ਅੱਜ ਚੱਲਣਗੀਆਂ ਸਰਕਾਰੀ ਬੱਸਾਂ: ਹੜਤਾਲ ਨਾਲ ਲੱਖਾਂ ਮੁਸਾਫ਼ਿਰ ਪ੍ਰੇਸ਼ਾਨ, ਕਰੋੜਾਂ ਦਾ ਕੁਲੈਕਸ਼ਨ ਲਾਸ
Monday, Aug 15, 2022 - 02:28 PM (IST)

ਜਲੰਧਰ (ਪੁਨੀਤ)- ਪੱਕੇ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ’ਤੇ ਗਏ ਪਨਬੱਸ-ਪੀ.ਆਰ. ਟੀ. ਸੀ. ਠੇਕਾ ਕਰਮਚਾਰੀਆਂ ਦੀ ਹੜਤਾਲ ਕਾਰਨ ਲੱਖਾਂ ਮੁਸਾਫ਼ਿਰ ਪ੍ਰੇਸ਼ਾਨ ਰਹੇ ਅਤੇ ਵਿਭਾਗ ਨੂੰ ਕਰੋੜਾਂ ਰੁਪਏ ਦਾ ਕੁਲੈਕਸ਼ਨ ਲਾਸ ਉਠਾਉਣਾ ਪਿਆ। ਦੇਰ ਸ਼ਾਮ ਹੜਤਾਲ ਵਾਪਸ ਲੈ ਲਈ ਗਈ, ਜਿਸ ਕਾਰਨ ਸੋਮਵਾਰ ਨੂੰ ਸਰਕਾਰੀ ਬੱਸਾਂ ਰੁਟੀਨ ਦੀ ਤਰ੍ਹਾਂ ਚੱਲਣਗੀਆਂ। ਪਹਿਲੀ ਵਾਰ ਮੁੱਖ ਮੰਤਰੀ ਦਫ਼ਤਰ ਤੋਂ ਮੀਟਿੰਗ ਦਾ ਸੱਦਾ ਆਉਣ ਕਾਰਨ ਹੜਤਾਲ ਨੂੰ ਰੱਦ ਕੀਤਾ ਗਿਆ। ਕਰਮਚਾਰੀਆਂ ਦਾ ਦੋ-ਟੁੱਕ ਕਹਿਣਾ ਹੈ ਕਿ ਜੇਕਰ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ’ਚ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੁੜ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਵਾਰ ਅਣਮਿੱਥੇ ਸਮੇਂ ਲਈ ਬੱਸਾਂ ਦੀ ਆਵਾਜਾਈ ਰੋਕ ਦਿੱਤੀ ਜਾਵੇਗੀ।
ਲਗਭਗ 6600 ਕਰਮਚਾਰੀਆਂ ਦੇ ਸ਼ਨੀਵਾਰ ਰਾਤੀਂ 12 ਵਜੇ ਤੋਂ ਹੜਤਾਲ ’ਤੇ ਜਾਣ ਕਾਰਨ ਐਤਵਾਰ ਸਵੇਰ ਤੋਂ 3000 ਦੇ ਲਗਭਗ ਬੱਸਾਂ ਬੰਦ ਰਹੀਆਂ ਅਤੇ ਮੁਸਾਫ਼ਿਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਤੋਂ ਬਾਹਰ ਜਾਣ ਵਾਲੇ ਮੁਸਾਫਿਰਾਂ ਨੂੰ ਸਭ ਤੋਂ ਵੱਧ ਮੁਸ਼ਕਿਲਾਂ ਪੇਸ਼ ਆਈਆਂ। ਸਵੇਰੇ ਸਭ ਤੋਂ ਪਹਿਲਾਂ ਸ਼ੁਰੂ ਹੋਣ ਵਾਲੀ ਦਿੱਲੀ, ਹਿਮਾਚਲ ਆਦਿ ਦੀ ਆਵਾਜਾਈ ਬੰਦ ਹੋਣ ਕਾਰਨ ਕਈ ਮੁਸਾਫ਼ਿਰਾਂ ਨੂੰ ਨਿਰਾਸ਼ ਹੋ ਕੇ ਘਰਾਂ ਨੂੰ ਵਾਪਸ ਮੁੜਨਾ ਪਿਆ। ਜਿਹੜੇ ਲੋਕਾਂ ਨੇ ਬੱਸਾਂ ਜ਼ਰੀਏ ਬਾਹਰ ਟੂਰ ਆਦਿ ’ਤੇ ਜਾਣ ਦਾ ਪ੍ਰੋਗਰਾਮ ਬਣਾਇਆ ਸੀ, ਉਨ੍ਹਾਂ ਨੂੰ ਘੰਟਿਆਬੱਧੀ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਦੀ ਉਡੀਕ ਕਰਨੀ ਪਈ। ਐਤਵਾਰ ਹੋਣ ਕਾਰਨ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਘੱਟ ਹੁੰਦੀ ਹੈ ਪਰ ਹੜਤਾਲ ਕਾਰਨ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਵੱਧ ਬੱਸਾਂ ਚਲਾਈਆਂ ਪਰ ਇਸ ਦੇ ਬਾਵਜੂਦ ਮੁਸਾਫਿਰਾਂ ਦੀ ਡਿਮਾਂਡ ਪੂਰੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ: ਕਪੂਰਥਲਾ ਵਿਖੇ ਡੂੰਘੇ ਨਾਲੇ 'ਚ ਡਿੱਗੇ ਡੇਢ ਸਾਲਾ ਬੱਚੇ ਦੀ ਲਾਸ਼ ਬਰਾਮਦ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਰਾਤ ਨੂੰ ਡਿਪੂ ’ਚ ਰੁਕੇ ਪਨਬੱਸ-ਪੀ. ਆਰ. ਟੀ. ਸੀ. ਯੂਨੀਅਨ ਦੇ ਕਰਮਚਾਰੀ ਸਵੇਰੇ 7 ਵਜੇ ਧਰਨੇ ’ਤੇ ਬੈਠ ਗਏ ਅਤੇ ਡਿਪੂ ਦੇ ਅੰਦਰੋਂ ਪਨਬੱਸ ਦੀਆਂ ਬੱਸਾਂ ਨੂੰ ਬਾਹਰ ਲਿਜਾਣ ਤੋਂ ਰੋਕ ਦਿੱਤਾ। ਜਲੰਧਰ ’ਚ ਕੁਝ ਕੁ ਸਰਕਾਰੀ ਡਰਾਈਵਰ ਹੋਣ ਕਾਰਨ ਰੋਡਵੇਜ਼ ਦੀਆਂ ਥੋੜ੍ਹੀਆਂ ਬੱਸਾਂ ਹੀ ਚੱਲ ਸਕੀਆਂ। ਛੁੱਟੀ ਵਾਲੇ ਦਿਨ ਹੜਤਾਲ ਕਾਰਨ ਮੁਸਾਫਿਰਾਂ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਗਈਆਂ ਕਿਉਂਕਿ ਲੋਕ ਆਪਣੇ ਘਰਾਂ ਨੂੰ ਵਾਪਸ ਨਹੀਂ ਜਾ ਸਕੇ।
