ਪੰਜਾਬ ਉਰਦੂ ਅਕਾਦਮੀ ਅਤੇ ਪੰਜਾਬ ਕੇਸਰੀ ਨੇ ਕਰਵਾਇਆ ਤ੍ਰੈ-ਭਾਸ਼ੀ ਮੁਸ਼ਾਇਰਾ

10/2/2019 12:21:13 PM

ਜਲੰਧਰ (ਅਲੀ)—ਪੰਜਾਬ 'ਚ ਉਰਦੂ ਜ਼ੁਬਾਨ ਨੂੰ ਹੱਲਾਸ਼ੇਰੀ ਦੇਣ ਲਈ ਪੰਜਾਬ ਉਰਦੂ ਅਕਾਦਮੀ ਨੇ ਉੱਤਰ ਭਾਰਤ ਦੇ ਮਸ਼ਹੂਰ ਅਖਬਾਰ 'ਪੰਜਾਬ ਕੇਸਰੀ' ਗਰੁੱਪ ਅਤੇ ਸਾਹਿਤ ਸੰਗਮ ਦੇ ਸਹਿਯੋਗ ਨਾਲ 'ਪੰਜਾਬ ਕੇਸਰੀ' ਭਵਨ 'ਚ ਇਕ ਸ਼ਾਨਦਾਰ ਤ੍ਰੈ-ਭਾਸ਼ੀ ਮੁਸ਼ਾਇਰੇ ਦਾ ਆਯੋਜਨ ਕੀਤਾ। ਇਸ 'ਚ ਪੰਜਾਬ ਦੇ ਸਿਰਕੱਢ ਸ਼ਾਇਰਾਂ ਤੇ ਕਵੀਆਂ ਨੇ ਉਰਦੂ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ 'ਚ ਆਪਣਾ-ਆਪਣਾ ਕਲਾਮ ਪੇਸ਼ ਕਰ ਕੇ ਸਰੋਤਿਆਂ ਨੂੰ ਕੀਲਿਆ। ਇਹ ਮੁਸ਼ਾਇਰਾ 'ਪੰਜਾਬ ਕੇਸਰੀ' ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਹੇਠ ਆਯੋਜਿਤ ਹੋਇਆ। ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਾਮਲ ਹੋਏ।

ਉਰਦੂ ਅਕਾਦਮੀ ਦੇ ਸਕੱਤਰ ਅਤੇ ਐੱਸ. ਡੀ. ਐੱਮ. ਫਗਵਾੜਾ ਲਤੀਫ ਅਹਿਮਦ ਥਿੰਦ ਨੇ ਵਿਸ਼ੇਸ਼ ਮਹਿਮਾਨ ਵਜੋਂ ਹਿੱਸਾ ਲਿਆ। ਇਸ ਮੌਕੇ ਅਵਨੀਸ਼ ਅਰੋੜਾ, ਪ੍ਰਿੰਸ ਅਸ਼ੋਕ ਗਰੋਵਰ, ਵਿਨੋਦ ਅਗਰਵਾਲ, ਯਸ਼ਪਾਲ ਸਿੰਘ ਧੀਮਾਨ ਅਤੇ ਪਵਨ ਕੁਮਾਰ ਭੋਡੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।ਮੁਸ਼ਾਇਰੇ ਦੀ ਸ਼ੁਰੂਆਤ ਸਾਹਿਤ ਸੰਗਮ ਦੇ ਪ੍ਰਧਾਨ ਵਰਿੰਦਰ ਸ਼ਰਮਾ ਯੋਗੀ ਵਲੋਂ ਆਪਣੀ ਮਿੱਠੀ ਭਾਸ਼ਾ 'ਚ ਕੀਤੇ ਗਏ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਉਰਦੂ ਅਕਾਦਮੀ ਉਰਦੂ ਨੂੰ ਹੱਲਾਸ਼ੇਰੀ ਦੇਣ ਲਈ ਭਰਪੂਰ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ ਉੱਤਰ ਭਾਰਤ ਦੇ ਮਸ਼ਹੂਰ ਅਖਬਾਰ ਹਿੰਦ ਸਮਾਚਾਰ ਨੇ ਪੰਜਾਬ ਵਿਚ ਉਰਦੂ ਦੀ ਹੋਂਦ ਨੂੰ ਬਚਾਈ ਰੱਖਣ ਲਈ ਅਹਿਮ ਕੰਮ ਕੀਤਾ ਹੈ।

