥਲਾ ਸ਼ਹਿਰ ’ਚ ਕਾਂਗਰਸ ਪਾਰਟੀ ਨੂੰ ਲਗਭਗ 15 ਹਜ਼ਾਰ ਵੋਟਾਂ ਦੀ ਲੀਡ ਮਿਲੀ ਸੀ ਪਰ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ’ਚ ਕਪੂਰਥਲਾ ਸ਼ਹਿਰ ’ਚ ‘ਆਪ’ ਨੂੰ ਮਿਲੇ ਵਾਧੇ ਨੇ ਕਾਂਗਰਸੀ ਖੇਤਰਾਂ ਨੂੰ ਹੈਰਾਨ ਕਰ ਦਿੱਤਾ, ਜਿਸ ਦਾ ਅਸਰ ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ’ਚ ਵੀ ਵੇਖਣ ਨੂੰ ਮਿਲ ਸਕਦਾ ਹੈ।
ਇਹ ਵੀ ਪੜ੍ਹੋ: ਸੰਦੀਪ ਨੰਗਲ ਕਤਲ ਦਾ ਮਾਮਲਾ ਗਰਮਾਇਆ, ਪਰਿਵਾਰਕ ਮੈਂਬਰਾਂ ਨੇ ਨਕੋਦਰ ਸਿਵਲ ਹਸਪਤਾਲ 'ਚ ਦਿੱਤਾ ਧਰਨਾ
ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਕਈ ਅਹਿਮ ਵਾਰਡਾਂ ’ਚ ਕਾਂਗਰਸ ਰਹੀ ਪਿੱਛੇ
ਬੀਤੇ 2 ਦਹਾਕਿਆਂ ਦੌਰਾਨ ਹੋਈਆਂ ਸਾਰੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ਹਿਰ ਦੇ ਅਜਿਹੇ ਕਈ ਵਾਰਡ ਸ਼ਾਮਲ ਸਨ, ਜਿੱਥੇ ਕਾਂਗਰਸ ਨੂੰ ਵਿਰੋਧੀ ਦਲ ’ਚ ਰਹਿੰਦੇ ਹੋਏ ਵੀ ਸੈਂਕੜੇ ਵੋਟਾਂ ਦੀ ਲੀਡ ਮਿਲਦੀ ਰਹੀ ਹੈ ਤੇ ਇਨ੍ਹਾਂ ਵਾਰਡਾਂ ਨੂੰ ਕਾਂਗਰਸ ਦਾ ਰਿਵਾਇਤੀ ਗੜ੍ਹ ਵੀ ਮੰਨਿਆ ਜਾਂਦਾ ਹੈ ਪਰ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ‘ਆਪ’ ਕਾਂਗਰਸ ਤੋਂ ਵਾਧਾ ਲੈਂਦੀ ਨਜ਼ਰ ਆਈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਵੱਡੀ ਵਾਰਦਾਤ, 2 ਦਿਨ ਤੋਂ ਲਾਪਤਾ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ, ਖੇਤਾਂ 'ਚੋਂ ਮਿਲੀ ਲਾਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