ਡੇਢ ਸਾਲ ''ਚ ਵਿਧਾਇਕ ਦਲ ਦਾ ਆਗੂ ਤੱਕ ਨਹੀਂ ਚੁਣ ਸਕੀ ਭਾਜਪਾ

Saturday, Aug 25, 2018 - 04:03 PM (IST)

ਡੇਢ ਸਾਲ ''ਚ ਵਿਧਾਇਕ ਦਲ ਦਾ ਆਗੂ ਤੱਕ ਨਹੀਂ ਚੁਣ ਸਕੀ ਭਾਜਪਾ

ਜਲੰਧਰ (ਰਵਿੰਦਰ)— ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਕਹਿਲਾਉਣ ਵਾਲੀ ਭਾਜਪਾ ਇਕ ਪਾਸੇ ਜ਼ੋਰਾਂ ਸ਼ੋਰਾਂ ਨਾਲ 2019 ਲੋਕ ਸਭਾ ਚੋਣਾਂ ਦੀ ਤਿਆਰੀ 'ਚ ਜੁਟੀ ਹੋਈ ਹੈ ਪਰ ਪੰਜਾਬ 'ਚ ਇਸ ਪਾਰਟੀ ਦਾ ਰੱਬ ਹੀ ਰਾਖਾ ਹੈ। ਪੰਜਾਬ ਵਿਚ ਸਿਰਫ ਤਿੰਨ ਵਿਧਾਇਕਾਂ ਤੱਕ ਸਿਮਟਣ ਵਾਲੀ ਭਾਜਪਾ ਡੇਢ ਸਾਲ ਬੀਤ ਜਾਣ ਤੋਂ ਬਾਅਦ ਪਾਰਟੀ ਵਿਧਾਇਕ ਦਲ ਦਾ ਆਗੂ ਤੱਕ ਨਹੀਂ ਲੱਭ ਸਕੀ। ਵਿਧਾਇਕ ਦਲ ਦਾ ਆਗੂ ਨਾ ਹੋਣ ਕਾਰਨ ਭਗਵਾਂ ਪਾਰਟੀ ਪੰਜਾਬ ਵਿਧਾਨ ਸਭਾ 'ਚ ਪੂਰੀ ਤਰ੍ਹਾਂ ਜ਼ੀਰੋ ਹੋ ਕੇ ਰਹਿ ਗਈ ਹੈ। ਨਾ ਤਾਂ ਪਾਰਟੀ ਵੱਲੋਂ ਸਰਕਾਰ ਖਿਲਾਫ ਮਜ਼ਬੂਤੀ ਨਾਲ ਕੋਈ ਲੜਾਈ ਵਿਧਾਨ ਸਭਾ ਦੇ ਅੰਦਰ ਹੀ ਲੜੀ ਜਾ ਰਹੀ ਹੈ ਅਤੇ ਨਾ ਹੀ ਸਰਕਾਰ ਖਿਲਾਫ ਬਾਹਰ ਹੀ ਭਾਜਪਾ ਕੋਈ ਮੋਰਚਾ ਖੋਲ੍ਹ ਪਾ ਰਹੀ ਹੈ।
2017 ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਖਿਲਾਫ ਸੂਬਾ ਭਰ ਵਿਚ ਅਜਿਹੀ ਲਹਿਰ ਚੱਲੀ ਸੀ ਕਿ 23 ਸੀਟਾਂ 'ਤੇ ਚੋਣਾਂ ਲੜਨ ਵਾਲੀ ਪਾਰਟੀ ਸਿਰਫ ਤਿੰਨ ਆਗੂ ਹੀ ਵਿਧਾਨ ਸਭਾ ਵਿਚ ਪਹੁੰਚਣ ਵਿਚ ਸਫਲ ਰਹੇ। ਮਾਝਾ, ਮਾਲਵਾ ਅਤੇ ਦੋਆਬਾ 'ਚ ਇਕ-ਇਕ ਆਗੂ ਹੀ ਆਪਣਾ ਝੰਡਾ ਲਹਿਰਾਉਣ ਵਿਚ ਸਫਲ ਰਿਹਾ। ਜਦੋਂਕਿ ਕਈ ਵੱਡੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਹਾਰ ਗਏ ਸਨ। ਮਾਝਾ ਤੋਂ ਬਾਜ਼ੀ ਮਾਰੀ ਸੀ ਦਿਨੇਸ਼ ਬੱਬੂ ਨੇ ਜੋ ਲਗਾਤਾਰ ਦੂਜੀ ਵਾਰ ਸੁਜਾਨਪੁਰ ਸੀਟ ਤੋਂ ਜਿੱਤੇ ਸਨ। ਉਥੇ ਮਾਲਵਾ ਤੋਂ ਅਰੁਣ ਨਾਰੰਗ ਨੇ ਬਾਜ਼ੀ ਮਾਰੀ ਸੀ ਜੋ ਅਬੋਹਰ ਸੀਟ ਤੋਂ ਕਾਂਗਰਸ ਦੇ ਵੱਡੇ ਆਗੂ ਸੁਨੀਲ ਜਾਖੜ ਨੂੰ ਹਰਾ ਕੇ ਵਿਧਾਨ ਸਭਾ ਪਹੁੰਚੇ ਸਨ। ਉਥੇ ਦੋਆਬਾ ਤੋਂ ਵਿਜੇ ਸਾਂਪਲਾ ਕੈਂਪ ਦੇ ਵਿਰੋਧ ਵਿਚ ਝੰਡਾ ਬੁਲੰਦ ਕਰਨ ਵਾਲੇ ਸੋਮ ਪ੍ਰਕਾਸ਼ ਲਗਾਤਾਰ ਦੂਜੀ ਵਾਰ ਫਗਵਾੜਾ ਸੀਟ ਤੋਂ ਜਿੱਤ ਕੇ ਵਿਧਾਨ ਸਭਾ ਗਏ ਸਨ ਪਰ ਡੇਢ ਸਾਲ ਬੀਤ ਜਾਣ ਤੋਂ ਬਾਅਦ ਵੀ ਪਾਰਟੀ ਹਾਈਮਾਨ ਇਨ੍ਹਾਂ ਤਿੰਨਾਂ ਵਿਧਾਇਕਾਂ ਵਿਚੋਂ ਵਿਧਾਇਕ ਦਲ ਦਾ ਆਗੂ ਨਹੀਂ ਚੁਣ ਸਕੀ। 