ਇਸ ਮੌਕੇ ਸ਼੍ਰੀ ਯੋਗੀ ਨੇ ਇਸ ਮੌਕੇ ਸ਼ਾਮਲ ਹੋਣ ਵਾਲੇ ਸ਼ਾਇਰਾਂ ਦੀ ਜਾਣ-ਪਛਾਣ ਕਰਾਉਂਦੇ ਹੋਏ ਕਿਹਾ ਕਿ ਇਹ ਪਹਿਲਾ ਮੌਕਾ ਹੈ, ਜਦੋਂ ਉਰਦੂ ਅਕਾਦਮੀ ਨੇ 'ਪੰਜਾਬ ਕੇਸਰੀ' ਅਤੇ ਸਾਹਿਤ  ਸੰਗਮ ਨਾਲ ਤਾਲਮੇਲ ਕਰ ਕੇ ਮੁਸ਼ਾਇਰਾ ਕਰਵਾਇਆ ਹੈ ਅਤੇ ਉਰਦੂ ਅਦਬ ਦੇ ਨਾਲ-ਨਾਲ ਹਿੰਦੀ ਅਤੇ ਪੰਜਾਬੀ ਸਾਹਿਤ ਨਾਲ ਸਬੰਧ ਰੱਖਣ ਵਾਲੇ ਸ਼ਾਇਰਾਂ ਨੂੰ ਅੱਗੇ ਲਿਜਾਣ ਲਈ ਅਹਿਮ ਕਿਰਦਾਰ ਅਦਾ ਕੀਤਾ।

ਇਸ ਮੌਕੇ 'ਪੰਜਾਬ ਕੇਸਰੀ' ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਉਰਦੂ ਅਕਾਦਮੀ ਨੇ ਇਥੇ ਪੰਜਾਬ ਕੇਸਰੀ ਨਾਲ ਮਿਲ ਕੇ ਮੁਸ਼ਾਇਰਾ ਆਯੋਜਿਤ ਕੀਤਾ। ਉਹ ਜਦੋਂ ਪਾਕਿਸਤਾਨ ਤੋਂ ਇਥੇ ਆਏ ਸਨ ਤਾਂ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੇ ਉਰਦੂ ਭਾਸ਼ਾ 'ਚ 'ਹਿੰਦ ਸਮਾਚਾਰ' ਸ਼ੁਰੂ ਕੀਤਾ ਸੀ। ਅੱਜ ਉਸ ਦੇ ਪਾਠਕ ਭਾਵੇਂ ਬਹੁਤ ਘੱਟ ਹਨ ਪਰ ਫਿਰ ਵੀ ਅਖਬਾਰ ਨੂੰ ਜਾਰੀ ਰੱਖਣਾ ਮੇਰਾ ਮੁੱਖ ਮਕਸਦ ਹੈ। ਸ਼੍ਰੀ ਵਿਜੇ ਚੋਪੜਾ ਜੀ ਨੇ ਇਕ ਲੋਕਪ੍ਰਿਯ ਸ਼ੇਅਰ-'ਕਾਂਟੋਂ ਕੋ ਪਿਆਰ ਕੀਆ ਹੈ ਕਭੀ-ਕਭੀ, ਫੂਲੋਂ ਕੋ ਸ਼ਰਮਸਾਰ ਕੀਆ ਹੈ ਮੈਂਨੇ ਕਭੀ-ਕਭੀ' ਨਾਲ ਸੰਬੋਧਨ ਕਰਦੇ ਹੋਏ ਕਿਹਾ ਕਿ ਉਰਦੂ ਜ਼ੁਬਾਨ ਦੇ ਪ੍ਰੇਮੀ ਉਰਦੂ ਸਾਹਿਤ ਨੂੰ ਜਿਊਂਦਾ ਰੱਖਣ ਲਈ ਮਿਲ ਕੇ ਚੰਗਾ ਕੰਮ ਕਰਨ। ਇਸ ਮੌਕੇ ਉਰਦੂ ਅਕਾਦਮੀ ਵਲੋਂ ਸ਼੍ਰੀ ਵਿਜੇ ਚੋਪੜਾ ਜੀ ਅਤੇ ਡੀ. ਸੀ. ਜਲੰਧਰ ਸ਼੍ਰੀ ਵਰਿੰਦਰ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਮੁਸ਼ਾਇਰੇ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਲਈ ਬੇਹੱਦ ਖਾਸ ਹੈ ਕਿ ਅਜਿਹੀ ਉਪਜਾਊ ਜ਼ਮੀਨ 'ਤੇ ਇਹ ਪ੍ਰੋਗਰਾਮ ਹੋਇਆ, ਜਿਸ ਦੇ ਪਰਿਵਾਰ ਦੀ ਸ਼ਹਾਦਤ ਨੂੰ ਕਿਸੇ ਕੀਮਤ 'ਤੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਹਰ ਖੇਤਰ ਵਿਚ ਲੋਕਾਂ ਦੀ ਸੇਵਾ ਕਰ ਰਿਹਾ ਹੈ ਭਾਵੇਂ ਉਹ ਸਮਾਜ ਸੇਵਾ ਹੋਵੇ ਜਾਂ ਸਾਹਿਤ ਵਿਭਾਗ। ਉਨ੍ਹਾਂ ਵਿਸ਼ੇਸ਼ ਤੌਰ 'ਤੇ 'ਜਹਾਂ ਨਾ ਪਹੁੰਚੇ ਰਵੀ, ਵਹਾਂ ਪਹੁੰਚੇ ਕਵੀ' ਦੀ ਉਦਾਹਰਣ ਦਿੰਦਿਆਂ ਕਿਹਾ ਕਿ ਅੱਜ ਦਾ ਪ੍ਰੋਗਰਾਮ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਸਾਹਿਤ ਦੀ ਮਹਿਫਲ 'ਚ ਕਵੀ ਆਪਣੀ ਭਾਸ਼ਾ ਵਿਚ ਵੱਡੀਆਂ-ਵੱਡੀਆਂ ਗੱਲਾਂ ਕਹਿ ਕੇ ਲੋਕਾਂ ਨੂੰ ਚੰਗਿਆਈ ਦਾ ਸੰਦੇਸ਼ ਦਿੰਦੇ ਹਨ। ਇਸ ਤਰ੍ਹਾਂ ਦੇ ਪ੍ਰ੍ਰੋਗਰਾਮ ਕਰਾਉਂਦੇ ਰਹਿਣਾ ਚਾਹੀਦਾ ਹੈ, ਜਿਨ੍ਹਾਂ ਨਾਲ ਸਮਾਜ ਵਿਚ ਆਪਸੀ ਭਾਈਚਾਰੇ ਨੂੰ ਮਜ਼ਬੂਤੀ ਮਿਲੇ।