ਧਰਨੇ ’ਤੇ ਬੈਠੇ ਯੂਨੀਅਨ ਦੀ ਸੂਬਾਈ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਜੱਲੇਵਾਲ, ਡਿਪੂ-1 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ ਅਤੇ ਡਿਪੂ-2 ਦੇ ਪ੍ਰਧਾਨ ਸਤਪਾਲ ਸਿੰਘ ਸੱਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਪੱਕਾ ਕਰਨ ਦਾ ਵਾਅਦਾ ਕੀਤਾ ਸੀ। ਸਰਕਾਰ ਬਣੀ ਨੂੰ 3-4 ਮਹੀਨੇ ਹੋ ਚੁੱਕੇ ਹਨ ਪਰ ਉਨ੍ਹਾਂ ਨੂੰ ਪੱਕਾ ਕਰਨ ਦੀ ਫਾਈਲ ਅੱਗੇ ਨਹੀਂ ਵਧ ਸਕੀ। ਇਸ ਕਾਰਨ ਕਰਮਚਾਰੀਆਂ ’ਚ ਰੋਸ ਵਧਦਾ ਜਾ ਰਿਹਾ ਹੈ ਅਤੇ ਹੜਤਾਲ ਕਰਨ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਬਦਲ ਨਹੀਂ ਹੈ। ਕਰਮਚਾਰੀਆਂ ਦੇ ਹੜਤਾਲ ਵਾਪਸ ਲੈਣ ਦੇ ਬਾਵਜੂਦ ਬੱਸਾਂ ਦੀ ਆਵਾਜਾਈ ਰਾਤ ਤੱਕ ਬੰਦ ਰਹੀ। ਬੁਲਾਰਿਆਂ ਨੇ ਕਿਹਾ ਕਿ ਸੋਮਵਾਰ ਸਵੇਰ ਤੋਂ ਆਵਾਜਾਈ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸ੍ਰੀ ਆਨੰਦਪੁਰ ਸਾਹਿਬ ਵਿਖੇ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਸਕਾਊਟ ਕਮਿਸ਼ਨਰ ਦੀ ਮੌਤ
ਸਾਰਾ ਦਿਨ ਯੂਨੀਅਨ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਅਧਿਕਾਰੀ
ਐਤਵਾਰ ਸਵੇਰ ਤੋਂ ਰੋਡਵੇਜ਼ ਅਧਿਕਾਰੀ ਯੂਨੀਅਨ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ। ਇਸ ਸਬੰਧ ’ਚ ਯੂਨੀਅਨ ਦੀ ਸੂਬਾਈ ਇਕਾਈ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਜਲੰਧਰ ਤੋਂ ਸੀਨੀਅਰ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਪਰ ਕਿਸੇ ਨੇ ਗੱਲ ਨਹੀਂ ਮੰਨੀ। ਯੂਨੀਅਨ ਦੇ ਬੁਲਾਰਿਆਂ ਨੇ ਕਿਹਾ ਕਿ ਹਰ ਵਾਰ ਸਥਾਨਕ ਅਧਿਕਾਰੀਆਂ ਵੱਲੋਂ ਮੀਟਿੰਗ ਦੀ ਗੱਲ ਕਹੀ ਜਾਂਦੀ ਹੈ ਪਰ ਚੰਡੀਗੜ੍ਹ ’ਚ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਹੋ ਪਾਉਂਦੀ। ਸ਼ਾਮ ਤੱਕ ਇਸੇ ਤਰ੍ਹਾਂ ਘਟਨਾਚੱਕਰ ਚੱਲਦਾ ਰਿਹਾ। ਉਪਰੰਤ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦਫ਼ਤਰ ਤੋਂ ਡਿਪਟੀ ਸੈਕਟਰੀ ਟੂ ਚੀਫ ਮਨਿਸਟਰ ਵੱਲੋਂ 18 ਅਗਸਤ ਦੀ ਮੀਟਿੰਗ ਸਬੰਧੀ ਪੱਤਰ ਜਾਰੀ ਕੀਤਾ ਗਿਆ, ਜਿਸ ਤੋਂ ਬਾਅਦ ਕਰਮਚਾਰੀਆਂ ਨੇ ਹੜਤਾਲ ਨੂੰ ਫਿਲਹਾਲ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਦੀਆਂ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