ਵਿਧਾਇਕ ਦਲ ਦਾ ਆਗੂ ਨਾ ਹੋਣ ਕਾਰਨ ਪਾਰਟੀ ਨੂੰ ਵਿਧਾਨ ਸਭਾ 'ਚ ਬੋਲਣ ਦਾ ਮੌਕਾ ਵੀ ਘੱਟ ਹੀ ਮਿਲਦਾ ਹੈ। ਪਹਿਲੇ ਸੈਸ਼ਨ ਵਿਚ ਅਕਾਲੀ ਦਲ ਵਿਧਾਨ ਸਭਾ ਵਿਚ ਪੂਰੀ ਤਰ੍ਹਾਂ ਬਾਜ਼ੀ ਮਾਰ ਕੇ ਲੈ ਗਿਆ ਸੀ ਅਤੇ ਦੂਜੇ ਸੈਸ਼ਨ ਵਿਚ 'ਆਪ' ਆਗੂ ਸੁਖਪਾਲ ਖਹਿਰਾ ਨੇ ਆਪਣੇ ਖੂਬ ਜਲਵੇ ਦਿਖਾਏ ਸਨ ਪਰ ਪਿਛਲੇ ਡੇਢ ਸਾਲ ਤੋਂ ਭਾਜਪਾ ਦਾ ਕੋਈ ਵੀ ਆਗੂ ਸੈਸ਼ਨ ਵਿਚ ਆਪਣੀ ਆਵਾਜ਼ ਬੁਲੰਦ ਕਰਨ ਵਿਚ ਸਫਲ ਨਹੀਂ ਰਿਹਾ। ਵਿਧਾਨ ਸਭਾ ਦੀ ਗੱਲ ਤਾਂ ਛੱਡੀਏ ਵਿਧਾਇਕ ਦਲ ਦਾ ਆਗੂ ਨਾ ਹੋਣ ਕਾਰਨ ਸਰਕਾਰ ਖਿਲਾਫ ਭਾਜਪਾ ਬਾਹਰ ਵੀ ਕੋਈ ਮੋਰਚਾ ਨਹੀਂ ਖੋਲ੍ਹ ਸਕੀ। ਪੰਜਾਬ ਵਿਚ ਤਾਂ ਇੰਝ ਲੱਗ ਰਿਹਾ ਹੈ ਕਿ ਜਿਵੇਂ ਭਾਜਪਾ ਪੂਰੀ ਤਰ੍ਹਾਂ ਅਕਾਲੀ ਦਲ ਦੀ ਪਿਛਲਗ ਬਣ ਕੇ ਰਹਿ ਗਈ ਹੈ। ਅਕਾਲੀ ਦਲ ਵਲੋਂ ਲਏ ਗਏ ਫੈਸਲਿਆਂ 'ਤੇ ਹੀ ਭਾਜਪਾ ਸਿਰਫ ਮੋਹਰ ਲਾਉਂਦਿਆਂ ਨਜ਼ਰ ਆਉਂਦੀ ਹੈ।ਵਿਧਾਨ ਸਭਾ ਚੋਣਾਂ 'ਚ ਬੁਰੀ ਤਰ੍ਹਾਂ ਹਾਰਨ ਵਾਲੇ ਭਾਜਪਾ ਦੇ ਆਗੂ ਚੁੱਪ ਕਰ ਕੇ ਘਰਾਂ ਵਿਚ ਬੈਠ ਗਏ ਹਨ। ਇੱਕਾ-ਦੁੱਕਾ ਆਗੂ ਹੀ ਆਪਣੇ ਇਲਾਕਿਆਂ ਵਿਚ ਸਰਗਰਮ ਹਨ, ਜ਼ਿਆਦਾਤਰ ਨੇ ਸੱਤਾਧਾਰੀ ਕਾਂਗਰਸ ਦੇ ਅੱਗੇ ਸਰੰਡਰ ਕਰ ਦਿੱਤਾ ਹੈ। ਭਾਜਪਾ ਪਿਛਲੇ ਡੇਢ ਸਾਲ 'ਚ ਆਪਣੇ ਪੱਧਰ 'ਤੇ ਪੰਜਾਬ ਵਿਚ ਇਕ ਵੀ ਅਜਿਹਾ ਮੁੱਦਾ ਨਹੀਂ ਉਠਾ ਸਕੀ, ਜਿਸ ਨਾਲ ਆਉਣ ਵਾਲੀਆਂ 2019 ਲੋਕ ਸਭਾ ਚੋਣਾਂ ਵਿਚ ਫਾਇਦਾ ਮਿਲ ਸਕੇ। ਇਹ ਹੀ ਕਾਰਨ ਹੈ ਕਿ ਭਾਜਪਾ ਦੇ ਅੰਦਰੂਨੀ ਸਰਵੇ ਵਿਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਵਿਚ ਪਾਰਟੀ ਦੀ ਸਥਿਤੀ ਬੇਹੱਦ ਕਮਜ਼ੋਰ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਇਥੋਂ ਕੋਈ ਵੀ ਸੀਟ ਜਿੱਤਣ ਦੀ ਸਮਰੱਥਾ ਨਹੀਂ ਰੱਖਦਾ।