ਇਸ ਮੌਕੇ ਉਰਦੂ ਅਕਾਦਮੀ ਦੇ ਸਕੱਤਰ ਲਤੀਫ ਅਹਿਮਦ ਥਿੰਦ ਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਕਿਹਾ ਕਿ ਉਹ ਬੇਹੱਦ ਸ਼ੁਕਰਗੁਜ਼ਾਰ ਹਨ ਸ਼੍ਰੀ ਵਿਜੇ ਚੋਪੜਾ ਜੀ ਦੇ, ਜਿਨ੍ਹਾਂ ਨੇ ਉਰਦੂ ਅਕਾਦਮੀ ਨੂੰ ਉਤਸ਼ਾਹਿਤ ਕਰਨ ਲਈ ਇਥੇ ਆ ਕੇ ਕਵੀਆਂ ਦਾ ਹੌਸਲਾ ਵਧਾਇਆ। ਉਨ੍ਹਾਂ ਕਿਹਾ ਕਿ ਇਹ ਅਕਾਦਮੀ ਹਿੰਦ ਸਮਾਚਾਰ ਵਾਂਗ ਉਰਦੂ ਨੂੰ ਹੱਲਾਸ਼ੇਰੀ ਦੇਣ ਲਈ ਆਪਣਾ ਕੰਮ ਕਰਦੀ ਰਹੇਗੀ।

ਇਸ ਤ੍ਰੈ-ਭਾਸ਼ੀ ਮੁਸ਼ਾਇਰੇ ਦੀ ਸ਼ੁਰੂਆਤ ਪ੍ਰੋ. ਡਾਕਟਰ ਮੁਹੰਮਦ ਰਫੀ, ਸਾਬਕਾ ਡਿਪਟੀ ਡਾਇਰੈਕਟਰ ਡੀ. ਪੀ. ਆਈ. ਕਾਲਜਿਜ਼ ਨੇ ਆਪਣੇ ਸ਼ਾਨਦਾਰ ਅੰਦਾਜ਼ ਵਿਚ ਉਰਦੂ, ਹਿੰਦੀ ਤੇ ਸਿੰਧੀ ਭਾਸ਼ਾ ਵਿਚ ਸ਼ੇਅਰ ਪੇਸ਼ ਕਰ ਕੇ ਕੀਤੀ, ਜਿਨ੍ਹਾਂ ਨੂੰ ਮਹਿਮਾਨਾਂ ਅਤੇ ਦਰਸ਼ਕਾਂ ਨੇ ਖੂਬ ਸਲਾਹਿਆ। ਸ਼੍ਰੀ ਵਿਜੇ ਚੋਪੜਾ ਨੇ ਇਸ ਮੌਕੇ ਸ਼੍ਰੀਮਤੀ ਅਕਬੀਰ ਕੌਰ ਅਤੇ ਮੁਖਵਿੰਦਰ ਸਿੰਧੂ ਨੂੰ ਸਨਮਾਨਿਤ ਕੀਤਾ। ਮੁਸ਼ਾਇਰੇ ਦਾ ਆਗਾਜ਼ ਸ਼ਮ੍ਹਾ ਰੌਸ਼ਨ ਕਰਨ ਨਾਲ ਹੋਇਆ ਤੇ ਸਭ ਤੋਂ ਪਹਿਲਾਂ ਸੁਰਿੰਦਰ ਗੁਲਸ਼ਨ ਨੇ ਗ਼ਜ਼ਲਾਂ ਪੇਸ਼ ਕੀਤੀਆਂ।