ਸਾਬਕਾ ਪ੍ਰਧਾਨ ਦੀ ਧੜੇਬਾਜ਼ੀ ਨੇ ਵੀ ਪਹੁੰਚਾਇਆ ਨੁਕਸਾਨ
ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਦੀ ਅਗਵਾਈ 'ਚ ਪਾਰਟੀ ਸੂਬੇ 'ਚ ਧੜੇਬਾਜ਼ੀ ਦਾ ਸ਼ਿਕਾਰ ਹੋ ਗਈ ਸੀ। ਸਾਰੇ ਜ਼ਿਲਿਆਂ 'ਚ ਧੜੇਬਾੜੀ ਹਾਵੀ ਹੋਣ ਲੱਗੀ ਸੀ। ਕੁਝ ਛੋਟੇ ਆਗੂਆਂ ਨੂੰ ਵੱਡੇ ਆਗੂਆਂ ਦੇ ਸਿਰ 'ਤੇ ਬਿਠਾ ਦਿੱਤਾ ਗਿਆ ਸੀ, ਜਿਸ ਤੋਂ ਪਾਰਟੀ ਦੇ ਜ਼ਿਆਦਾਤਰ ਆਗੂ ਖੁਸ਼ ਨਹੀਂ ਸਨ। ਹੁਣ ਹੌਲੀ-ਹੌਲੀ ਨਵੇਂ ਸੂਬਾਈ ਪ੍ਰਧਾਨ ਸ਼ਵੇਤ ਮਲਿਕ ਇਸ ਧੜੇਬਾਜ਼ੀ ਨੂੰ ਖਤਮ ਕਰਕੇ ਪਾਰਟੀ ਨੂੰ ਦੁਬਾਰਾ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।


Related News