ਇਸ ਮੁਸ਼ਾਇਰੇ 'ਚ ਸਾਹਿਤ ਸੰਗਮ ਦੇ ਚੇਅਰਮੈਨ ਸੁਰਜੀਤ ਸਿੰਘ, ਜੋਗਿੰਦਰ ਕਿਸ਼ਨ ਸ਼ਰਮਾ, ਅਸ਼ੋਕ ਸ਼ਰਮਾ, ਜਨਰਲ ਸਕੱਤਰ ਸੁਨੀਲ ਕਪੂਰ, ਸਾਹਿਤ ਸਕੱਤਰ ਪਰਮਦਾਸ ਹੀਰ, ਸੋਮੇਸ਼ ਆਨੰਦ ਅਤੇ ਭਰਤ ਅਰੋੜਾ ਨੇ ਮੁਸ਼ਾਇਰੇ ਦੀ ਸਫਲਤਾ 'ਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਉਥੇ ਹੀ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਆਏ ਕਵੀਆਂ ਤੇ ਸ਼ਾਇਰਾਂ ਨੇ ਤਿੰਨਾਂ ਭਾਸ਼ਾਵਾਂ 'ਚ ਆਪਣੇ ਕਲਾਮ ਪੇਸ਼ ਕੀਤੇ।

ਇਸ ਮੌਕੇ ਵਿਸ਼ੇਸ਼ ਤੌਰ 'ਤੇ ਨਿਊਯਾਰਕ ਤੋਂ ਆਏ ਸ਼੍ਰੀਮਤੀ ਸੁਧਾ ਤਲਵਾੜ, ਕੇ. ਐੱਲ. ਤਲਵਾੜ, ਇੰਜੀਨੀਅਰ ਰਾਜੇਸ਼ ਭਗਤ, ਜੈਦੇਵ ਮਲਹੋਤਰਾ, ਜਤਿੰਦਰ ਸ਼ਰਮਾ, ਅਨੂ ਗੁਪਤਾ, ਸੰਤੋਸ਼ ਵਰਮਾ, ਬੀਨਾ ਮਹਾਜਨ, ਅੰਜੂ ਲੂੰਬਾ, ਰੀਨਾ ਸ਼ਰਮਾ, ਰੀਮਾ ਸਚਦੇਵ, ਰਜਨੀ ਸੂਦ, ਸੁਭਾਸ਼ ਅਰੋੜਾ, ਰਮੇਸ਼ ਸ਼ਰਮਾ, ਵਿਵੇਕ ਸੋਨੀ, ਬਿਸ਼ਨ ਦਾਸ, ਚੰਦਰ ਪ੍ਰਕਾਸ਼, ਐੱਮ. ਐੱਸ. ਸ਼ਰਮਾ, ਉਦੈ ਚੰਦਰ, ਰਾਜਪਾਲ ਕੌਰ, ਕਮਲਜੀਤ ਕੌਰ, ਰਾਜ ਕੁਮਾਰ ਕਪੂਰ, ਮਦਨ ਲਾਲ ਨਾਹਰ, ਰਮੇਸ਼ ਗਰੇਵਾਲ, ਜੱਬਾਰ ਖਾਨ, ਅਖਤਰ ਸਲਮਾਨੀ, ਆਬਿਦ ਹਸਨ ਸਲਮਾਨੀ, ਅਕਬਰ ਅਲੀ, ਸਈਦ ਯਾਕੂਬ ਹੁਸੈਨ ਨਕਵੀ, ਰਾਮ ਸਰਨ, ਐਡਵੋਕੇਟ ਮੁਖਤਾਰ ਮੁਹੰਮਦ ਸ਼ਾਮਲ ਸਨ।


Shyna

Edited By Shyna